ਮੈਂ ਮੁੜ ਆਵਾਂਗੀ - ਨਾਵਲ
(ਆਲੋਚਨਾਤਮਕ ਲੇਖ )
ਇਕਵਾਕ ਸਿੰਘ ਪੰਜਾਬੀ ਨਾਵਲ, ਕਹਾਣੀ, ਮਿੰਨੀ ਕਹਾਣੀ, ਵਾਰਤਕ, ਸ਼ਾਇਰੀ ਅਤੇ ਸੰਗੀਤ ਸਾਹਿਤ ਦੇ ਖੇਤਰ ਵਿੱਚ 15 ਪੁਸਤਕਾਂ ਦਾ ਮੁੱਲਵਾਨ ਯੋਗਦਾਨ ਪਾ ਚੁੱਕਾ ਹੈ। ਉਸਦੇ ਹੱਥਲੇ ਤੇ ਦੂਜੇ ਨਾਵਲ ਦੇ ਸਿਰਲੇਖ ਉੱਪਰ ਲਿਖੀ ਉਤਸ਼ਾਹ ਵਰਧਕ ਇਹ ਉਕਤੀ ‘ਕੁਝ ਫ਼ੈਸਲੇ ਪੂਰੀ ਜ਼ਿੰਦਗੀ ਨੂੰ ਬਦਲ ਦਿੰਦੇ ਹਨ’ ਪਾਠਕਾਂ ਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਨਾਵਲ ਦੇ ਪਾਤਰ ਆਪਣੀ ਦ੍ਰਿੜ ਇੱਛਾ ਸ਼ਕਤੀ ਦੇ ਬਲਬੂਤੇ ’ਤੇ ਆਪਣੀ ਜ਼ਿੰਦਗੀ ਨੂੰ ਸਕਾਰਤਮਕ ਦਿਸ਼ਾ ਦੇਣ ਵਿੱਚ ਜ਼ਰੂਰ ਹੀ ਕਾਮਯਾਬ ਹੋਣਗੇ। ਇਹ ਨਾਵਲ ਸਦੀਆਂ ਤੋਂ ਆਪਣੇ ਹਿੱਸੇ ਦੇ ਮਨੁੱਖੀ ਅਧਿਕਾਰ ਖੋਹੇ ਜਾਣ ਦਾ ਸੰਤਾਪ ਭੋਗ ਰਹੀਆਂ ਔਰਤਾਂ ਨੂੰ ਵੀ ਇਹ ਹੌਂਸਲਾ ਪ੍ਰਦਾਨ ਕਰਦਾ ਹੈ ਕਿ ਉਹ ਆਪਣੀ ਸੰਘਰਸ਼ੀ ਸਮਰੱਥਾ ਦੇ ਬਲਬੂਤੇ ‘ਤੇ ਮਰਦ ਪ੍ਰਧਾਨ ਸਮਾਜ ਨੂੰ ਆਪਣੇ ਖੋਹੇ ਗਏ ਅਧਿਕਾਰ ਵਾਪਸ ਕਰਨ ਮਜਬੂਰ ਕਰ ਸਕਦੀਆਂ ਹਨ। ਨਾਵਲ ਦੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ ਕਿਸੇ ਔਰਤ ਅੰਦਰ ਪੈਦਾ ਹੋਇਆ ਆਪਣੇ ਮੁੜ ਕੇ ਆਉਣ ਦਾ ਯਕੀਨ ਹੀ ਉਸ ਨੂੰ ਆਪਣੇ ਹੱਕਾਂ ਅਤੇ ਹਿੱਤਾ ਦੇ ਵਿਰੁੱਧ ਭੁਗਤਦੀਆਂ ਸਮਾਜਿਕ ਕੀਮਤਾ ਨੂੰ ਚਨੌਤੀ ਦੇਣ ਦੇ ਸਮਰੱਥ ਬਣਾਉਂਦਾ ਹੈ। ਇਸੇ ਲਈ ਇਹ ਨਾਵਲ ਹਾਰ ਨੂੰ ਕਦੇ ਅੰਤ ਨਾ ਮੰਨਣ ਅਤੇ ਸੰਘਰਸ਼ ਨੂੰ ਆਪਣੀ ਤਾਕਤ ਬਣਾਉਣ ਵਾਲੀਆਂ ਕੁੜੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਨਾਇਕਾ ਪ੍ਰਧਾਨ ਇਸ ਨਾਵਲ ਦੀ ਨਾਇਕਾ ਰਾਜਵੰਤ ਕੌਰ ਉਰਫ਼ ਰਾਜੀ ਹੈ। ਭਾਵੇਂ ਉਸਦੀਆਂ ਹੋਰ ਚਾਰ ਸਹੇਲੀਆਂ ਕੁਲਬੀਰ, ਜਸਵੀਰ, ਮੰਨਤ ਅਤੇ ਸਾਖਸ਼ੀ ਸ਼ੁਰੂ ਵਿਚ ਉਸ ਅੰਦਲੇ ਨਾਇਕਤੱਵ ਨੂੰ ਉਭਾਰਣ ਵਿਚ ਮੱਦਦਗਾਰ ਬਣਦੀਆਂ ਹਨ ਪਰ ਉਹ ਸੰਘਰਸ਼ ਦੇ ਅਗਲੇ ਪੜਾਅ ਆਪਣੀ ਇੱਛਾ ਸ਼ਕਤੀ ਰਾਹੀਂ ਹੀ ਪਾਰ ਕਰਦੀ ਹੈ। ਅਗਾਂਹਵਧੂ ਸਾਹਿਤ ਦੀ ਪਾਠਕ ਹੋਣ ਕਾਰਨ ਉਸਦਾ ਦਿਲ ਤੇ ਦਿਮਾਗ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਔਰਤ ਨੂੰ ਆਪਣੇ ਜੀਵਨ ਦੇ ਕੁਝ ਫੈਸਲੇ ਆਪ ਵੀ ਲੈਣੇ ਚਾਹੀਦੇ ਹਨ। ਉਹ ਤੇ ਉਸਦੀਆਂ ਸਹੇਲੀਆਂ ਵਆਹ ਸੰਸਥਾ ਵਿਚ ਕੁਝ ਅਜਿਹੇ ਬਦਲਾਓ ਲਿਆਉਣ ਦੀ ਇੱਛਾ ਰੱਖਦੀਆਂ ਹਨ, ਜਿਹੜੇ ਇਸ ਸੰਸਥਾਂ ਵਿਚ ਔਰਤ ਨੂੰ ਵੀ ਮਰਦ ਦੇ ਬਰਾਬਰ ਦੇ ਅਧਿਕਾਰ ਦੇਣ ਦੇ ਸਮਰੱਥ ਹੋਣ। ਨਾਵਲ ਅਨੁਸਾਰ ਭਾਵੇਂ ਮਾਪੇ ਆਪਣੇ ਵੱਲੋਂ ਆਪਣੀ ਧੀ ਲਈ ਚੰਗਾ ਵਰ ਤੇ ਘਰ ਹੀ ਤਲਾਸ਼ ਕਰਦੇ ਹਨ, ਫਿਰ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਣ ਦੀ ਸੰਸਕਾਰਗਤ ਰੂੜੀ ਕਾਰਨ ਬਹੁਤ ਸਾਰੀਆਂ ਧੀਆਂ ਨੂੰ ਸਾਰੀ ਉਮਰ ਮਾਨਸਿਕ ਸੰਤਾਪ ਭੋਗਣਾ ਪੈਂਦਾ ਹੈ। ਰਾਜੀ ਦਾ ਵਿਚਾਰ ਹੈ ਕਿ ਜੇ ਕੁੜੀਆਂ ਪੜ੍ਹ ਲਿਖ ਕੇ ਰੁਜ਼ਗਾਰਸ਼ੁਦਾ ਬਣ ਜਾਣ ਤਾਂ ਉਨ੍ਹਾਂ ਦੇ ਹੱਕ ਕੋਈ ਨਹੀਂ ਖੋਹ ਸਕਦਾ।
