1947 ਵੰਡ ਦੌਰਾਨ ਮਨੁੱਖਤਾ ਦਾ ਬਹੁਤ ਘਾਣ ਹੋਇਆ। ਤਕੀਰਬਨ 10 ਲੱਖ ਤੋਂ ਵੱਧ ਜਾਨਾਂ ਗਈਆਂ ਅਤੇ 20 ਕਰੋੜ ਤੋਂ ਵੱਧ ਲੋਕ ਇਸ ਵੰਡ ਤੋਂ ਪ੍ਰਭਾਵਿਤ ਹੋਏ। ਜਿਸ ਦਾ ਅਸਰ ਅਜੇ ਵੀ ਵੇਖਣ ਨੂੰ ਮਿਲਦਾ ਹੈ। ਜਦੋਂ ਅਸੀਂ ਦੋਹਾਂ ਦੇਸ਼ਾਂ ਦੇ ਪੁਰਾਣੇ ਬਜ਼ੁਰਗਾਂ ਦੀਆਂ ਇੰਟਰਵਿਊ ਸੁਣਦੇ ਹਾਂ ਤਾਂ ਉਹਨਾਂ ਦੇ ਬੋਲਾਂ ਨਾਲੋਂ ਜ਼ਿਆਦਾ ਉਹਨਾਂ ਦੇ ਹੰਝੂ ਵੰਡ ਦੀ ਕਥਾ ਆਪਣੇ ਆਪ ਕਹਿ ਜਾਂਦੇ ਹਨ। ਅਜ਼ਾਦੀ ਦੇ 75 ਸਾਲਾਂ ਬਾਅਦ ਉਸੇ ਤਰ੍ਹਾਂ ਦੀਆਂ ਗੱਲਾਂ ਸੁਣਨ ਵੇਖਣ ਨੂੰ ਮਿਲ ਰਹੀਆਂ ਹਨ । ਦੋਹਾਂ ਦੇਸ਼ਾਂ ਭਾਰਤ ਪਾਕਿ ਵਿੱਚ ਕਈ ਵਾਰ ਯੁੱਧ ਹੋ ਚੁੱਕਾ ਹੈ। ਰੂਸ, ਯੂਕਰੇਨ, ਇਸਰਾਇਲ, ਪੈਲਿਸਟਾਇਨ, ਲਿਬਨਾਨ, ਇਰਾਨ ਤੇ ਅਮਰੀਕਾ ਵਿੱਚ ਹੋ ਰਹੀਆਂ ਜੰਗਾਂ ਅਤੇ ਦਿੱਲੀ ਵਿੱਚ ਹੋ ਰਹੀਆਂ ਵਿਦਿਆਰਥੀ ਰੈਲੀਆਂ ਅਤੇ ਉਹਨਾਂ ਉਪਰ ਹੋ ਰਿਹਾ ਪੁਲਸ ਤਸ਼ੱਦਦ ਵੇਖਿਆ ਗਿਆ ਜਾ ਚੁੱਕਾ ਹੈ। ਭਾਵੇਂ ਅੰਤ ਵਿੱਚ ਜਿੱਤ ਯੈਨ-ਜ਼ੀ ਦੀ ਹੋਈ ਹੈ। ਪਰ ਇਹ ਸਭ ਘਟਨਾਵਾਂ ਦਰਸਾ ਰਹੀਆਂ ਹਨ ਕਿ ਬੰਦੇ ਨੇ ਪੁਰਾਤਨ ਘੱਲੂ ਘਾਰਿਆਂ, ਅੰਦੋਲਨਾਂ ਅਤੇ ਮਹਾਂ ਯੁੱਧਾਂ ਤੋਂ ਕੁਝ ਵੀ ਨਹੀਂ ਸਿੱਖਿਆ। ਸਰਕਾਰੀ ਤੰਤਰ ਨੇ ਤਾਂ ਬਿਲਕੁਲ ਵੀ ਨਹੀਂ। ਇਸ ਕਰਕੇ ਕਿਤਾਬ ਪੌਣਾਂ ਮੀਲ ਸਰਹੱਦ ਦੀ ਇਤਿਹਾਸਿਕ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਤਲਖ਼ ਵੇਲੇ’ ਲੇਖ ਵਿੱਚ ਲੇਖਿਕਾ ਇਸ ਤਰਾਂ ਬਿਆਨ ਕਰਦੀ ਹੈ ਕਿ ” ਜਿੰਨਾਂ 47 ਲੰਘੀ, ਮਨੁੱਖੀ ਤ੍ਰਾਸਦੀ ਵੇਖੀ, ਹੱਡੀ ਹੰਡਾਈ, ਉਹਨਾਂ ਲੱਖਾਂ ਵਿੱਚ ਸਾਡਾ ਪਿੰਡ, ਸਾਡਾ ਪਰਿਵਾਰ, ਓੜਮਾ ਕੋੜਮਾ ਸ਼ੁਮਾਰ ਸੀ। ਸਾਡੇ ਬਚਪਨ ਤੋਂ ਜਵਾਨੀ ਤੱਕ, ਪਾਤਸ਼ਾਹੋਂ ਫਕੀਰ ਹੋਇਆ ਦੀਆਂ, ਅਨੇਕਾਂ ਕਹਾਣੀਆਂ, ਸਾਡੇ ਵੇਹੜਿਆਂ ਵਿੱਚ ਤੁਰੀਆਂ ਫਿਰਦੀਆਂ ਹਨ।“
ਸਾਹਿਤਕ ਕਿਰਤ ਆਪਣੇ ਆਪ ਦੇ ਵਿੱਚ ਸੰਦੇਸ਼ ਹੁੰਦੀ ਹੈ। ਪੌਣਾ ਮੀਲ ਸਰਹੱਦ ਆਕਾਰ ਵਿੱਚ ਸਿਰਫ 83 ਸਫ਼ਿਆਂ ਤੇ ਫੈਲੀ ਹੋਈ ਛੋਟੀ ਜਿਹੀ ਕਿਤਾਬ ਹੈ ਪਰ ਇਸ ਵਿਚਲਾ ਸੰਦੇਸ਼ ਬਹੁਤ ਵੱਡਾ ਹੈ। ਇਸ ਪੁਸਤਕ ਦੇ ਵਾਰਤਕ ਵਾਲੇ ਹਿੱਸੇ ਵਿੱਚ, ਤਿੰਨ ਪੀੜ੍ਹੀਆਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੋ ਰਹੀਆਂ ਵਿਖਾਈਆਂ ਗਈਆਂ ਹਨ। ਇਸ ਵਿਚਲੇ ਲੇਖ ਵਾਰਤਕ ਦੀਆਂ ਵੱਖ ਵੱਖ ਸ਼ੈਲੀਆਂ ਨੂੰ ਪ੍ਰਗਟ ਕਰਦੇ ਹਨ। ਜਿਵੇਂ ਸਾਹਿਤਕ ਵਾਰਤਕ, ਨਕਸ਼ਾ ਬੰਦੀ, ਭੂਗੋਲਿਕ ਗਿਆਨ, ਇਤਿਹਾਸਕ ਜਾਂ ਇਤਿਹਾਸ ਦਾ ਪੁਨਰ ਸਿਰਜਣ ਕਰਦੀ ਵਾਰਤਕ, ਰੂਬਰੂ ਕਰਦੀ, ਸੰਵਾਦ ਰਚਾਉਂਦੀ ਅਤੇ ਪੱਤਰ-ਵਿਹਾਰ ਰਾਹੀਂ ਲਿਖੀ ਗਈ ਵਾਰਤਕ ਦੇ ਦਰਸ਼ਨ ਵੀ ਹੁੰਦੇ ਹਨ। ਇਸ ਪੁਸਤਕ ਵਿੱਚ ਅੱਠ ਨਿਬੰਧ ਅਤੇ 33 ਕਵਿਤਾਵਾਂ ਹਨ। ਕੋਈ ਵੀ ਨਿਬੰਧ ਚਾਰ ਸਫ਼ੇ ਤੋਂ ਵੱਧ ਲੰਮਾ ਨਹੀਂ ਹੈ। ਤਿੰਨ ਨਿਬੰਧ ਤਾਂ ਇਕ ਇਕ ਸਫ਼ੇ ਦੇ ਹੀ ਹਨ। ਦੋ ਚਿੱਠੀਆਂ, ਫ਼ੋਟੋ ਸਮੇਤ, ਛੇ ਸਫ਼ਿਆਂ ਵਿੱਚ ਆਈਆਂ ਹਨ। ਆਕਾਰ ਵਿਚ ਛੋਟੇ ਹੋਣ ਤੇ ਬਾਵਜੂਦ ਵੀ ਇਹ ਕਿਤਾਬ ਵੱਡੇ ਸੁਨੇਹੇ ਦਿੰਦੀ ਹੈ। ਇਹ ਪੁਸਤਕ ਸਿਰਫ ਸੁਰਿੰਦਰ ਗਿੱਲ ਜੈਪਾਲ ਦੀ ਨਹੀਂ ਹੈ ਬਲਕਿ ਇਸ ਪੁਸਤਕ ਨੂੰ ਲਿਖਣ ਅਤੇ ਸੰਪੂਰਨ ਕਰਨ ਵਿੱਚ ਕਿੰਨੇ ਹੀ ਹੋਰ ਲੇਖਕਾਂ ਨੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਿੱਸਾ ਪਾਇਆ ਹੈ। ਜਿੰਨ੍ਹਾਂ ਵਿੱਚ ਸੰਗੀਤ ਤੂਰ, ਜਸਦੀਪ ਸਿੰਘ, ਅਨੂ, ਬਲਕਾਰ ਸਿੰਘ, ਪਰਕਾਸ਼ ਸਿੰਘ ਮੌੜ ਅਤੇ ਜਗਮੋਹਨ ਸਿੰਘ ਮੌੜ, ਚਾਚੀਆਂ, ਤਾਈਆਂ, ਮਾਸੀਆਂ, ਲੇਖਿਕਾ ਦੀ ਮਾਤਾ ਬਲਵੰਤ ਕੌਰ, ਪਿਤਾ ਕਿਰਪਾਲ ਸਿੰਘ ਗਿੱਲ ਅਤੇ ‘47 ਦੀ ਵੰਡ ਤੋਂ ਪ੍ਰਭਾਵਿਤ ਹਜ਼ਾਰਾਂ ਲੋਕ ਇਸ ਕਿਤਾਬ ਦੇ ਜਿਵੇਂ ਰਚਣਹਾਰ ਬਣ ਗਏ ਹਨ। ਪਰ ਲੰਘੇ ਸਭ ਸੁਰਿੰਦਰ ਗਿੱਲ ਜੈਪਾਲ ਦੀ ਕਲਮ ਦੀ ਨੋਕ ਵਿੱਚੋਂ ਹੀ ਹਨ। ਉਸ ਨੇ ਲੋਕਾਂ ਦੀ ਸ਼ਮੂਲੀਅਤ ਬੜੀ ਸ਼ਿੱਦਤ ਅਤੇ ਸਫਲਤਾ ਨਾਲ ਕੀਤੀ। ਇਹ ਉਸਦੀ ਵਿਲੱਖਣ ਸ਼ੈਲੀ ਦਾ ਸਭ ਤੋਂ ਉਤਮ ਗੁਣ ਹੋ ਨਿਬੜਿਆ ਹੈ।
ਪੌਣਾ ਮੀਲ ਸਰਹੱਦ ਨਿਬੰਧ ਵਿੱਚ ਵੰਡ ਦੌਰਾਨ ਹੋਏ ਘਲੂਘਾਰੇ ਵਿੱਚੋਂ ਬੱਚ ਕੇ ਨਿਕਲਿਆ ਲੇਖਿਕਾ ਦੀ ਭੂਆ ਦਾ ਦਿਉਰ ਬਲਕਾਰ ਸਿੰਘ ਦੱਸਦਾ ਹੈ; ਪੰਨਾ 21 “ਸਾਡੀ ਦਾਦੀ ਵਡੇਰੀ ਸੀ, ਟੁਰ ਵੀ ਨਹੀਂ ਸੀ ਹੁੰਦਾ, ਤੇ ਨਿਗਾਹ ਵੀ ਬਣਾਉਣੀ ਸੀ, ਉਹ ਘਰੇ ਰਹਿ ਗਈ, ਉਹਦੇ ਨਾਲ ਕੀ ਭਾਣਾ ਵਰਤਿਆ ਤੇ ਕੀ ਨਾ, ਸਾਨੂੰ ਕੋਈ ਪਤਾ ਨਹੀਂ....”
