ਠੱਗੀਆਂ ਚੋਰੀਆਂ ਦਾ ਹੈ ਦੌਰ ਅੱਜ ਕੱਲ,
ਜਿਨਾਂ ਡਰੋਂਗੇ ਓਨਾ ਹੀ ਡੰਗ ਵੱਜਦੈ।
ਸਮਾਂ ਰਿਹਾ ਨਹੀਂ ਭੇਤ ਬਿਤਾਉਣ ਵਾਲਾ,
ਜਿਨਾਂ ਦੱਸੋਂਗੇ ਓਨਾ ਹੀ ਸੇਕ ਲੱਗਦੈ।
ਪਹਿਲੇ ਸਮਿਆਂ ਦੇ ਬੰਦੇ ਸਨ ਬਹੁਤ ਚੰਗੇ,
ਹੁਣ ਤਾਂ ਖੱਬੇ ਨੂੰ ਸੱਜਾ ਹੀ ਹੱਥ ਠੱਗਦੈ।
ਦੱਦਾਹੂਰ ਵਾਲਾ ਕਹੇ ਵੀਰੋ ਰਹੋ ਬਚਕੇ,
ਹਰ ਤੀਜੇ ਬੰਦੇ ਪਿੱਛੇ ਇੱਕ ਚੋਰ ਲੱਗਦੈ।
--
ਸਮਾਂ ਮਾੜਾ ਹੈ ਬਚਣ ਦੀ ਲੋੜ ਹੈ ਜੀ,
ਅੱਜਕਲ ਕਿਸੇ ਦਾ ਕੋਈ ਇਤਬਾਰ ਹੈਨੀ।
ਦਿਲ ਦੀ ਡੂੰਘਾਈ ਚੋਂ ਬਣਾਲੋ ਯਾਰ ਕਿੰਨੇ,
ਪਰ ਕ੍ਰਿਸ਼ਨ ਸੁਦਾਮੇ ਵਰਗਾ ਕੋਈ ਵੀ ਯਾਰ ਹੈਨੀ।
ਘਰ ਦਾ ਭੇਤ ਵੀ ਕਿਸੇ ਨੂੰ ਨਹੀਂ ਦੇਣਾ,
ਇਥੇ ਕੋਈ ਵੀ ਤੁਹਾਡਾ ਮਦਦਗਾਰ ਹੈਨੀ।
ਦੱਦਾਹੂਰੀਆ ਤੂੰ ਦਾਮਨ ਬਚਾ ਆਪਣਾ,
ਫਿਰ ਤੇਰੇ ਵਰਗਾ ਕੋਈ ਸਮਝਦਾਰ ਹੈਨੀ।
----
ਪਲ ਪਲ ਪਿੱਛੋਂ ਪਲ ਨੇ ਬਦਲ ਜਾਂਦੇ,
ਮਸਾਂ ਲੰਘਦੇ ਜੋ ਇਕਰਾਰ ਦੇ ਪਲ ।
ਸੱਜਣ ਨਾਲ ਹੋਵੇ ਜੀਹਨੂੰ ਪਰਖ਼ ਹੋਵੇ,
ਛੇਤੀ ਬੀਤਦੇ ਨੇ ਸੰਗ ਯਾਰ ਦੇ ਪਲ ।
ਮਿੰਟ ਘੜੀ ਜਿੱਡਾ ਘੜੀ ਯੁੱਗ ਜਿੱਡੀ,
ਔਖੇ ਬੀਤਦੇ ਨੇ ਇੰਤਜ਼ਾਰ ਦੇ ਪਲ।
ਚਾਰ ਦਿਨ ਦੀ ਜਿੱਤ ਦੇ ਬਾਅਦ ਸ਼ਰਮੇ
ਆਖਿਰ ਆ ਜਾਂਦੇ ਫਿਰ ਹਾਰ ਦੇ ਪਲ।
ਵੱਡੀ ਰਿਸ਼ਵਤ ਖੋਰੀ ਤੇ ਭਰਿਸ਼ਟਾਚਾਰੀ ਆਖੇ,
ਮੈਨੂੰ ਕੱਢੋ ਖਾਂ ਭਲਾ ਪੰਜਾਬ ਵਿੱਚੋਂ?
ਸੱਭ ਛੋਟੇ ਵੱਡੇ ਦਫਤਰੀਂ ਮੈਂ ਵੜਗੀ,
ਹੁਣ ਨਾ ਨਿਕਲੂੰ ਕਦੇ ਖੁਆਬ ਵਿੱਚੋਂ।
ਜਿਹੜੇ ਸੂਬੇ ਵਿੱਚ ਮੈਂ ਵੜ ਜਾਂ ਉਥੇ ਇਮਾਨਦਾਰੀ?
ਵਰਕਾ ਪਾੜ ਦਿਓ ਇਹ ਕਿਤਾਬ ਵਿੱਚੋਂ।
ਧਾਰੀ ਮੈਂ ਕਿ ਪੰਜਾਬ ਸੂਬਾ ਕੰਗਾਲ ਕਰਨਾ,
ਸ਼ਰਮੇ ਪਾਸ ਹੋਣ ਨਹੀਂ ਦੇਣਾ ਹਿਸਾਬ ਵਿੱਚੋਂ।
ਆਪਾਂ ਸਾਰੇ ਪੰਜਾਬੀ ਅਤੇ ਪੰਜਾਬ ਵਾਸੀ,
ਫਿਰ ਵੀ ਪੰਜਾਬੀ ਅਖਵਾਉਣ ਤੋਂ ਡਰੀ ਜਾਂਦੇ।
ਗੋਰੇ ਆਏ ਤੇ ਭਜਾਏ ਪੰਜਾਬੀ ਪਰਵਾਨਿਆਂ ਨੇ,
ਸ਼ਾਨੀ ਅੱਜ ਵੀ ਓਨਾਂ ਦੀ ਭਰੀ ਜਾਂਦੇ।
ਲਿਖੀਏ ਪੜੀਏ ਤੇ ਬੋਲੀਏ ਪੰਜਾਬੀ ਸਾਰੇ,
ਲਿਖ ਲਿਖ ਇਹ ਕੰਧਾਂ ਹਾਂ ਭਰੀ ਜਾਂਦੇ।
ਸ਼ਰਮੇ ਬਹੁਤੇ ਦਫਤਰੀਂ ਬੈਠੇ ਅੰਗਰੇਜ ਪੁੱਤਰ,
ਦਸਤਖਤ ਫਿਰ ਵੀ ਅੰਗਰੇਜ਼ੀ ਵਿੱਚ ਹੀ ਕਰੀ ਜਾਂਦੇ?