ਇਹ ਪੰਜੇ ਸਹੇਲੀਆਂ ਵੱਲੋਂ ਔਰਤ ਨਾਲ ਹੋਣ ਵਾਲੇ ਸਮਾਜਿਕ ਵਿਤਕਰੇ ਦਾ ਵਿਰੋਧ ਕਰਨ ਦੀ ਸ਼ੁਰੂਆਤ ਉਦੋ ਹੁੰਦੀ ਹੈ ਜਦੋ ਰਾਜੀ ਦੀ ਭੈਣ ਕੁਲਵੰਤ ਦਾ ਰਿਸ਼ਤਾ ਇਕ ਅਮੀਰ ਪਰਿਵਾਰ ਦੇ ਮੁੰਡੇ ਜਗਬੀਰ ਨਾਲ ਤੈਅ ਹੋ ਜਾਂਦਾ ਹੈ। ਭਾਵੇਂ ਜਗਬੀਰ ਤੇ ਉਸਦੇ ਮਾਪੇ ਲਾਲਚੀ ਕਿਸਮ ਦੇ ਲੋਕ ਹੀਂ ਹਨ ਪਰ ਵਿਚੋਲਾ ਵਿਆਹ ਮੰਡੀ ਵਿਚ ਆਪਣਾ ਮੁੱਲ ਵਧਾਉਣ ਲਈ ਆਪਣੇ ਵੱਲੋਂ ਹੀ ਕੁੜੀ ਵਾਲਿਆਂ ਦੇ ਘਰ ਸੁਨੇਹਾ ਪਹੁੰਚਾ ਦਿੰਦੀ ਹੈ ਕਿ ਮੁੰਡੇ ਦੀ ਮਾਂ ਦਾਜ ਵਿਚ ਕੋਈ ਮਹਿੰਗੀ ਕਾਰ ਲੈਣ ਦੀ ਇੱਛਾ ਰੱਖਦੀ ਹੈ। ਭਾਵੇਂ ਰਾਜੀ ਦੇ ਮਾਪੇ ਦਾਜ ਵਿੱਚ ਕਾਰ ਦੇਣ ਦੀ ਹੈਸੀਅਤ ਤਾਂ ਨਹੀਂ ਰੱਖਦੇ ਪਰ ਧੀ ਦਾ ਰਿਸ਼ਤਾ ਟੁੱਟਣ ਦੇ ਡਰ ਕਾਰਨ ਉਹ ਕਰਜ਼ਾ ਚੁੱਕ ਕੇ ਵੀ ਮੁੰਡੇ ਵਾਲਿਆਂ ਦੀ ਮੰਗ ਪੂਰੀ ਕਰਨ ਲਈ ਤਿਆਰ ਹੋ ਜਾਂਦੇ ਹਨ। ਰਾਜਵੰਤ ਇਹ ਸਮੱਸਿਆ ਆਪਣੀਆਂ ਸਹੇਲੀਆਂ ਨਾਲ ਸਾਂਝੀ ਕਰਦੀ ਹੈ ਤਾਂ ਪੰਜੇ ਜਣੀਆਂ ਆਪਣੇ ਮਾਪਿਆਂ ਤੋਂ ਚੋਰੀ ਕੁਲਵੰਤ ਦੇ ਹੋਣ ਵਾਲੇ ਪਤੀ ਨੂੰ ਇਸ ਮੰਤਵ ਨਾਲ ਮਿਲਦੀਆਂ ਹਨ ਕਿ ਉਸ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਕੋਈ ਤਰਕਸੰਗਤ ਹੱਲ ਲੱਭਿਆ ਜਾ ਸਕੇ। ਜਗਬੀਰ ਖੁਦ ਅਗਾਂਹਵੱਧੂ ਨੌਜਵਾਨ ਹੈ, ਇਸ ਲਈ ਉਹ ਆਪਣੀਆਂ ਸਾਲੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਦਾਜ ਦਹੇਜ ਦੇ ਹੱਕ ਵਿਚ ਨਹੀਂ ਹੈ ਤੇ ਇਸ ਸਮੱਸਿਆਂ ਹੱਲ ਵੀ ਉਹ ਆਪ ਹੀ ਤਲਾਸ਼ ਕਰੇਗਾ । ਉਹ ਅੱਗੇ ਲਈ ਨਾਰੀ ਹੱਕਾਂ ਲਈ ਲੜੀ ਜਾਣ ਵਾਲੀ ਵਾਲੀ ਵਿੱਚ ਉਨ੍ਹਾਂ ਦਾ ਸਾਥ ਦੇਣ ਦੀ ਹਾਮੀ ਵੀ ਭਰਦਾ ਹੈ।
ਭੈਣ ਦੇ ਵਿਆਹ ਵਿਚ ਆਈ ਰੁਕਾਵਟ ਨੂੰ ਦੂਰ ਕਰਕੇ ਰਾਜਵੰਤ ਦਾ ਹੌਸਲਾ ਵੱਧ ਜਾਂਦਾ ਹੈ ਤਾਂ ਉਹ ਮਨ ਬਣਾ ਲੈਂਦੀ ਹੈ ਕਿ ਉਹ ਆਪ ਪੜ੍ਹ ਲਿਖ ਕੇ ਆਪਣੀ ਸਮਾਜਿਕ ਹੋਂਦ ਨੂੰ ਸਥਾਪਿਤ ਕਰੇਗੀ ਤੇ ਆਪਣੇ ਜੀਵਨ ਸਾਥੀ ਦੀ ਚੋਣ ਵੀ ਆਪ ਹੀ ਕਰੇਗੀ। ਉਸਦੀਆਂ ਚਾਰੇ ਸਹੇਲੀਆਂ ਦੇ ਮਾਪੇ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਦੀ ਬਜਾਏ ਉਨ੍ਹਾਂ ਦੇ ਵਿਆਹ ਛੇਤੀ ਕਰਨ ਵਿਚ ਆਪਣੀ ਤੇ ਉਨ੍ਹਾਂ ਦੀ ਭਲਾਈ ਵੇਖਦੇ ਹਨ । ਉਹ ਰਾਜਵੰਤ ਵਾਂਗ ਮਾਨਸਿਕ ਤੌਰ ‘ਤੇ ਦ੍ਰਿੜ ਨਹੀਂ ਹਨ ,ਇਸ ਲਈ ਹੋਰ ਪੜ੍ਹਣ ਲਿਖਣ ਦੀ ਇੱਛਾ ਦਾ ਪ੍ਰਗਟਾਵਾ ਕਰਨ ਦੀ ਬਜਾਏ ਉਹ ਆਪਣੇ ਮਾਪਿਆਂ ਦੀ ਇੱਛਾ ਅੱਗੇ ਸਿਰ ਝੁਕਾ ਦਿੰਦੀਆਂ ਹਨ । ਇਸ ਕੰਮਜੋਰ ਮਾਨਸਿਕਤਾ ਦਾ ਖਮਿਆਜ਼ਾ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਉਸ ਵੇਲੇ ਭੋਗਣਾ ਪੈਂਦਾ ਹੈ, ਜਦੋਂ ਉਹ ਆਪਣੇ ਆਪਣੇ ਸਹੁਰੇ ਘਰ ਵਿਚ ਜ਼ਰ- ਖਰੀਦ ਗੁਲਾਮ ਬਣ ਕੇ ਰਹਿ ਜਾਂਦੀਆਂ ਹਨ। ਚਾਹੇ ਸਕੂਲ ਵਿਚ ਪੜ੍ਹਦੀ ਸਾਖਸ਼ੀ ਦਾ ਰਿਸ਼ਤਾ ਤੈਹ ਹੋਣ ’ਤੇ ਰਾਜੀ ਉਸਦੇ ਮਾਪਿਆਂ ਨੂੰ ਸਮਝਾਉਂਦੀ ਵੀ ਹੈ ਪਰ ਸਾਖਸ਼ੀ ਦੇ ਚੁੱਪ ਰਹਿਣ ਕਾਰਨ ਉਸ ਨੂੰ ਵਿਆਹ ਤੋਂ ਪਹਿਲਾਂ ਬਾਰਵੀਂ ਦੇ ਪੇਪਰ ਦੇਣ ਦੀ ਛੋਟ ਹੀ ਮਿਲਦੀ ਹੈ।
