ਭਾਈ ਹਰਸਿਮਰਨ ਸਿੰਘ ਦੀ ਸਵੈ-ਜੀਵਨੀ ਲੋਕ ਅਰਪਣ (ਖ਼ਬਰਸਾਰ)


ਅੰਮ੍ਰਿਤਸਰ   --  ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ, ਲੇਖਕ ਅਤੇ ਕੌਮੀ ਚਿੰਤਕ ਮਰਹੂਮ ਭਾਈ ਹਰਸਿਮਰਨ ਸਿੰਘ ਵੱਲੋਂ ਲਿਖੀ ਗਈ ਸਵੈ-ਜੀਵਨੀ, ਜਿਸ ਦੀ ਛਪਾਈ ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਅਧੂਰੀ ਰਹਿ ਗਈ ਸੀ, ਅੱਜ ਪ੍ਰਕਾਸ਼ਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਦੀ ਸਪੁੱਤਰੀ ਡਾ. ਰਵਨੀਤ ਕੌਰ ਵੱਲੋਂ ਅਰਦਾਸ ਉਪਰੰਤ ਲੋਕ ਅਰਪਣ ਕੀਤੀ ਗਈ। ਇਸ ਮੌਕੇ ਭਾਈ ਹਰਸਿਮਰਨ ਸਿੰਘ ਦੀਆਂ ਕੌਮ ਪ੍ਰਤੀ ਨਿਭਾਈਆਂ ਵਿਲੱਖਣ ਸੇਵਾਵਾਂ ਨੂੰ ਵੀ ਸ਼ਰਧਾਪੂਰਵਕ ਯਾਦ ਕੀਤਾ ਗਿਆ।


ਸਕੱਤਰੇਤ ਦੇ ਸਾਬਕਾ ਇੰਚਾਰਜ ਅਤੇ ਭਾਈ ਹਰਸਿਮਰਨ ਸਿੰਘ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਇਸ ਸਾਲ ਫਰਵਰੀ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੀ ਸਵੈ-ਜੀਵਨੀ ਦਾ ਖਰੜਾ ਲਗਭਗ ਪੂਰਾ ਕਰ ਚੁੱਕੇ ਸਨ। ਉਨ੍ਹਾਂ ਦੀ ਅੰਤਿਮ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਬਾਕੀ ਸੰਪਾਦਨ ਦਾ ਕੰਮ ਮੁਕੰਮਲ ਕਰਵਾ ਕੇ ਇਸ ਨੂੰ ਇੱਕ ਸੁੰਦਰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ। ਪੁਸਤਕ ਵਿੱਚ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਕਈ ਅਣਛੁਹੇ ਪ੍ਰਸੰਗ, ਸੰਘਰਸ਼ਮਈ ਯਾਦਾਂ ਅਤੇ ਇਤਿਹਾਸਕ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਇਕਵਾਕ ਸਿੰਘ ਪੱਟੀ ਨੇ ਦੱਸਿਆ ਕਿ `ਸਵੈ-ਜੀਵਨੀ : ਇੱਕ ਕਲਮੀ ਯੋਧੇ ਦਾ ਸੰਘਰਸ਼ਸ਼ੀਲ ਸਫ਼ਰ (19502026)` ਸਿਰਲੇਖ ਹੇਠ ਪ੍ਰਕਾਸ਼ਿਤ ਇਹ 480 ਸਫ਼ਿਆਂ ਦੀ ਵੱਡੇ ਆਕਾਰ ਦੀ ਪੁਸਤਕ ਹੈ। ਇਸ ਦਾ ਉਪ-ਸਿਰਲੇਖ `ਬਦਲਵੀਂ ਰਾਜਨੀਤੀ ਦੇ ਨਾ ਸਿਰਜੇ ਜਾ ਸਕਣ ਦੇ ਦੁਖਾਂਤਾਂ ਦਾ ਮਹਾਂ-ਬਿਰਤਾਂਤ` ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਕੇਵਲ ਇੱਕ ਸਵੈ-ਜੀਵਨੀ ਹੀ ਨਹੀਂ, ਸਗੋਂ ਸਿੱਖ ਸਰੋਕਾਰਾਂ, ਇਤਿਹਾਸਕ ਘਟਨਾਵਾਂ ਅਤੇ ਸਿੱਖ ਜੱਦੋ-ਜਹਿਦ ਦੇ ਉਹਨਾਂ ਅਹਿਮ ਪੜਾਵਾਂ ਦੀ ਸੱਚੀ ਦਾਸਤਾਨ ਵੀ ਹੈ, ਜਿਨ੍ਹਾਂ ਨੂੰ ਕੌਮ ਨੇ 1947 ਤੋਂ 1984 ਅਤੇ 1984 ਤੋਂ 2025 ਤੱਕ ਆਪਣੇ ਪਿੰਡੇ ਹੰਢਾਇਆ ਹੈ।
ਇਸ ਮੌਕੇ ਉਨ੍ਹਾਂ ਦੇ ਸਪੁੱਤਰ ਬੀਰਦੇਵਿੰਦਰ ਸਿੰਘ, ਧੀਆਂ ਡਾ. ਰਵਨੀਤ ਕੌਰ ਅਤੇ ਬੀਬੀ ਸੁਪਿੰਦਰ ਕੌਰ, ਭਰਾ ਹਰਜੀਤ ਸਿੰਘ ਅਤੇ ਗੁਰਮੀਤ ਸਿੰਘ, ਭੈਣ ਬੀਬੀ ਬਲਜੀਤ ਕੌਰ, ਸੰਪਾਦਕ ਹਰਪ੍ਰੀਤ ਸਿੰਘ, ਜਸਬੀਰ ਸਿੰਘ, ਬੀਬੀ ਸਰਵਿੰਦਰ ਕੌਰ, ਜਸਕਰਨ ਸਿੰਘ, ਸ੍ਰ. ਅਵਤਾਰ ਸਿੰਘ ਘਰਿਆਲਾ, ਲੇਖਕ ਅਤੇ ਸਿੱਖ ਚਿੰਤਕ ਇਕਵਾਕ ਸਿੰਘ ਪੱਟੀ ਸਮੇਤ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕ ਹਾਜ਼ਰ ਸਨ।