ਬਲਕਾਰ ਸਿੰਘ ਦਾ ਆਖ਼ਰੀ ਬਿਆਨ ‘ਪੌਣਾ ਮੀਲ ਸਰਹੱਦ’ ਨੂੰ ਅਣਗਿਣਤ ਮੀਲਾਂ ਵਿੱਚ ਬਦਲ ਦਿੰਦਾ ਹੈ। ...”ਪਤਾ ਨਹੀਂ ਕਿਵੇਂ ਗੁਜ਼ਰ ਗਈ ਜ਼ਿੰਦਗੀ...? ਹੁਣ ਤਾਂ ਬਥੇਰੀ ਉਮਰਾ ਹੋ ਗਈ, ਪਰ ਜੇ ਹੁਣ ਵੀ “ਢੋਲਣ” (ਇਲਾਕੇ ਦਾ ਨਾਮ) ਲਗਾ ਜਾਵਾਂ, ਤਾਂ ਆਪਣਾ ਘਰ ਤੇ ਪਿੰਡ, ਸਭ ਕੁਝ ਪਛਾਣ ਲਵਾਂਗਾ। ਪਰ ਉਹ ਪੌਣਾ ਮੀਲ... ਜਿਥੇ ਸਾਡਾ ਬਚਪਨ ਲੁੱਟਿਆ ਗਿਆ, ਪਰਿਵਾਰ ਵੱਢਿਆ ਗਿਆ ਤੇ ਜ਼ਿੰਦਗੀ ਉੱਜੜ ਗਈ, ਮੈਂ ਲੰਘ ਨਹੀਂ ਸਕਾਂਗਾ, ਉਹ ਪੌਣਾ ਮੀਲ...।“ (22)
ਉਹ ਪੌਣਾ ਮੀਲ ਧਰਤੀ ਦਾ ਕੋਈ ਟੁਕੜਾ ਨਹੀਂ ਹੈ ਬਲਕਿ ਬਲਕਾਰ ਸਿੰਘ ਤੇ ਉਸ ਵਰਗੇ ਸੈਕੜੇ ਹੋਰ ਲੋਕਾਂ ਦੀਆਂ ਭਾਵਨਾਵਾਂ ਦੀ ਕਤਲਗਾਹ ਹੈ। ਉਸ ਵਿੱਚੋਂ ਗੁਜ਼ਰਨਾ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਲਈ ਬੇਹੱਦ ਦੁੱਖ ਦਾਈ ਹੋ ਸਕਦਾ ਹੈ। ਇਹ ਇਸ ਪੁਸਤਕ ਦਾ ਇਕ ਬਹੁਤ ਵੱਡਾ ਸੰਦੇਸ਼ ਹੈ।
ਇਸ ਵਿੱਚ ‘ਖ਼ਿਆਲੀ ਕਵਿਤਾ’ ਅਤੇ ਵਿਰਾਸਤ ਨਾਂ ਦੇ ਨਿਬੰਧ -ਸੰਗੀਤ ਤੂਰ ਨੇ ਲਿਖੇ। ਇਕ ਚਿੱਠੀ ਸੰਗੀਤ ਤੂਰ ਨੇ ਦਸੰਬਰ 2023 ਨੂੰ ਆਪਣੀ ਸਹੇਲੀ ਅਨੂ ਨੂੰ ਲਿਖੀ। ਸੰਗੀਤ ਤੂਰ ਸੁਰਿੰਦਰ ਦੀ ਧੀ ਹੈ। ਉਸਦੀ ਦੀ ਵਾਰਤਕ ਦਾ ਨਮੂਨਾ ਵੇਖੋ,” ਮੇਰੀ ਮਾਂ ਦੀ ਲਿਖਾਈ ਦੀ ਪਛਾਣ ਮੈਨੂੰ ਛੋਟੇ ਹੁੰਦਿਆਂ ਤੋਂ ਹੋ ਗਈ ਸੀ। ਕਾਗਜ਼ ਦੇ ਟੋਟਿਆਂ ਤੇ ਲਿਖੀਆਂ ਕਵਿਤਾਵਾਂ ਘਰ ਦੇ ਕੋਨਿਆਂ ਵਿੱਚੋਂ ਲੱਭ ਪੈਣੀਆਂ, ਸੋਹਣੀਆਂ ਲੱਗਣੀਆਂ ਪਰ ਡੂੰਘੀਆਂ ਹੋਣ ਦਾ ਅਹਿਸਾਸ ਨਾ ਹੋਣਾ। ..... ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਵੱਡੇ ਹੋ ਕੇ ਆਪਣੀ ਮਾਂ ਦੀਆਂ ਲਿਖਤਾਂ ਦਾ ਪਹਿਲਾ ਪਾਠਕ ਹੋਵਾਂਗੀ।“ ..... “ਇਹਦੇ ਵਿੱਚ ਮੇਰੀ ਮਾਂ ਦੇ ਬਚਪਨ ਦੇ ਉਹ ਟੋਟੇ ਵੀ ਹਨ ਜੋ ਉਹਨਾਂ ਦੇ ਪਰਿਵਾਰਾਂ ਦੇ ਵੰਡ ਵਿਛੋੜੇ, ਤੋੜ- ਮਰੋੜੇ ਦਰਦਾਂ ਦੇ ਬਿਆਨ ਹਨ।“
ਜਨਵਰੀ 7, 2024 ਨੂੰ ਅਨੂ ਨੇ ਸੰਗੀਤ ਤੂਰ ਨੂੰ ਚਿੱਠੀ ਦਾ ਜੁਆਬ ਲਿਖਦੀ ਹੈ, ਜਿਸਦਾ ਅਨੁਵਾਦ ਜਸਦੀਪ ਸਿੰਘ ਨੇ ਕੀਤਾ। ਅਨੂ ਤੁਲਸੀਦਾਸ ਧਵਨ ਅਤੇ ਚੰਪਾ ਕਟਾਰੀਆ ਦੀ ਦੋਹਤਰੀ ਹੈ, ਉਸ ਨੇ ਸੰਗੀਤ ਨੂੰ ਆਪਣੀ ਨਾਨੀ ਦਾ ਐਨਟੀਕ ਫ਼ਰਨੀਚਰ ਤੋਹਫ਼ੇ ਵਜੋਂ ਦਿੱਤਾ ਤਾਂ ਕਿ ਉਸਦੇ ਘਰ ਵਿੱਚ ਵਿਰਾਸਤ ਦੀ ਸਾਂਭ ਸੰਭਾਲ ਹੋ ਸਕੇ। ਦੋਵੇਂ ਸਹੇਲੀਆਂ ਆਪਣੇ ਪੁਰਖਿਆਂ ਦੀਆਂ ਯਾਦਾਂ ਨੂੰ, ਨਾ ਸਿਰਫ ਸੰਭਾਲ ਰਹੀਆਂ ਹਨ ਬਲਕਿ ਅਗਲੀ ਪੀੜ੍ਹੀ ਤੱਕ ਲੈ ਕੇ ਜਾ ਰਹੀਆਂ ਹਨ। ਉਹ ਆਪਣੇ ਬੱਚਿਆਂ ਨੂੰ, ਵਿਰਾਸਤੀ ਕੁਰਸੀਆਂ ਤੇ ਬਿਠਾ ਕੇ ਆਧੁਨਿਕ ਸਿੱਖਿਆ ਦੇ ਦਿੰਦੀਆਂ ਹੋਈਆਂ, ਆਪਣੀ ਵਿਰਾਸਤ ਨਾਲ ਵੀ ਜੋੜ ਰਹੀਆਂ ਹਨ।
ਪੌਣਾ ਮੀਲ ਸਰਹੱਦ ਵਿੱਚ ਦਰਸਾਇਆ ਨਕਸ਼ਾ -ਸੰਦੀਪ ਤੂਰ ਨੇ ਬੜੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ। ਇਹ ਸਿਰਫ ਇਕ ਨਕਸ਼ਾ ਨਹੀਂ ਹੈ ਬਲਕਿ ਉਸ ਦਰਦ ਦੇ ਦਰਿਆ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਦੋਹਾਂ ਮੁਲਕਾਂ ਦੇ ਲੋਕ ਡੁੱਬ ਕੇ ਨਿਕਲੇ। ਉਹਨਾਂ ਦੇ ਪਿੰਡੇ ਹੀ ਨਹੀਂ ਬਲਕਿ ਰੂਹਾਂ ਵੀ ਅਜੇ ਤੱਕ ਸੋਗ ਦੇ ਕੰਡਿਆਂ ਦੀ ਪੀੜ ਝੱਲ ਰਹੇ ਹਨ।
ਕਹਾਣੀਆਂ ਨਹੀਂ, ਵਾਰਦਾਤਾਂ ਨੇ -ਸੁਰਿੰਦਰ ਗਿੱਲ ਜੈਪਾਲ ਦੀ ਸੰਬਾਦ ਭਰਪੂਰ ਵਾਰਤਕ:
“ਅਸੀਂ ਕਹਿਣਾ ਮਾਸੀ ਜੀ ਕੱਲ ਵਾਲੀ ਕਹਾਣੀ ਸੁਣਾਓ,
“ਵੱਡਣ ਜੋਗੀਆਂ ਨਾ ਹੋਣ ਤੇ,
ਇਹ ਕੋਈ ਕਹਾਣੀਆਂ ਨਹੀਂ, ਇਹ ਤਾਂ ਵਾਰਦਾਤਾਂ ਨੇ”
ਤੇ ਫਿਰ ਉਹ ਵਾਰਦਾਤ ਸੁਣਾਉਂਦੇ,
“ਫਸਾਦੀ ਕਹਿਣ ਲੱਗੇ ਕਿ ਜਾਂ ਤਾਂ ਧਰਮ ਬਦਲੀ ਕਰ ਲਓ ਜਾਂ ਮਰਨ ਲਈ ਤਿਆਰ ਹੋ ਜਾਓ।“
ਸਾਡੇ ਬੰਦਿਆਂ ਆਖਿਆ, “ਬਈ ਧਰਮ ਬਦਲ ਲੈਂਦੇ ਆ….”