ਰਾਜਵੰਤ ਦੀ ਮਾਨਸਿਕ ਦ੍ਰਿੜਤਾ ਦੀ ਅਸਲ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਉਸਦੇ ਮਾਪੇ ਵਿਚੋਲੇ ’ਤੇ ਵਿਸ਼ਵਾਸ ਕਰਕੇ ਉਸਦਾ ਵਿਆਹ ਇਕ ਅਮੀਰ ਸਮਝੇ ਜਾਂਦੇ ਮੁੰਡੇ ਨਾਲ ਕਰਨ ਲਈ ਕਾਹਲੇ ਪੈ ਜਾਂਦੇ ਹਨ। ਉਹ ਨਾ ਤਾਂ ਆਪਣੇ ਮਾਪਿਆਂ ਦਾ ਮਾਣ ਤੋੜਣਾ ਚਾਹੁੰਦੀ ਤੇ ਨਾ ਹੀ ਵਕੀਲ ਬਣ ਕੇ ਔਰਤ ਦਾ ਹਿੱਤਾਂ ਲਈ ਲੜਣ ਸਬੰਧੀ ਆਪਣੇ ਲਈ ਨਿਸਚਿਤ ਕੀਤੇ ਟੀਚੇ ਤੋਂ ਪਿੱਛੇ ਹੱਟਣਾ ਚਾਹੁੰਦੀ ਹੈ। ਇਸ ਮੌਕੇ ‘ਤੇ ਉਸਦਾ ਜੀਜਾ ਜਗਬੀਰ ਉਸ ਨਾਲ ਕੀਤਾ ਵਾਅਦਾ ਪੁਗਾਉਣ ਲਈ ਉਸਦਾ ਸਾਥ ਦਿੰਦਿਆਂ ਆਪਣੇ ਸਹੁਰੇ ਨੂੰ ਪ੍ਰੇਰਿਤ ਕਰ ਲੈਂਦਾ ਹੈ ਕਿ ਵਿਚੋਲੇ ਤੇ ਵਿਸ਼ਵਾਸ ਕਰਨ ਦੀ ਬਜਾਏ ਮੁੰਡੇ ਤੇ ਉਸਦੇ ਘਰ ਬਾਰ ਬਾਰੇ ਆਪਣੇ ਪੱਧਰ ’ਤੇ ਵੀ ਜਾਣਕਾਰੀ ਲਈ ਜਾਵੇ ਤੇ ਰਾਜਵੰਤ ਦੇ ਵਿਆਹ ਕੁਝ ਅੱਗੇ ਪਾ ਦਿੱਤਾ ਜਾਵੇ। ਇਸ ਸਮੇਂ ਦੌਰਾਨ ਹੀ ਅਮੀਰ ਘਰ ਦਾ ਨਸ਼ੇੜੀ ਤੇ ਐਬੀ ਕਾਕਾ ਸ਼ਰਾਬੀ ਹਾਲਤ ਵਿਚ ਬੱਸ ਵਿਚ ਬੈਠੀ ਰਾਜੀ ਦਾ ਗੁੱਟ ਫੜ੍ਹ ਕੇ ਆਪ ਹੀ ਅਜਿਹਾ ਹਾਲਤ ਪੈਦਾ ਕਰ ਦਿੰਦਾ ਹੈ ਰਾਜਵੰਤ ਦਾ ਪਿਉ ਕਿਸੇ ਵਿਗੜੇ ਕਾਕੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਆਪ ਹੀ ਇੰਨਕਾਰ ਕਰ ਦੇਵੇ। ਨਾਵਲ ਵਿਚ ਇਹ ਘਟਨਾਕ੍ਰਮ ਵਾਪਰਣ ’ਤੇ ਰਾਜੀ ਦੇ ਮਾਪਿਆਂ ਨੂੰ ਇਹ ਅਹਿਸਾਸ ਵੀ ਹੁੰਦਾ ਹੈ ਕਿ ਧੀ ਲਈ ਤਲਾਸ਼ੇ ਵਰ ਦੀ ਯੋਗਤਾ ਸਿਰਫ਼ ਉਸਦੇ ਨਾਂ ਬੋਲਦੀ ਜ਼ਮੀਨ ਹੀ ਨਹੀਂ ਹੁੰਦੀ।
