ਰੁੱਖ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: drtanda193@gmail.com
Phone: +61 412913021
Address:
Sydney Australia
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੁੱਖ ਸਿਰਫ਼ ਲੱਕੜ ਨਹੀਂ ਹੁੰਦਾ,
ਉਹ ਧਰਤੀ ਦੀ ਲੰਮੀ ਉਮਰ ਦਾ
ਹਰਿਆ ਭਰਿਆ ਦਸਤਖ਼ਤ ਹੁੰਦਾ ਹੈ

 

ਮਿੱਟੀ ਦੇ ਸੀਨੇ ਵਿੱਚ ਗੱਡੀਆਂ
ਅਦਿੱਖ ਉਂਗਲਾਂ ਨਾਲ
ਸਮੇਂ ਦੀ ਨਬਜ਼ ਟਟੋਲਦਾ ਹੈ ਉਹ

 

ਉਸ ਦੀਆਂ ਜੜ੍ਹਾਂ—
ਧਰਤੀ ਦੇ ਅੰਦਰ ਲਿਖੀਆਂ
ਚੁੱਪ ਕਵਿਤਾਵਾਂ ਹਨ
ਜਿਨ੍ਹਾਂ ਨੂੰ ਕੇਵਲ ਮੀਂਹ ਹੀ ਪੜ੍ਹ ਸਕਦਾ ਹੈ

 

ਉਹ ਖੜ੍ਹਾ ਰਹਿੰਦਾ ਹੈ
ਜਿਵੇਂ ਕੋਈ ਸੰਤ
ਸਦੀਆਂ ਤੋਂ ਇੱਕੋ ਅਰਦਾਸ ਵਿੱਚ
ਲੀਨ ਹੋਵੇ
ਅਤੇ ਪੱਤੇ ਉਸ ਦੀ ਮਾਲਾ ਦੇ ਹਰੇ ਮਣਕੇ
ਹਵਾ ਦੇ ਹੋਠਾਂ ਉੱਤੇ
ਵਾਹਿਗੁਰੂ ਵਾਂਗ ਖੜਕਦੇ ਰਹਿੰਦੇ ਹਨ

 

ਰੁੱਖ ਧੁੱਪ ਦਾ ਅਨੁਵਾਦ ਕਰਦਾ ਹੈ
ਹਵਾ ਨੂੰ ਸਾਹ ਬਣਾਉਂਦਾ ਹੈ
ਪੰਛੀਆਂ ਦੇ ਡਰਾਂ ਪਰਾਂ ਨੂੰ
ਆਪਣੀ ਛਾਂ ਵਿੱਚ ਆਲਣਾ ਦਿੰਦਾ ਹੈ
ਜਦੋਂ ਕੋਈ ਥੱਕਿਆ ਮਨੁੱਖ
ਉਸ ਹੇਠ ਬਹਿੰਦਾ ਹੈ,
ਰੁੱਖ ਆਪਣੇ ਤਣੇ ਦੀਆਂ ਨਸਾਂ ਵਿੱਚੋਂ
ਇਕ ਅਦਿੱਖ ਠੰਡਕ
ਉਸ ਦੀ ਰੂਹ ਵਿੱਚ ਵਿਛਾਉਦਾ ਹੈ

 

ਕਿੰਨਾ ਅਜੀਬ ਹੈ—
ਮਨੁੱਖ ਤੁਰ ਸਕਦਾ ਹੈ
ਫਿਰ ਵੀ ਬੇਚੈਨ ਹੈ
ਰੁੱਖ ਤੁਰ ਨਹੀਂ ਸਕਦਾ,
ਫਿਰ ਵੀ ਅਸਮਾਨ ਤੱਕ ਪਹੁੰਚ ਜਾਂਦਾ ਹੈ
ਰੁੱਖ
ਧਰਤੀ ਦਾ ਉਹ ਫ਼ਕੀਰ ਹੈ
ਜੋ ਕਦੇ ਭਿੱਖ ਨਹੀਂ ਮੰਗਦਾ,
ਪਰ ਸਾਰੀ ਉਮਰ
ਛਾਂ, ਸਾਹ, ਫ਼ਲ, ਫੁੱਲ
ਅਤੇ ਚਿੜੀਆਂ ਦੇ ਘਰ ਵੰਡਦਾ ਹੈ

 

ਜਦੋਂ ਕੁਹਾੜੀ ਉਸ ਦੇ ਜਿਸਮ ਵਿੱਚ ਡੁੱਬਦੀ ਹੈ
ਤਾਂ ਕੇਵਲ ਲੱਕੜ ਨਹੀਂ ਚੀਰਦੀ—
ਉਹ ਮੌਸਮਾਂ ਦੀਆਂ ਰਗਾਂ ਕੱਟਦੀ ਹੈ
ਹਵਾਵਾਂ ਦੀ ਜ਼ਬਾਨ ਜਖ਼ਮੀ ਕਰਦੀ ਹੈ,
ਅਤੇ ਧਰਤੀ ਦੀਆਂ ਅੱਖਾਂ ਵਿੱਚ
ਬੁਰਾਦੇ ਵਰਗਾ ਦੁੱਖ ਭਰ ਦਿੰਦੀ ਹੈ

 

ਹਰ ਡਿੱਗਦਾ ਰੁੱਖ
ਅਸਲ ਵਿੱਚ ਇੱਕ ਖਾਮੋਸ਼
ਆਕਾਸ਼ ਦਾ ਕਤਲ ਹੁੰਦਾ ਹੈ

 

ਰੁੱਖਾਂ ਕੋਲ
ਕੋਈ ਸੰਸਦ ਨਹੀਂ ਫੌਜ ਨਹੀਂ
ਕੋਈ ਧਰਮ ਗ੍ਰੰਥ ਨਹੀਂ—
ਫਿਰ ਵੀ ਉਹ
ਸਭ ਤੋਂ ਵੱਡੇ ਦਾਰਸ਼ਨਿਕ ਹਨ
ਉਹ ਸਿਖਾਉਂਦੇ ਹਨ ਉੱਚਾ ਹੋਣਾ
ਅਸਮਾਨ ਨੂੰ ਛੂਹਣਾ ਨਹੀਂ
ਸਗੋਂ ਜੜ੍ਹਾਂ ਨੂੰ ਹੋਰ ਡੂੰਘਾ ਕਰਨਾ
ਅਤੇ ਅਖੀਰ ਵਿੱਚ
ਜਦੋਂ ਇੱਕ ਰੁੱਖ ਸੁੱਕ ਜਾਂਦਾ ਹੈ
ਉਹ ਮਰਦਾ ਨਹੀਂ—
ਉਹ ਆਪਣੇ ਅੰਦਰ ਸੰਭਾਲਿਆ ਹੋਇਆ ਸਾਰਾ ਸੂਰਜ
ਲੱਕੜ ਦੀਆਂ ਰਗਾਂ ਵਿੱਚ ਰੱਖ ਕੇ
ਚੁੱਪਚਾਪ ਅੱਗ ਨੂੰ ਵਾਰਸ ਬਣਾ ਜਾਂਦਾ ਹੈ