ਪਰਿਵਰਤਨ ਕੁਦਰਤ ਦਾ ਨਿਯਮ ਹੈ। ਦਿਨ-ਰਾਤ, ਮੌਸਮ-ਰੁੱਤਾਂ ਆਪਣੇ-ਆਪਣੇ ਸਮੇਂ ਅਨੁਸਾਰ ਆਉਂਦੇ-ਜਾਂਦੇ ਰਹਿੰਦੇ ਹਨ। ਸਾਡੀ ਚਾਲ ਵੀ ਨਿਯਮ ਵਿੱਚ ਹੀ ਹੈ। ਅਸੀਂ ਸਧਾਰਨ ਚਾਲ ਚੱਲਦੇ ਹੋਏ ਜਾਂ ਦੌੜਦੇ ਹੋਏ ਇੱਕ ਕਦਮ ਛੋਟਾ ਤੇ ਦੂਸਰਾ ਵੱਡਾ ਨਹੀਂ ਰੱਖ ਸਕਦੇ। ਇਸੇ ਤਰਾਂ ਬਾਹਾਂ ਦਾ ਅੱਗੇ ਪਿਛੇ ਹੋਣਾ ਬਰਾਬਰ ਹੀ ਹੁੰਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਡਾ ਇੱਕ ਪੈਰ ਦੂਸਰੇ ਨੂੰ ਹਰਾਉਣ ਲਈ ਜਲਦੀ ਨਹੀਂ ਕਰਦਾ ਹੈ ਤੇ ਨਾ ਹੀ ਵੱਡਾ ਕਦਮ ਪੁੱਟਣ ਦੀ ਕੋਸ਼ਿਸ਼ ਕਰਦਾ ਹੈ। ਸਬਰ ਨਾਲ ਇੱਕ ਦੂਸਰੇ ਦਾ ਸਾਥ ਦੇ ਕੇ ਮਨੁੱਖ ਨੂੰ ਹੋਰਨਾਂ ਤੋਂ ਅੱਗੇ ਜ਼ਰੂਰ ਲਿਜਾ ਸਕਦੇ ਹਨ। ਸੋ ਜ਼ਿੰਦਗੀ ਵਿੱਚ ਸਬਰ ਬਹੁਤ ਅਹਿਮ ਹੈ।
ਪੱਤਝੜ ਕੇਵਲ ਪੱਤਿਆਂ ਦਾ ਝੜਨਾ ਨਹੀਂ ਹੁੰਦੀ ਹੈ। ਪੱਤਝੜ ਤਾਂ ਸੁਨੇਹਾ ਹੈ ਬਹਾਰ ਦਾ। ਪੱਤਿਆਂ ਦੇ ਸੁੱਕਣ ਤੇ ਝੜਨ ਦੇ ਅਫਸੋਸ ਨਾਲ ਦਰਖਤ ਸੁੱਕ ਨਹੀਂ ਜਾਂਦੇ। ਸਬਰ ਕਰਦਿਆਂ-ਕਰਦਿਆਂ ਨਵੀਆਂ ਕਰੂੰਬਲਾਂ ਨਿੱਕਲ ਆਉਂਦੀਆਂ ਹਨ । ਸਬਰ ਦਾ ਹੀ ਫਲ ਹੈ ਕੇ ਰੁੱਖ-ਪੌਦੇ ਫਲਾਂ-ਫੁੱਲਾਂ ਨਾਲ ਲਹਿਲਹਾ ਉੱਠਦੇ ਹਨ। ਭਗਤ ਕਬੀਰ ਜੀ ਦਾ ਫ਼ੁਰਮਾਨ ਹੈ:-
ਧੀਰੇ ਧੀਰੇ ਰੇ ਮਨ ਧੀਰੇ ਸਬ ਕਿਛੁ ਹੋਏ
ਮਾਲੀ ਸੀਂਚੇ ਸੌ ਘੜਾ ਰਿਤੂ ਆਏ ਫਲ ਹੋਏ
ਸਿੱਖ ਇਤਿਹਾਸ ਭਗਤੀ, ਸ਼ਕਤੀ, ਕੁਰਬਾਨੀ, ਬਾਣੀ, ਬਾਣੇ ਦੇ ਨਾਲ-ਨਾਲ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲਾ ਰਿਹਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਗਲਾਂ ਦੀ ਈਨ ਨਾ ਮੰਨਦੇ ਹੋਏ ਹਰ ਤਸੀਹੇ ਨੂੰ ਸਬਰ ਨਾਲ ਸਿਹਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਜ਼ਬਰ ਕਰਨ ਵਾਲੇ ਤਾਂ ਚੇਤਿਆਂ ਵਿੱਚੋਂ ਵਿੱਸਰ ਗਏ ਤੇ ਸਬਰ ਕਰਨ ਵਾਲਿਆਂ ਨੂੰ ਅੱਜ ਸ਼ਿੱਦਤ ਨਾਲ ਯਾਦ ਕਰਦਿਆਂ ਨਮਸਕਾਰਿਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਜ਼ੁਲਮ ਦਾ ਟਾਕਰਾ ਤੇਗ ਨਾਲ ਕਰਨ ਦਾ ਪ੍ਰਣ ਲਿਆ ਸੀ। ਅਗਲੇ ਹੀ ਦਿਨ ਖਾਲਸਾ ਪੰਥ ਨਹੀਂ ਸਾਜ ਦਿੱਤਾ ਸੀ। ਸ਼ਾਸਤਰ ਵਿੱਦਿਆ ਦੇ ਨਾਲ-ਨਾਲ ਸ਼ਸ਼ਤਰ ਵਿੱਦਿਆ ਗ੍ਰਹਿਣ ਕੀਤੀ। ਸਿੱਖ ਫੌਜ ਤਿਆਰ ਕੀਤੀ। ਮੁਗਲਾਂ ਨੂੰ ਕਈ ਯੁਧਾਂ ਵਿੱਚ ਹਰਾਇਆ। ਫਿਰ ਕਿਤੇ ਜਾ ਕੇ ਖਾਲਸਾ ਪੰਥ ਸਾਜਿਆ।
ਦੇਖ ਮੈਦਾਨ ਵਿੱਚ ਤੇਗ ਨਾਲ ਤੇਗ ਖੜਕੇ
ਤੀਰ 'ਤੇ ਤੀਰ, ਜਿਵੇਂ ਹੜ੍ਹ ਆਇਆ ਹੜ੍ਹ ਕੇ
ਸਿੰਘਾਂ ਆਹੂ ਲਾਹੇ ਜੋ ਵੀ ਆਇਆ ਚੜ੍ਹ ਕੇ
ਪੈਰਾਂ ਵਿੱਚ ਸਿਰ ਰੁਲਣ ਬੇਰਾਂ ਵਾਂਙ ਝੜ ਕੇ
ਸਿੰਘਾਂ ਤੋਂ ਆਪਣੀਆਂ ਹਾਰਾਂ ਦਾ ਬਦਲਾ ਲੈਣ ਲਈ ਜ਼ਾਲਮ ਬਾਦਸ਼ਾਹਾਂ ਤੇ ਉਹਨਾਂ ਦੇ ਅਹਿਲਕਾਰਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ। ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਨੂੰ ਕੈਦ ਕਰ ਲਿਆ। ਚੱਕੀਆਂ ਚੱਲਵਾਈਆਂ, ਭੁੱਖੇ ਰੱਖਿਆ, ਪਰਿਵਾਰਾਂ ਸਾਹਮਣੇ ਮੈਂਬਰਾਂ ਨੂੰ ਸ਼ਹੀਦ ਕੀਤਾ। ਕਿਸੇ ਨੇ ਵੀ ਧਰਮ ਨਾ ਛੱਡਿਆ। ਮਾਵਾਂ ਸਾਹਮਣੇ ਛੋਟੇ-ਛੋਟੇ ਬੱਚਿਆਂ ਦੇ ਛੋਟੇ-ਛੋਟੇ ਟੁਕੜੇ ਕਰ ਕੇ ਉਹਨਾਂ ਦੇ ਗਲਾਂ ਵਿੱਚ ਪਾਏ।
ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ
ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ
ਜ਼ਾਲਮ ਉਹਨਾਂ ਨੂੰ ਸਿਦਕੋਂ ਡੋਲਾ ਨਾ ਸਕੇ ਤੇ ਸਬਰ ਤੋਂ ਜ਼ਬਰ ਫੇਰ ਹਾਰ ਗਿਆ। ਉਹ ਤੰਗ ਰਹੇ, ਸ਼ਹੀਦੀਆਂ ਵੀ ਪਾ ਗਏ ਪਰ ਖਾਲਸਾ ਪੰਥ ਦੀ ਅਰਦਾਸ ਵਿੱਚ ਅਮਰ ਹੋ ਗਏ। ਇਸ ਤਰ੍ਹਾਂ ਸਬਰ ਸਾਨੂੰ ਕਿਸੇ ਦੇ ਕਦਮਾਂ ਤੇ ਆਪਣੀਆਂ ਨਜ਼ਰਾਂ ਵਿੱਚ ਡਿਗਣ ਨਹੀਂ ਦਿੰਦਾ ਹੈ।
ਇਹ ਨੁਕਤਾ ਅੱਜ ਵੀ ਸਾਰਥਕ ਹੈ। ਸਬਰ ਸਾਡੇ ਅਧਿਆਤਮਕ, ਕੌਮੀ ਅਣਖ, ਪਰਿਵਾਰਕ ਜੀਵਨ ਦੇ ਨਾਲ ਨਾਲ ਸਬਰ ਸਾਡੇ ਆਰਥਿਕ ਖੇਤਰ ਵਿਚ ਵੀ ਹੋਣਾ ਚਾਹੀਦਾ ਹੈ। ਕਈ ਘਟੀਆ ਮਾਨਸਿਕਤਾ ਵਾਲੇ ਵਪਾਰੀ ਫਲਾਂ ਤੇ ਸਬਜ਼ੀਆਂ ਨੂੰ ਜ਼ਹਿਰੀਲੀਆਂ ਦਵਾਈਆਂ ਜਾਂ ਹੋਰ ਢੰਗਾਂ ਨਾਲ ਜਲਦੀ ਵੱਡਾ ਕਰ ਦਿੰਦੇ ਹਨ ਜਾਂ ਪਕਾ ਦਿੰਦੇ ਹਨ। ਇਸ ਤਰ੍ਹਾਂ ਦੀ ਸਬਜ਼ੀ ਜਾਂ ਫਲ ਕੁਦਰਤੀ ਸਵਾਦ ਵਾਲੇ ਨਹੀਂ ਹੁੰਦੇ ਹਨ ਤੇ ਨਾ ਹੀ ਸਿਹਤ ਲਈ ਗੁਣਕਾਰੀ। ਕੁਦਰਤ ਨੇ ਆਪਣੇ ਵਿਧਾਨ ਜਿਸ ਵਿੱਚ ਭੂਮੀ ਦੀ ਕਿਸਮ, ਮੌਸਮ ਅਤੇ ਸਮਾਂ ਪ੍ਰਮੁੱਖ ਹਨ, ਅਨੁਸਾਰ ਹੀ ਫੁੱਲਾਂ, ਫਲਾਂ ਅਤੇ ਫਸਲ ਨੂੰ ਪਕਾਉਣਾ ਹੁੰਦਾ ਹੈ।ਸਾਡਾ ਕੰਮ ਇਹਨਾਂ ਪੌਦਿਆਂ ਤੇ ਰੁੱਖਾਂ ਦੀ ਦੇਖਭਾਲ ਕਰਨਾ ਹੀ ਹੋਣਾ ਚਾਹੀਦਾ ਹੈ। ਬੇਸ਼ੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਮੇਤ ਹੋਰ ਯੂਨੀਵਰਸਿਟੀਆਂ ਨੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਖੋਜਾਂ ਅਤੇ ਪ੍ਰਾਪਤੀਆਂ ਕੀਤੀਆਂ ਹਨ। ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ ਪਰ
ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾਂ ਲਾਵੇ
ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ
ਇਸ ਤਰ੍ਹਾਂ ਕਰਨ ਵਾਲੇ ਲੋਕ ਜਲਦੀ ਅਮੀਰ ਬਣਨਾ ਚਾਹੁੰਦੇ ਹਨ ਪਰ ਲੋਕਾਂ ਨੂੰ ਬਿਮਾਰੀਆਂ ਤੇ ਮੌਤ ਪਰੋਸਦੇ ਹਨ। ਜੇ ਕਰ ਸਬਰ ਤੇ ਇਮਾਨਦਾਰੀ ਨਾਲ ਚੱਲਣ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਤਾਂ ਵੀ ਅਮੀਰ ਬਣ ਸਕਦੇ ਹਨ ਚਾਹੇ ਬਹੁਤ ਅਮੀਰ ਨਾ ਬਣ ਪਾਉਣ। ਭਾਰਤ ਵਿੱਚ ਕੁਝ ਸਾਲਾਂ ਖਾਸ ਕਰ ਕੇ ਪਿਛਲੇ ਕੁਝ ਮਹੀਨਿਆਂ ਤੋਂ ਮੈਡੀਕਲ ਖੇਤਰ ਦੀ ਸਿੱਖਿਆ ਵਿੱਚ ਦਾਖਲੇ ਲਈ ਜੋ ਦਾਖਲਾ-ਪ੍ਰੀਖਿਆਵਾਂ ਹੁੰਦੀਆਂ ਹਨ, ਦੇ ਪ੍ਰਸ਼ਨ ਪੱਤਰ ਲੀਕ ਹੋਣ ਭਾਵ ਕੁਝ ਚਹੇਤਿਆਂ, ਅਸਰ-ਰਸੂਖ ਵਾਲਿਆਂ ਜਾਨ ਧਨਾਢਾਂ ਕੋਲ ਪ੍ਰੀਖਿਆ ਤੋਂ ਪਹਿਲਾਂ ਹੀ ਪਹੁੰਚ ਜਾਣ ਦੀਆਂ ਅਣਸੁਖਾਵੀਆਂ ਕਾਰਵਾਈਆਂ ਬਾਰੇ ਅਸੀਂ ਸਾਰੇ ਵਾਕਫ਼ ਹਾਂ। ਇਸ ਦੇ ਦੋ ਪੱਖ ਹਨ। ਪਹਿਲੇ ਪੱਖ ਦਾ ਪਹਿਲਾ ਹਿੱਸਾ ਪੇਪਰ ਲੀਕ ਕਰਨ ਦੀ ਮੰਗ ਕਰਨ ਵਾਲੇ ਉਪਰੋਕਤ ਅਸਰ ਰਸੂਖ ਵਾਲੇ ਅਤੇ ਧਨਾਢ ਹਨ। ਇਹਨਾਂ ਵਿੱਚ ਆਪਣੇ ਪ੍ਰੀਖਿਆਰਥੀਆਂ ਦੀ ਨਿੱਜੀ ਮਿਹਨਤ ਦੇ ਇੰਤਜ਼ਾਰ ਦਾ ਸਬਰ ਨਹੀਂ ਹੈ ਅਤੇ ਇਸੇ ਪੱਖ ਦਾ ਦੂਸਰਾ ਹਿੱਸਾ ਵਿਦਿਆਰਥੀਆਂ ਦਾ ਮਿਹਨਤ ਦੀ ਜ਼ਗ੍ਹਾ ਪੈਸੇ ਤੇ ਵੱਧ ਯਕੀਨ ਕਰਨਾ ਹੈ।