ਨਾਵਲ ਇਹ ਵੀ ਸਾਬਤ ਕਰਦਾ ਹੈ ਕਿ ਸਾਰੇ ਮਰਦ ਔਰਤ ਦੇ ਮਨੁੱਖੀ ਹੱਕ ਖੋਹਣ ਵਾਲੇ ਨਹੀਂ ਹੁੰਦੇ ਸਗੋਂ ਜਗਬੀਰ ਵਰਗੇ ਕੁਝ ਅਗਾਂਹਵੱਧੂ ਨੌਜਵਾਨ ਇਨ੍ਹਾਂ ਅਧਿਕਾਂਰਾ ਦੀ ਲੜਾਈ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ ਵੀ ਹੁੰਦੇ ਹਨ। ਆਪਣੇ ਨਿਸਚਿਤ ਟੀਚੇ ਅਨੁਸਾਰ ਵਕੀਲ ਬਣੀ ਰਾਜੀ ਆਪਣੇ ਜੀਵਨ ਸਾਥੀ ਵਜੋਂ ਜਸਪ੍ਰੀਤ ਸਿੰਘ ਆਈ.ਪੀ.ਐਸ ਦੀ ਚੋਣ ਵੀ ਉਸ ਦੇ ਅਗਾਹਵੱਧੂ ਵਿਚਾਰਾਂ ਕਾਰਨ ਹੀ ਕਰਦੀ ਹੈ। ਜਸਪ੍ਰੀਤ ਸਿਰਫ ਉਸਨੂੰ ਹੀ ਘਰ ਵਿੱਚ ਬਰਾਬਰੀ ਦੇ ਅਧਿਕਾਰ ਨਹੀਂ ਦਿੰਦਾ ਸਗੋਂ ਉਸਦੀਆਂ ਸਹੇਲੀਆਂ ਦੀ ਲੀਹ ਤੋਂ ਲੱਥੀ ਗ੍ਰਹਿਸਥੀ ਗੱਡੀ ਨੂੰ ਵੀ ਮੁੜ ਲੀਹ ‘ਤੇ ਪਾਉਣ ਵਿੱਚ ਉਨ੍ਹਾਂ ਦੀ ਮੱਦਦ ਕਰਦਾ ਹੈ। ਰਾਜੀ ਆਪਣੀ ਇੱਛਤ ਮੰਜ਼ਲ ‘ਤੇ ਪਹੁੰਚ ਸਕੇਗੀ ਜਾਂ ਨਹੀਂ, ਇਹ ਜਾਨਣ ਦੀ ਉਤਸੁਕਤਾ ਨਾਵਲ ਪਾਠ ਦੀ ਦਿਲਚਸਪੀ ਨੂੰ ਲਗਾਤਾਰ ਬਣਾਈ ਰੱਖਦੀ ਹੈ। ਔਰਤ ਨੂੰ ਆਪਣੇ ਮਕਸਦ ਵਿਚ ਕਾਮਯਾਬ ਹੋਇਆ ਵੇਖਣ ਲਈ ਨਾਵਲ ਦਾ ਅੰਤ ਭਾਵੇਂ ਕੁਝ ਨਾਟਕੀ ਜਿਹਾ ਬਣ ਗਿਆ ਹੈ ਪਰ ਨਾਵਲ ਵਿਚਲਾ ਕਹਾਣੀ ਰਸ ਇਸ ਗੱਲ ਨੂੰ ਵਧੇਰੇ ਅੱਖਰਣ ਨਹੀਂ ਦਿੰਦਾ। ਗਲਪ ਦੇ ਖੇਤਰ ਵਿਚ ਲੇਖਕ ਦੇ ਹੋਰ ਚੰਗੇਰੇ ਭਵਿੱਖ ਦੀ ਨਿਸ਼ਾਨਦੇਹੀ ਕਰਨ ਵਾਲੇ ਇਸ ਨਾਵਲ ਨੂੰ ਜੀ ਆਇਆਂ ਆਖਦਾ ਹਾਂ।