ਜਰਾ ਸੋਚੋ, ਉਸ ਵਕਤ ਕਿੰਨਾ ਦਰਦਨਾਕ ਅਤੇ ਖਤਰਨਾਕ ਮਾਹੌਲ ਹੋਵੇਗਾ ਕਿ ਲੋਕ ਆਪਣਾ ਧਰਮ ਬਦਲਣ ਤੱਕ ਵੀ ਤਿਆਰ ਹੋ ਗਏ ਸਨ। ਧਰਮ ਬਦਲੀ ਹੋਏ ਵੀ, ਇਧਰ ਵੀ ਉਧਰ ਵੀ। ਇਹ ਜਿਹੜੀਆਂ ਗੋਤਾਂ ਮਿਲਦੀਆਂ ਹਨ ਦੋਵੇਂ ਪਾਸੇ, ਗਿੱਲ, ਸੰਧੂ, ਚੱਠਾ, ਚੀਮਾ, ਖੋਖਰ ਸਰਾ, ਹੋਰ ਕਿੰਨੇ ਹੀ..। ਉਸ ਮਹੌਲ ਦਾ ਵੀ ਨਤੀਜਾ ਸੀ, ਪੰਜਾਬੀ ਹੋਣ ਦਾ ਵੀ ਅਤੇ ਹੋਰ ਵੀ ਕਈ ਗੁੱਝੇ ਕਾਰਣ ਹੋ ਸਕਦੇ ਹਨ ਜਿੰਨ੍ਹਾਂ ਦੀ ਖੋਜ ਹੋਣੀ ਬਾਕੀ ਹੈ।
ਸਾਡਾ ਦੇਸ, ਆਜ਼ਾਦੀ ਦਾ ਲੇਖ, ਉਜੜੇ ਗਰਾਂ ਦੇ ਵਾਸੀ - ਸੁਰਿੰਦਰ ਗਿੱਲ ਜੈਪਾਲ ਨੇ ਇਹ ਲੇਖ ਆਪਣੇ ਨਾਨਾ ਜੀ ਦੇ ਪੋਤਰੇ ਪ੍ਰਕਾਸ਼ ਸਿੰਘ ਮੌੜ ਅਤੇ ਮਨਮੋਹਨ ਸਿੰਘ ਮੌੜ ਤੋਂ ਗੱਲਾਂ ਸੁਣ ਕੇ ਲਿਖਿਆ।
ਉਧਰੋਂ ਉਜੜ ਕੇ ਆਏ ਲੋਕ ਆਪਣੇ ਇਲਾਕਿਆਂ ਸ਼ਹਿਰਾਂ ਨੂੰ ਆਮ ਹੀ ਯਾਦ ਕਰਦੇ ਸੁਣੇ ਗਏ ਹਨ। ਜਿਨ੍ਹਾਂ ਵਿੱਚ ਮੁਲਤਾਨ, ਲਹੌਰ ਰਾਵਲਪਿੰਡੀ, ਕੋਇਟਾ, ਕਰਤਾਰਪੁਰ, ਪੰਜਾ ਸਾਹਿਬ, ਮੁੱਖ ਤੌਰ ਤੇ ਕਹੇ ਜਾ ਸਕਦੇ ਹਨ। ਬਹੁਤ ਸਾਰੇ ਚੱਕ ਨੰਬਰਾਂ ਦਾ ਵੀ ਬੜਾ ਜ਼ਿਕਰ ਸੁਣਿਆ ਅਤੇ ਪੜ੍ਹਿਆ ਗਿਆ ਹੈ। ਇਸ ਪੁਸਤਕ ਵਿੱਚ ਵੀ ਵਾਘਾ ਬਾਰਡਰ, ਅਟਾਰੀ, ਮੁਲਤਾਨ, ਲਹੌਰ, ਸੁਲੇਮਾਨ ਹੈੱਡ, ਢੋਲਣ ਚੱਕ ਨੰਬਰ 7, ਭੋਗੀਵਾਲ, ਫ਼ਿਰੋਜ਼ਪੁਰ ਕੈਂਪ ਦੇ ਨਾਮ ਵਿਸ਼ੇਸ਼ ਤੌਰ ਤੇ ਆਏ ਹਨ। ਕਾਵਿਕ ਵਿਵਰਣ ਇਸ ਤਰਾਂ ਹੈ:
ਸੁਹਣੀਏ ਅਟਾਰੀਏ ਨੀ, ਜਾਨ ਤੋਂ ਪਿਆਰੀਏ ਨੀ,
ਲਹੌਰ ਪਏ ਸੁਫ਼ਨੇ ਨੂੰ, ਮਿਲਣੇ ਦੀ ਤਾਂਘ ਏ,
ਦੱਸ ਖਾਂ ਰਕਾਨੇ, ਕਿੰਨੇ ਫਰਲਾਂਗ ਏ..? (ਤਾਂਘ ਲਹੌਰ ਦੀ 62)
ਉਸ ਦੇ ਲਿਖੇ ਟੱਪੇ-‘47 ਤਾਂ ਵਾਰ ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਹਰ ਟੱਪੇ ਵਿੱਚ ਸ਼ਬਦਾਂ ਤੇ ਪ੍ਰਤੀਕਾਂ ਦੀ ਨਵੀਨਤਾ ਹੈ ਅਤੇ ਵਿਚਾਰਾਂ ਦੀ ਇਤਿਹਾਸਕ ਡੂੰਘਾਈ ਵੀ ਹੈ।
ਵੇਲਾ ਟੁੱਕਰ ਤੋਂ ਮੁੱਕਰ ਗਿਆ,
ਰੋਂਦੇ ਬਾਲ ਸੁਣੇ ਖੇਤ ਨੇ,
ਦੁੱਧ ਛੱਲੀਆਂ ਚ’ ਉੱਤਰ ਪਿਆ।
ਪਿੰਜਰੇ ਚ’ ਰੂਹ ਕੋਈ ਨਾ,
ਧੀਆਂ ਨਾਲ ਖੂਹ ਭਰ ਗਏ,
ਕਿਸੇ ਕਾਲਜੇ ‘ਚ ਧੂਹ ਕੋਈ ਨਾ। (47 (56)
ਸ਼ਾਇਰਾ ਭਾਰਤ ਪਾਕਿਸਤਾਨ ਦੀ ਸਰਹੱਦ ਨੂੰ “ਰਕਤ ਰੇਖਾ” (23) ਰਾਹੀਂ ਸੰਬੋਧਨ ਹੁੰਦੀ ਹੈ।
ਰਕਤ ਰੇਖਾ ਦੇ ਦੋਵੇਂ ਬੰਨੇ,
ਚਾਨਣੀਆਂ ਵਿੱਚ ਉਤਰਨ ਖ਼ਾਤਰ,
ਬਰਛੇ-ਨੇਜੇ ਨੰਗੇ ਹੋਏ,
ਪਾਪ ਕੀ ਜੰਝ ਤੋਂ ਦੱਸ ਜੋਗੀਆ,
ਚੰਪਾ ਕਲੀਆਂ ਫੁੱਲ ਮੋਤੀਏ,
ਕਿਸਰਾਂ ਜਾਣ ਲਕੋਏ?
