ਹਰ ਸ਼ਖ਼ਸ ਮੈਨੂੰ ਇੱਥੇ ਬਿਮਾਰ ਲੱਗਦਾ,
ਧਰਤੀ ਦੀ ਹਿੱਕ ਤੇ ਉੱਤੇ ਭਾਰ ਲੱਗਦਾ,
ਕਦ ਰੁਕੇ ਤਲਖ਼ ਹਵਾ ਸੋਚਦਾ ਰਹਿੰਦਾ,
ਸੋਚਾਂ ਦੇ ਜਾਲ ਅੰਦਰ ਉਦਾਸ ਲੱਗਦਾ,
ਪਰਵਾਸ ਦੇ ਨ੍ਹੇਰ ਵਾਵਰੋਲਿਆਂ ਵਿੱਚ,
ਇਕੱਲੇਪਣ ਵਿੱਚ ਬੜਾ ਖੁਆਰ ਲੱਗਦਾ,
ਖ਼ਾਹਿਸੀ ਝੱਖੜਾਂ ਵਿਚ ਝੰਬਿਆ ਮਨ ਵੀ,
ਭੁੱਬਲ ਉਤੇ ਪਾਣੀ ਦੀ ਬੁਝਾਰ ਲੱਗਦਾ,
ਪੜ੍ਹ ਪੜ੍ਹ ਫ਼ਾਜ਼ਿਲ ਬਣੇ ਬੇਰੁਜ਼ਗਾਰ ਵਾਂਗ,
ਰੋਟੀ ਟੁੱਕਰ ਖਾਤਰ ਮੁਹਤਾਜ਼ ਲੱਗਦਾ,
ਸੀਨੇ ਵਿਚ ਅਰਮਾਨਾਂ ਦੇ ਭਾਂਬੜ ਪਾਲ,
ਫਰਜ਼ਾਂ ਦੱਬੀ ਲਵਾਰਿਸ਼ ਲਾਸ਼ ਲੱਗਦਾ,
ਸੋਹਲ ਕਰੂੰਬਲਾਂ ਪੁੰਗਰਨਗੀਆਂ ਫੇਰ,
‘ਅਮਰ’ ਸਮਾਂ ਦੀ ਆਸ ਅਰਦਾਸ ਲੱਗਦਾ।