ਕੁੱਕ-ਡੁਕ ੜੂੰ...! ਵੇ...'ਕੁੱਕੂ'
ਮੈਂ ਤੇਰੀ ਭੈਣ ਤੇ ਵੀਰਾ ਮੇਰਾ ਤੂੰ
ਅੱਜ ਦਿਨ ਰੱਖੜੀ ਦਾ ਰੁੱਸਿਆ ਏ ਤੂੰ,
ਰੱਖੜੀ ਬਨਾ ਲੈ ਵੀਰੇ
ਜਿੱਦ ਨਈਂਓ ਕਰੀਂਦੀ,
ਰੁਸਿਆ ਨਾ ਕਰ ਐਵੇਂ,
ਐਵੇਂ ਨਈਂਓ ਲੜੀਂਦਾ,
ਪੂਰਾ ਹੱਕ ਬਣੇ ਮੇਰਾ
ਤਾਈਂਓ ਹੱਥ ਫੜੀਂਦਾ।
ਐਵੇਂ ਕਾਹਤੋਂ ਲਾਈ ਐ...?
ਮੈਨੀ-ਮੈਨੀ ਤੂੰ।
ਮੈਂ ਤੇਰੀ ਭੈਣ ਤੇ ਵੀਰਾ ਮੇਰਾ ਤੂੰ...!
ਜੇ ਤੂੰ ਸਿਹਰਾ ਬੰਨ,
ਘੋੜੀਆਂ ਮੈਂ ਗਾਵਾਂਗੀ,
ਵੀਰਾ ਤੇਰੇ ਸਿਹਰੇ ਦੀਆਂ,
ਲੜੀਆਂ ਸਜਾਵਾਂਗੀ।
ਭਾਬੋ ਰਾਣੀ ਆਈ 'ਤੇ,
ਮੈਂ ਸ਼ਗਨ ਮਨਾਵਾਂਗੀ,
ਕੁੱਟ-ਕੁੱਟ ਘਿਓ ਦੀਆਂ,
ਚੂਰੀਆਂ ਖਵਾਵਾਂਗੀ।
ਹੱਸਾਂਗੀ ਹਸਾਵਾਂਗੀ,
ਰੁੱਸੀ ਨੂੰ ਮਨਾਵਾਂਗੀ।
ਇੱਕ ਵਾਰੀ ਮੰਮੀ ਨੂੰ
ਲਿਆ ਦੇ ਵੀਰੇ ਨੂੰਹ।
ਮੈਂ ਤੇਰੀ ਭੈਣ ਤੇ ਵੀਰਾ ਮੇਰਾ ਤੂੰ...!
ਤੁਰ ਗਈ ਮੈਂ ਸੌਹਰੇ ਜਦੋਂ,
ਕੱਲਾ ਰਹਿ ਜਾਏਂਗਾ।
ਗੁੱਸਾ-ਗਿਲਾ ਕਰਨਾ
ਸਭ ਭੁੱਲ ਜਾਏਂਗਾ।
ਯਾਦ ਆਉਂਣਗੇ ਪਰਾਂਠੇ
ਜਿਹੜੇ ਲਾਹਾਂ ਉੱਠ ਤੜਕੇ,
ਭਾਬੋ ਦੀਆਂ ਪਕਾਈਆਂ
ਜਦ ਕੱਚੀਆਂ ਹੀ ਖਾਂਏਗਾ।
ਨਿੱਕੀ ਨਿੱਕੀ ਗੱਲ 'ਤੇ
ਬਣਾ ਲਵੇਂ ਮੂੰਹ...
ਮੈਂ ਤੇਰੀ ਭੈਣ 'ਤੇ ਵੀਰਾ ਮੇਰਾ ਤੂੰ...!
ਆਸਾਂ ਦੀਆਂ ਚਾਵਾਂ ਨਾਲ
ਪਰੋਈਆਂ ਨੇ ਮੈਂ ਲੜੀਆਂ,
ਹੱਸਕੇ ਮਨਾ ਲੈ ਵੀਰੇ
ਚਾਵਾਂ ਦੀਆਂ ਘੜੀਆਂ।
ਬੜੀਆਂ ਹੀ ਰੀਝਾਂ ਨਾਲ
ਉਡੀਕਾਂ ਇਸ ਦਿਨ ਨੂੰ,
ਗੁੱਟ 'ਤੇ ਸਜਾ ਲੈ ਵੀਰੇ
ਪਿਆਰ ਮੇਰੇ ਨੂੰ।
ਮੈਂ ਤੇਰੀ ਭੈਣ ਤੇ ਵੀਰਾ ਮੇਰਾ ਤੂੰ...!
ਖੇਡੇ ਬਚਪਨ ਸਾਰਾ
ਮਾਣੀਆਂ ਜਵਾਨੀਆਂ,
ਮੱਥੇ ਤੇਰੇ ਕੇਸਰ ਦਾ
ਤਿਲਕ ਲਗਾਨੀਆਂ।
ਖੁਸ਼ੀਆਂ ਦੇ ਵਿੱਚ ਲੰਘੇ,
ਇਹ ਜਿੰਦ ਗਾਨੀ ਤੇਰੀ
ਫੁੱਲਾਂ ਵਾਗੂੰ ਖਿੜਿਆ
ਰਹੇ ਤੇਰਾ ਲੂੰ ਲੂੰ
"ਵੇ ਕੁੱਕੂ, ਮੈਂ ਤੇਰੀ ਭੈਣ 'ਤੇ
ਵੀਰਾ ਮੇਰਾ ਤੂੰ..!