ਪ੍ਰਸਿੱਧ ਇਤਿਹਾਸਕਾਰ, ਨਾਵਲਕਾਰ, ਕਹਾਣੀ ਲੇਖਕ ਅਤੇ ਕਾਲਮ ਨਵੀਸ ਖੁਸ਼ਵੰਤ ਸਿੰਘ ਨੇ ‘ਟਰੇਨ ਟੂ ਪਾਕਿਸਤਾਨ’ ਨਾਵਲ ਵਿੱਚ, ਅੰਮ੍ਰਿਤਾ ਪ੍ਰੀਤਮ ਨੇ ਪਿੰਜਰ ਨਾਵਲ ਵਿੱਚ, ਹੋਰ ਵੀ ਬਹੁਤ ਸਾਰੇ ਲੇਖਕਾਂ, ਪੱਤਰਕਾਰਾਂ, ਫਿਲਮਕਾਰਾਂ, ਨਾਟਕਕਾਰਾਂ ਨੇ ਭਾਰਤ ਪਾਕਿ ਵੰਡ ਦਾ ਦਰਦਨਾਕ ਜਿਕਰ ਕੀਤਾ ਹੈ। ਉਹਨਾਂ ਵਿੱਚ ਲਾਸ਼ਾਂ ਨਾਲ ਭਰੀਆਂ ਹੋਈਆਂ ਗੱਡੀਆਂ ਇਧਰੋਂ ਉਧਰ ਅਤੇ ਉਧਰੋਂ ਇਧਰ ਆੳਣ ਦਾ ਵੀ ਬਿਆਨ ਸ਼ਾਮਲ ਹੈ। ਇਸ ਮੰਜ਼ਰ ਦਾ ਸੁਰਿੰਦਰ ਗਿੱਲ ਜੈਪਾਲ ਨੇ ਆਪਣੀ ਕਵਿਤਾ, ਚੀਖ਼ ਗੱਡੀ ਦੀ- ਵਿੱਚ ਬੜਾ ਖੌਫ਼ਨਾਕ ਬਿਆਨ ਕੀਤਾ ਹੈ।
ਮੌਸਮ ਨਾ ਇਹ ਭਲਾ ਸੁਣੀਂਦਾ,
ਗਹਿਰ ਖ਼ੂਨ ਦੀ ਚੜ੍ਹੀ ਹੋਈ ਏ,
ਨੈਂ ਜਾਣੀਏਂ ਪਿਛਲੇ ਟੇਸ਼ਨ
ਸਭ ਮੁਸਾਫ਼ਿਰ ਸੁੱਖੀ-ਸਾਂਦੀ, ਲਹਿ ਪਏ ਹੋਵਣ,
ਤਾਹੀਉਂ ਏਥੇ,
ਖਾਲੀ ਗੱਡੀ ਖਲੀ ਹੋਈ ਏ,
ਕਾਵਾਂ ਕੁੱਤਿਆਂ ਗਿਰਝਾਂ ਦੱਸਿਆ,
ਇਹ ਤਾਂ ਗੱਡੀ ਭਰੀ ਹੋਈ ਏ!
