ਕੇਸ ਦਾੜੀ ਰੱਖ ਅਤੇ ਰੋਮਾਂ ਦੀ ਕਦਰ
ਕਰ ਪੱਗ ਬੰਨਣੀ ਤੂੰ ਭੁੱਲ ਜਾਈਂ ਨਾ।
ਦਸ ਗੁਰੂਆਂ ਦੀ ਇਹ ਧਰਤ ਪੰਜਾਬ ਹੈ,
ਨਸ਼ਿਆਂ ਦੇ ਵਿੱਚ ਰੁਲ ਜਾਈਂ ਨਾ-
ਸਵਰਗਾਂ ਤੋਂ ਸੋਹਣਾ ਸਾਡਾ ਰੰਗਲਾ ਪੰਜਾਬ ਹੈ ਪਤਾ ਨੀ ਨਜ਼ਰ ਕੀਹਦੀ ਲੱਗ ਗਈ।
ਘੋਨ ਮੋਨ ਹੋ ਕੇ ਸਾਰੇ ਨੌਜਵਾਨ ਘੁੰਮਦੇ ਖੰਭ ਲੈ ਕੇ ਸਿੱਖੀ ਇਥੋਂ ਭੱਜ ਗਈ।।
ਸਿੱਖ ਬਣ ਸਿੱਖੀ ਦੇ ਅਸੂਲ ਸਾਰੇ ਲਿਖ ਲੈ ਗੁਰੂਆਂ ਦਾ ਕਹਿਣਾ ਤੂੰ ਭਲਾਈਂ ਨਾ--
ਕੇਸ ਦਾੜੀ ਰੱਖ ਅਤੇ ਰੋਮਾਂ ਦੀ ਕਦਰ ਕਰ ਪੱਗ ਬੰਨਣੀ ਤੂੰ ਭੁੱਲ ਜਾਈ ਨਾ-
ਅੰਮ੍ਰਿਤ ਛਕ ਪੂਰਾ ਗੁਰੂ ਸਿੱਖ ਬਣ ਕੇ ਲੱਗ ਜਾ ਗੁਰੂ ਜੀ ਦੇ ਲੜ ਤੂੰ।
ਸੁਬਹਾ ਉੱਠ ਗੁਰਦੁਆਰੇ ਜਾਇਆ ਕਰ ਵੀਰਨਾ ਹਰ ਰੋਜ਼ ਨਿਤਨੇਮ ਕਰ ਤੂੰ।।
ਕਰ ਲਵੇਂ ਸੇਵਾ ਤਾਂ ਨਗਦ ਮਿਲੇ ਮੇਵਾ ਐਵੇਂ ਵਿਹਲੇ ਬੈਠ ਵਕਤ ਗਵਾਈਂ ਨਾ-
ਦਸ ਗੁਰੂਆਂ ਦੀ ਇਹ ਧਰਤ ਪੰਜਾਬ ਹੈ ਨਸ਼ਿਆਂ ਦੇ ਵਿੱਚ ਰੁਲ ਜਾਈ ਨਾ-
ਨਸ਼ਿਆਂ ਦਾ ਕਰਦੇ ਤਿਆਗ ਅਜੇ ਸਮਾਂ ਹੈ ਇਹਨਾਂ ਚੋਂ ਕਿਸੇ ਨੀ ਕੁਝ ਖੱਟਿਆ।
ਵੇਚ ਕੇ ਜਮੀਨਾਂ ਕਰਜਾਈ ਹੋਈ ਜਾਨੈਂ ਸਾਰਾ ਘਰ ਬਾਰ ਇਹਨਾਂ ਤੇਰਾ ਪੱਟਿਆ।।
ਚੰਦਨ ਦੇ ਵਰਗੀ ਹੈ ਦੇਹੀ ਤੇਰੀ ਵੀਰਨਾ ਮਿੱਟੀ ਵਿੱਚ ਇਸ ਨੂੰ ਰਲਾਈਂ ਨਾ-
ਕੇਸ ਦਾੜੀ ਰੱਖ ਅਤੇ ਰੋਮਾਂ ਦੀ ਕਦਰ ਕਰ ਪੱਗ ਬੰਨਣੀ ਤੂੰ ਭੁੱਲ ਜਾਈ ਨਾ-
ਕੇਸ ਦਾੜੀ ਵਾਲਿਆਂ ਦੀ ਥਾਂ ਥਾਂ ਕਦਰ ਹੁੰਦੀ ਸਾਰੇ ਸਰਦਾਰ ਉਹਨੂੰ ਕਹਿੰਦੇ ਨੇ।
ਬਾਣੇ ਅਤੇ ਬਾਣੀ ਨਾ ਪਿਆਰ ਜਿਹੜੇ ਕਰਦੇ ਦੁਨੀਆਂ ਤੋਂ ਵੱਖਰੇ ਹੀ ਰਹਿੰਦੇ ਨੇ।।
ਆਪਣੀ ਇੱਜਤ ਹੁੰਦੀ ਆਪਣੇ ਹੀ ਹੱਥਾਂ ਵਿੱਚ ਦੂਜਿਆਂ ਦੇ ਹੱਥ ਇਹ ਫੜਾਈਂ ਨਾ--
ਦਸ ਗੁਰੂਆਂ ਦੀ ਇਹ ਧਰਤ ਪੰਜਾਬ ਹੈ ਨਸ਼ਿਆਂ ਦੇ ਵਿੱਚ ਰੁਲ ਜਾਈ ਨਾ-
ਦਸਵੇਂ ਪਿਤਾ ਨੇ ਸਾਨੂੰ ਦਾਤ ਇਹ ਸੀ ਦਿੱਤੀ ਆਜੋ ਰਲ ਮਿਲ ਇਸ ਨੂੰ ਸੰਭਾਲੀਏ।
ਸਾਂਭ ਕੇ ਰੱਖਾਂਗੇ ਇਹਨੂੰ ਆਖਰੀ ਸਵਾਸਾਂ ਤੱਕ ਸੱਚੇ ਮਨੋ ਕਸਮਾਂ ਇਹ ਖਾਲੀਏ।।
ਦੱਦਾਹੂਰੀਏ ਨੇ ਲਿਖੀਆਂ ਨੇ ਸੱਚੀਆਂ ਇਹ ਗੱਲਾਂ ਐਵੇਂ ਦਿਲ ਵਿੱਚ ਗੁੱਸਾ ਕਰ ਜਾਈਂ ਨਾ--
ਕੇਸ ਦਾੜੀ ਰੱਖ ਅਤੇ ਰੋਮਾਂ ਦੀ ਕਦਰ ਕਰ ਪੱਗ ਬੰਨਣੀ ਤੂੰ ਭੁੱਲ ਜਾਈ ਨਾ-
ਦਸ ਗੁਰੂਆਂ ਦੀ ਇਹ ਧਰਤ ਪੰਜਾਬ ਹੈ ਨਸ਼ਿਆਂ ਦੇ ਵਿੱਚ ਰੁਲ ਜਾਈ ਨਾ-