ਦੂਸਰਾ ਪੱਖ ਮੰਗ ਅਤੇ ਪੂਰਤੀ ਦੇ ਆਰਥਿਕ ਸਿਧਾਂਤ ਨਾਲ ਸਿੱਧੇ ਅਤੇ ਅਸਿੱਧੇ ਰੂਪ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ। ਪ੍ਰੀਖਿਆਰਥੀਆਂ, ਮਾਪਿਆਂ, ਟਰੇਨਿੰਗ ਸੈਂਟਰਾਂ ਅਤੇ ਵਿਚੋਲਿਆਂ ਵੱਲੋਂ ਮੰਗ ਪੇਪਰ ਲੀਕ ਕਰਨ ਦੀ ਗੁਪਤ ਮੰਗ ਪੇਪਰ ਦੀ ਪੂਰਤੀ ਲਈ ਕਈ ਉਪਰਾਲੇ ਉਲੀਕਦੀ ਹੈ। ਇਸ ਤਰਾਂ ਦਾ ਘਟੀਆ ਕੰਮ ਕਰਨ ਵਾਲੇ ਵੀ ਸਬਰ ਦੇ ਅਮੁੱਲ ਗੁਣ ਤੋਂ ਦੂਰ ਹੁੰਦੇ ਹਨ। ਅਜਿਹੇ ਲਾਲਚੀ ਅਤੇ ਗ਼ੈਰ-ਇਖਲਾਕੀ ਅਨਸਰ ਆਪਣੀ ਦਸਾਂ ਨਹੁੰਆਂ ਦੀ ਕਿਰਤ ਬਹੁਤ ਘੱਟ ਹੋਣੀ ਮਹਿਸੂਸ ਕਰਦੇ ਹੋਣੇ ਹਨ।
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
(ਸ੍ਰੀ ਗੁਰੂ ਗਰੰਥ ਸਾਹਿਬ ਜੀ)
ਘਟੀਆ ਵਪਾਰੀ, ਮਿਲਾਵਟਖੋਰ, ਰਿਸ਼ਵਤਖੋਰ ਫੜੇ ਜਾਣ ਦੀ ਸਥਿਤੀ ਵਿੱਚ ਸਾਰਿਆਂ ਦੀਆਂ ਨਜ਼ਰਾਂ ਅਤੇ ਪੁਲਸ ਦੀ ਕਦਮਾਂ ਵਿੱਚ ਡਿੱਗ ਜਾਂਦੇ ਹਨ। ਅੰਤ ਵਿੱਚ ਪ੍ਰਮਾਤਮਾ ਅੱਗੇ ਅਰਜ਼ੋਈ ਹੈ ਕਿ ਸਾਰੇ ਮਨੁੱਖਾਂ ਨੂੰ ਦੁਨਿਆਵੀ ਧੰਨ ਤੋਂ ਪਹਿਲਾਂ ਸੰਤੋਖ ਦਾ ਧੰਨ ਬਖ਼ਸ਼ੇ ਤਾਂ ਜੋ ਸਮਾਜ ਵਿੱਚ ਚੰਗਿਆਈ ਦੇ ਬੀਜ ਪੁੰਗਰਦੇ ਰਹਿਣ ।
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
(ਸ੍ਰੀ ਗੁਰੂ ਗਰੰਥ ਸਾਹਿਬ ਜੀ)
ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪ੍ਰਾਰਥਨਾ ਵਿੱਚ ਇੱਕ ਭਜਨ ਗਾਇਆ ਜਾਂਦਾ ਹੈ:-
ਇਤਨੀ ਸ਼ਕਤੀ ਹਮੇਂ ਦੇਨਾ ਦਾਤਾ, ਮਨ ਕਾ ਵਿਸ਼ਵਾਸ਼ ਕਮਜ਼ੋਰ ਹੋ ਨਾ।
ਹਮ ਚਲੇਂ ਨੇਕ ਰਸਤੇ ਪੈ ਹਮ ਸੇ, ਭੂਲ ਕਰ ਭੀ ਕੋਈ ਭੂਲ ਹੋ ਨਾ।
ਆਓ! ਇਸ ਭਜਨ ਦੇ ਅਮਲ ਲਈ ਅਰਜੋਈ ਅਤੇ ਉਪਰਾਲੇ ਕਰੀਏ।
-ਮਨਜੀਤ ਸਿੰਘ ਬੱਧਣ 9417635053