ਆਖਰੀ ਪੜਾਅ (38-39)ਨਾਮੀ ਕਵਿਤਾ ਵਿੱਚ ਇਕ ਉੱਜੜੇ ਘਰ ਦਾ ਤਜੁਰਬਾ ਬਿਆਨ ਕਰਦੀ ਹੈ। ਜਿਵੇਂ ਘਰ ਦੀ ਇਕ ਇਕ ਚੀਜ਼ ਬੋਲ ਰਹੀ ਹੋਵੇ। ਦਿਨ ਦਾ ਢਲਾਅ, ਕੋਹੀ ਹੋਈ ਸੁਬ੍ਹਾ ਦੀ ਅਜ਼ਾਨ,
ਟੁੱਟੀਆਂ ਨਮਾਜ਼ਾਂ, ਤਿੜਕੀਆਂ ਰੀਝਾਂ, ਮਨੁੱਖਤਾ ਨੂੰ ਮਾਰੀ ਆਖਰੀ ਅਵਾਜ਼, ਮਾਨਵੀ ਰੂਪ ਧਾਰ ਕੇ ਆਪਣੇ ਵਿਸ਼ਾਦ ਦੀ ਕਥਾ ਦੱਸ ਰਹੇ ਹੋਣ:
ਜੀਆਂ ਨਾਲ ਬੀਤਿਆ,
ਖੋਰੇ ਕੀ-ਕੀ ਵੇਖਿਆ,
ਘਰਾਂ ਦੇ ਮੂੰਹ ਅੱਡੇ ਹੋਏ,
ਠਠੰਬਰੇ ਅਵਾਕ ਸਨ।
ਕਵਿਤਾ ਇੰਝ ਵੀ ਲਿਖੀ ਜਾਂਦੀ ਹੈ। ਬਿੰਬ ਚਾਹੇ ਚਾਵਾਂ ਦੇ ਹੋਣ ਜਾਂ ਰੁਦਨ ਭਰੇ ਦੁੱਖਾਂ ਦੇ, ਲੱਗ ਭਗ ਸਾਰੀਆਂ ਹੀ ਕਵਿਤਾਵਾਂ ਵਿੱਚ ਕਮਾਲ ਦੇ ਸਿਰਜੇ ਗਏ ਹਨ। ਜੇ ਮੈਂ ਇਹ ਕਹਾਂ ਕਿ ਸਾਰੀ ਕਵਿਤਾ ਹੀ ਪ੍ਰਤੀਕਾਤਮਕ ਹੈ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਮੈਨੂੰ ਇੰਝ ਲੱਗਦਾ ਜਿਵੇਂ ਕਿਸੇ ਨੇ 483 ਪੰਨਿਆਂ ਦਾ ਗਲਪਮਈ ਇਤਿਹਾਸ ਸਿਰਫ 83 ਪੰਨਿਆਂ ਵਿੱਚ ਲਿਖ ਦਿੱਤਾ ਹੋਵੇ। ਇਸ ਕਿਤਾਬ ਦੀ ਸੰਖੇਪਤਾ, ਸਟੀਕ ਵਾਰਤਕ ਅਤੇ ਪ੍ਰਤੀਕਾਤਮਕ ਕਵਿਤਾ ਲਿਖਣ ਕਲਾ ਦਾ ਸਿਖਰ ਕਿਹਾ ਜਾ ਸਕਦਾ ਹੈ। ਵਿਸ਼ੇ ਪੱਖ ਤੋਂ ਸੰਤਾਲੀ ਦੀ ਵੰਡ ਦੌਰਾਨ ਮਨੁੱਖ ਜਾਤੀ ਤੇ ਹੋਏ ਜ਼ੁਲਮ, ਲੋਕਾਂ ਵਲੋਂ ਘਣੇ ਦੁੱਖ ਸਹਿ ਕੇ ਅੱਗੇ ਨਿਕਲਣ, ਮੁੜ ਵਸੇਬੇ ਦੇ ਦਰਦ ਝੱਲਦਿਆਂ, ਦ੍ਰਿੜ ਇਰਾਦੇ ਨਾਲ ਖੜੇ ਰਹਿਣਾ ਵਿਖਾਇਆ ਗਿਆ ਹੈ। ਉਜਾੜੇ ਦੀ ਘਿਨਾਉਣੀ ਪੀੜਾ ਸਹਿ ਕੇ ਅੰਤ ਵਿੱਚ ਕਾਮਯਾਬ ਹੋਣ ਦਾ ਕਮਾਲ ਦਰਸਾਇਆ ਹੈ। ਜੋ ਵੀ ਅਤੇ ਜਿਥੇ ਵੀ ਥਾਂ ਜਾਂ ਘਰ ਮਿਲੇ ਉਹਨਾਂ ਨੂੰ ਵਸਣਯੋਗ ਬਣਾਇਆ। ਜੋ ਵੀ ਜ਼ਮੀਨਾਂ ਮਿਲੀਆਂ, ਉਹਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਜ਼ਰਖ਼ੇਜ਼ ਬਣਾਇਆ। ਮੁੜ ਤੋਂ ਮਾਣ ਮੱਤੇ ਢੰਗ ਨਾਲ ਜੀਊਣਾ ਅਰੰਭ ਕੀਤਾ। ਇਹ ਮਾਨਵ ਜਾਤੀ ਦੀ ਦ੍ਰਿੜਤਾ ਦਾ ਪ੍ਰਤੱਖ ਪ੍ਰਮਾਣ ਹੈ ਅਤੇ ਵੱਡੀ ਪ੍ਰਾਪਤੀ ਵੀ।
ਲਖਵਿੰਦਰ ਜੌਹਲ ਨੇ ਪੌਣਾ ਮੀਲ ਸਰਹੱਦ’ ਬਾਰੇ ਲਿਖਿਆ ਹੈ ਕਿ ਇਸ ਕਿਤਾਬ ਵਿੱਚ ਉਸ ਵੇਲੇ ਦੀਆਂ ਕਥਾ ਕਹਾਣੀਆਂ ਦੇ ਵਿੱਚ ਪਿਆ ਸੰਦੇਸ਼ ਇਕ ਮਾਨਵਤਾ ਵਿਰੋਧੀ ਸੰਦੇਸ਼ ਹੈ। ਲੇਖਿਕਾ ਨੇ ਉਸਨੂੰ ਮਾਨਵਤਾ ਪੱਖੀ ਸੰਦੇਸ਼ ਬਣਾ ਕੇ ਪੇਸ਼ ਕੀਤਾ ਹੈ ਤਾਂ ਕਿ ਅਗਲੀਆਂ ਪੀੜੀਆਂ ਸੁਚੇਤ ਹੋ ਜਾਣ। ਉਹੋ ਜਿਹੀਆਂ ਘਟਨਾਵਾਂ ਮੁੜ ਕੇ ਨਾ ਵਾਪਰਨ ਅਤੇ ਨਾ ਹੀ ਉਹੋ ਜਿਹੇ ਹਾਲਾਤ ਮੁੜ ਕੇ ਪੈਦਾ ਹੋਣ।
‘ਪੌਣਾ ਮੀਲ ਸਰਹੱਦ’ ਪੜ੍ਹ ਕੇ ਮੈਨੂੰ ਅਮਰੀਕਨ ਲੇਖਕ ਅਰਨੈਸਟ ਹੈਮਿੰਗਵੇ ਦਾ ਲਿਖਿਆ ਨਾਵਲਿਟ ‘ਓਲ਼ਡ ਮੈਨ ਐਂਡ ਦਾ ਸੀ’ ਯਾਦ ਆ ਗਿਆ। ਇਹ ਨਾਵਲਿਟ ਉਸ ਨੇ ਕਿਉਬਾ ਦੇ ਇਕ ਟਾਪੂ ਵਿੱਚ 1950-1951 ਵਿੱਚ ਲਿਖਿਆ ਜੋ 1952 ਵਿੱਚ ਛਪਿਆ ਸੀ। ਇਸ ਨੂੰ 1953 ਵਿੱਚ ਗਲਪ ਦੇ ‘ਪੁਲਿਟਜ਼ਰ ਇਨਾਮ’ ਅਤੇ 1954 ਵਿੱਚ ਸਾਹਿਤ ਵਿੱਚ ਨੋਬੈੱਲ ਇਨਾਮ ਨਾਲ ਸਨਮਾਨਿਆ ਗਿਆ ਸੀ। ਇਸ ਵਿੱਚ ਇਕ ਬਜ਼ੁਰਗ ਮਛੇਰੇ ਸਾਂਤਿਆਗੋ ਦੀ ਇਕ ਵੱਡੀ ‘ਮਾਰਲਿਨ’ ਮੱਛੀ ਪਕੜਨ ਲਈ, ਕੀਤੇ ਦ੍ਰਿੜ ਇਰਾਦੇ ਦੀ ਕਹਾਣੀ ਹੈ। ਨਾਵਲਿਟ ਵਿੱਚ ਸਾਂਤਿਆਗੋ ਦੀ ਮਾਨਸਿਕ ਸਥਿਤੀ, ਸਰੀਰਕ ਸੰਘਰਸ਼, ਕਸ਼ਟਾਂ ਦਾ ਸਹਿਣਾ, ਮੁਸੀਬਤਾਂ ਦਾ ਸਾਹਮਣਾ ਕਰਨਾ ਅਤੇ ਪਾਣੀ ਦੇ ਖੂੰਖਾਰ ਜਾਨਵਰਾਂ ਨਾਲ ਲਗਾਤਾਰ ਲੜਨ ਦੀ ਕਥਾ ਹੈ। ਕੁਦਰਤੀ ਆਫਤਾਂ, ਮੌਸਮ ਦੀ ਖ਼ਰਾਬੀ, ਅਣਦਿੱਸਦੇ ਅਤੇ ਪਾਣੀ ਅੰਦਰ ਛੁੱਪੇ ਹੋਏ ਖਤਰਨਾਕ ਕਿਸਮ ਦੇ ਜਾਨਵਰਾਂ ਜਿਵੇਂ ਸ਼ਾਰਕ ਆਦਿ ਨਾਲ ਲੜ ਕੇ ਆਪਣੀ ਮੰਜ਼ਲ ਤੱਕ ਪਹੁੰਚਣ ਦੀ ਸਮਰੱਥਾ ਵੀ ਦਿਖਾਈ ਗਈ ਹੈ। ਉਸ ਬਜ਼ੁਰਗ ਦੀ ਸਰੀਰਕ ਅਤੇ ਮਾਨਸਿਕ ਤਾਕਤ ਦਾ ਅੰਦਾਜ਼ਾ ਉਦੋਂ ਲਗਦਾ ਹੈ ਜਦੋਂ ਉਹ ਕਿਨਾਰੇ ਤੇ ਪਹੁੰਚਦਾ ਹੈ। ਭਾਵੇਂ ਉਸ ਵੇਲੇ ਤੱਕ ਉਸ ਕੋਲ ਮਾਰਲਿਨ ਮੱਛੀ ਦੇ ਨਾਂ ਤੇ ਸਿਰਫ ਪਿੰਜਰ ਹੀ ਬੱਚਦਾ ਹੈ ਪਰ ਸਿਆਣੇ ਮਛੇਰਿਆਂ ਅਤੇ ਟਿਚਕਰਾਂ ਕਰਨ ਵਾਲਿਆਂ ਦੇ ਮੂੰਹ ਬੰਦ ਹੋ ਜਾਂਦੇ ਹਨ।
ਇਵੇਂ ਹੀ ‘47 ਵੰਡ ਸਮੇਂ ਅਣਦਿਸਦੇ, ਦੋਸਤ, ਮਿੱਤਰ, ਆਪਣੇ ਲਗਦੇ ਲੋਕ, ਕਦੋਂ ਧਾੜਵੀ, ਡਾਕੂ, ਜਨੂੰਨੀ ਬਣ ਗਏ, ਪਤਾ ਹੀ ਨਾ ਲੱਗਾ। ਉਹ ਲੋਕ ਖੁੱਲੀ ਅੱਖ ਨਾਲ ਵੀ ਪਛਾਣ ਨਾ ਹੋਏ ਜਿੰਨ੍ਹਾਂ ਆਪਣਿਆਂ ਨੂੰ ਲੁੱਟਿਆ ਤੇ ਵੱਢਿਆ, ਆਪਣੀਆਂ ਧੀਆਂ ਭੈਣਾਂ ਵਰਗੀਆਂ ਦੀ ਪੱਤ ਰੋਲੀ। ਉਜਾੜੇ ਦੌਰਾਨ ਦੋਹਾਂ ਪਾਸਿਆਂ ਤੋਂ ਉੱਜੜ ਕੇ ਗਏ ਲੋਕਾਂ ਕੋਲ ਘਰਾਂ, ਵਸਤੂਆਂ, ਡੰਗਰ ਮਾਲ, ਪੈਸਾ ਧੇਲਾ ਅਤੇ ਸੋਨੇ ਦੇ ਸਿਰਫ ਨਾਮ ਹੀ ਰਹਿ ਗਏ ਸਨ। ਬਾਕੀ ਸਭ ਤਾਂ ਪਿੱਛੇ ਰਹਿ ਗਿਆ ਜਾਂ ਧਾੜਵੀ ਲੁੱਟ ਕੇ ਲੈ ਗਏ ਸਨ। ਇਸ ਸਭ ਦੇ ਬਾਵਜੂਦ ਬੰਦਾ ਮੁੜ ਵਸੇਬੇ ਲਈ ਆਪਣੀ ਲੜਾਈ ਤੇ ਸੰਘਰਸ਼ ਜਾਰੀ ਰੱਖਦਾ ਹੈ। ਉਸ ਨੇ ਕਿਥੇ, ਕਿਹੜੀ, ਕਿੰਨੀ ਅਤੇ ਕਿਸ ਤਰਾਂ ਦੀ ਮਾਰ ਖਾਧੀ, ਤੋਂ ਉਪਰ ਉੱਠ ਕੇ ਆਪਣੇ ਆਪ ਨੂੰ ਮੁੜ ਖੜਾ ਕੀਤਾ ਹੈ। ਇਹ ਮਨੁੱਖੀ ਸੰਘਰਸ਼ ਦੀ ਅਸਲ ਕਹਾਣੀ ਹੈ। ਅਸੀਂ ਉਹਨਾਂ ਜ਼ਖ਼ਮਾਂ ਨੂੰ ਭੁੱਲ ਤਾਂ ਨਹੀਂ ਸਕਦੇ, ਪਰ ਉਹਨਾਂ ਤੋਂ ਸਿੱਖਿਆ ਅਤੇ ਤਾਕਤ ਲੈ ਕੇ ਅਗਾਂਹ ਵੱਧ ਸਕਦੇ ਹਾਂ। ਇਹ ਬੰਦੇ ਦਾ ਅਨੰਤ ਤੱਕ ਚਲਣ ਵਾਲਾ ਸੰਘਰਸ਼ ਹੈ।
ਲੇਖਿਕਾ ਦੀ ਸ਼ੁਰੂ ਤੋਂ ਇਹ ਆਦਤ ਅਤੇ ਵਿਸ਼ੇਸ਼ਤਾ ਰਹੀ ਹੈ। ਬਹੁਤ ਘੱਟ ਬੋਲਣਾ, ਬਹੁਤ ਘੱਟ ਖਾਣਾ ਅਤੇ ਵਧੀਆ ਸੁਹਜ ਮਈ ਪਰ ਸ਼ਕਤੀਸ਼ਾਲੀ ਗੱਲ ਕਹਿਣੀ ਅਤੇ ਤਾਕਤਵਰ ਰਹਿਣਾ। ਕਾਲਜ ਦੇ ਦਿਨਾਂ ਵਿੱਚ ਵੀ ਉਹ ਕਵਿਤਾ ਰਚਣ ਵਿੱਚ ਵੀ ਪਹਿਲੇ ਨੰਬਰ ਤੇ ਰਹੀ ਅਤੇ ਖੇਡਾਂ ਵਿੱਚ ਵੀ। ਕੁਝ ਟੁਕਾਂ ਨਮੂਨੇ ਵਜੋਂ ਵੇਖੋ:
ਮੁੱਖੜਾ ਚੰਨ ਦਾ ਭਾਗਾਂ ਵਾਲਾ, ਚੜ੍ਹ ਚੁਬਾਰੇ ਵੇਹਣਾਂ,
ਕੱਚੇ ਦੁੱਧ ਦਾ ਭਰਿਆ ਛੰਨਾ, ਘੁੱਟ – ਘੁੱਟ ਕਰਕੇ ਪੀਣਾ । --- ਚੰਨ ਤੇ ਬੀਬੀ (70)
ਇਸਰਾਂ ਤਾਂ ਫਿਰ ਝੱਟ ਨਾ ਲੰਘਣਾ,
ਜਖ਼ਮਾਂ ਉਤੇ ਬੋਲ ਦਾ ਫੰਬਾ, ਕੋਸਾ ਕੋਸਾ ਰੱਖਣਾ ਪੈਣਾ
ਚੁੱਪ ਰਹਿ ਕੇ ਚੁੱਪ ਪੁੱਟਾਂਗੇ, ਚੁੱਪ ਦੇ ਟੋਇਓਂ ਦੁੱਖ ਨਿਕਲਣੇ,
ਡੂੰਘੇ ਦੁੱਖਾਂ ਵੈਣ ਨਿਕਲਣੇ, ਦੁੱਖ ਵਿਛਾ ਕੇ ਬਹਿ ਨਹੀਂ ਹੋਣਾ ----(48)
ਚੁੱਲ੍ਹੇ ਵਿੱਚ,
ਚੁੱਪ ਵੰਡ ਦੀ ਜੰਮੀ ਹੋਈ,
ਬਿਨ੍ਹਾਂ ਅੱਗ ਤੋਂ ਇਹ ਨਾ ਖੁਰਨੀ “ - ਸੋਗੀ ਚੁੱਪ (49)
“ਨਾਨਕ ਛੋਹ ਵਾਲਾ ਆਬ ਨਹੀਂ
ਸੁਰ ਹੋਈ ਰਬਾਬ ਨਹੀਂ, ਪਾਣੀ ਤੇ ਨਾ ਬਾਣੀ ਖੁਣੀ,
ਲਹਿਰਾਂ ਉੱਤੇ ਹਾਲ ਦੁਹਾਈ, ਬੁੱਕ ਭਰਿਆ ਤਾ ਚੀਕ ਸੁਣੀ “ --- (ਰਾਵੀ 28)
ਮਸਤਕ ਵਿੱਚੋਂ ਸ਼ਬਦ ਦਾ ਚਾਨਣ ਕਿਸਰਾਂ ਡੁੱਲ੍ਹ ਗਿਆ,
ਲਟ-ਲਟ ਜਗਦੇ ਬੰਦੇ ਵਿੱਚੋਂ,
ਆਪੇ ਬੰਦਾ ਕਿੱਦਾਂ ਬੁਝ ਗਿਆ? (ਵੇਲਾ ਮਾੜਾ 25)
ਅੱਠ ਸੱਠ ਤੀਰਥ, ਜ਼ਮਜ਼ਮ ਨਾਹਵੇ,
ਪਾਕ ਨਾ ਹੋਣੀ ਕਾਲ਼ ਕਹਾਣੀ,
ਮਾਵਾਂ ਕੁੱਛੜੋਂ ਤੋੜ ਗੁਲਾਬ,
ਸ਼ੀਸ਼ੀ ਪਾਏ ਇਤਰ ਛਿੜਕ ਕੇ,
ਮੁਰਦਾ ਗੰਧ ਨਾ ਜਾਣੀ (ਜਨੂੰਨੀ 69)
ਬੇ-ਅੰਬਰੀਆਂ, ਬਾਰੋਂ ਆਈਆਂ ਕੂੰਜਾਂ ਪੁੱਛਣ:
ਕਿਹੜੇ ਦੇਸ ਉਤਾਰਾ ਕਰੀਏ,
ਖੋਲ ਖ਼ਾਬਾਂ ਦੇ, ਬੋਲ ਤੋਤਲੇ,
ਵੰਡ ਦੇ ਸਦਮੇ ਕਿਥੇ ਧਰੀਏ ? (ਬੇ-ਅੰਬਰੀਆਂ 29)
ਅੰਤ ਵਿੱਚ ਡਾ. ਬਸ਼ੀਰ ਬਦਰ ਦਾ ਸ਼ਿਅਰ ਕਹਿ ਕੇ ਦੁਆ ਕਰਦਾ ਹਾਂ ਕਿ:
ਦੁਸ਼ਮਨੀ ਕਾ ਸਫ਼ਰ ਏਕ ਕਦਮ ਦੋ ਕਦਮ,
ਤੁਮ ਭੀ ਥਕ ਜਾਓਗੇ ਹਮ ਭੀ ਥਕ ਜਾਏਂਗੇ।
ਰਫ਼ਤਾ ਰਫ਼ਤਾ ਹਰ ਏਕ ਜ਼ਖ਼ਮ ਭਰ ਜਾਏਗਾ,
ਸਭ ਨਿਸ਼ਾਨਾਤ ਫੂਲੋਂ ਸੇ ਢਕ ਜਾਏਂਗੇ।
ਅੰਤ ਵਿੱਚ ਕਾਮਨਾ ਕਰਦਾ ਹਾਂ ਕਿ ਸ਼ਾਲਾ ਸਾਨੂੰ ‘47 ਦੁੱਖਾਂ ਤੋਂ ਨਿਜਾਤ ਮਿਲੇ ਤੇ ਮੁੜ ਕਿਤੇ ਸੰਤਾਲੀ ਵਰਗਾ ਕੁਝ ਨਾ ਹੋਵੇ। ਇਹ ਪੁਸਤਕ ਉਹਨਾਂ ਦਰਦਾਂ ਤੇ ਇਕ ਠੰਢਾ ਫੇਹਾ ਰੱਖਣ ਦਾ ਯਤਨ ਹੈ। ਮੇਰਾ (ਕੁੱਦੋਵਾਲ ਦਾ) ਇਕ ਸ਼ਿਅਰ ਹੈ,” ਜੇ ਰੱਖੇ ਇਤਰ ਦੇ ਫੇਹੇ ਅਸੀਂ ਇਤਿਹਾਸ ਦੀ ਜ਼ਖਮੀਂ ਅਯਾਨਾ ਟੱਲੀਆਂ ਸੰਖਾਂ ਦੀ ਨਵ-ਸਵੇਰ ਹੋ ਜਾਵੇ।“
ਮੈਂ ਸੁਰਿੰਦਰ ਗਿੱਲ ਜੈਪਾਲ ਨੂੰ ਪੌਣਾ ਮੀਲ ਸਰਹੱਦ’ ਲਿਖਣ ਦੀ ਵਧਾਈ ਦਿੰਦਾ ਹਾਂ