ਬਾਬਲ ਕਦੇੇ ਨਾ ਬੋਲ ਕੇ, ਮਨ ਦੇ ਦੱਸੇ ਦੁੱਖ,
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।
ਨਾ ਉਹ ਤਾਹਨੇ ਮਾਰਦਾ, ਨਾ ਭੰਡੀ ਪ੍ਰਚਾਰ,
ਦਿਲ ‘ਤੇ ਪੱਥਰ ਰੱਖ ਕੇ, ਸਭ ਕੁਝ ਲਵੇ ਸਹਾਰ।
ਧੁੱਪਾਂ ਝੱਲ ਛਾਂ ਵੰਡਦਾ, ਜਿਉਂ ਵੰਡਦੇ ਨੇ ਰੁੱਖ,
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।
ਨਾ ਉਹ ਮੱਥੇ ਚੁੰਮਦਾ, ਨਾ ਸ਼ਬਦਾਂ ਦੇ ਜਾਲ,
ਮੋਢੇ ਤੇ ਹੱਥ ਰੱਖ ਕੇ, ਪੁੱਛ ਲੈਂਦਾ ਹੈ ਹਾਲ।
ਦੇ ਕੇ ਸਭ ਕੁਝ ਸ਼ਾਂਤ ਹੈ, ਧਰਤੀ ਜਿਹਾ ਮਨੁੱਖ,
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।
ਤੁਰ ਕੇ ਪੰਧ ਮੁਕਾਏ ਉਸ, ਕਾਰਾਂ ਬੱਚਿਆਂ ਹੇਠ,
ਭਾਵੇਂ ਕਰਜ਼ੇ ਚੁੱਕਦਾ, ਪਰ ਟੱਬਰ ਲਈ ਸੇਠ।
ਰੱਬ ਨੇ ਬਖਸ਼ੀ ਓਸ ਨੂੰ, ਹਿੰਮਤ, ਸਿਦਕ ਦੀ ਕੁੱਖ,
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।
ਨਾ ਉਹ ਹੰਝੂ ਕੇਰਦਾ, ਨਾ ਉਹ ਪਾਵੇ ਵੈਣ,
ਸਬਰ ਮਹਿਲ ਦੇ ਕਿੰਗਰੇ, ਉਹਦੇ ਕਦੇ ਨਾ ਢਹਿਣ।
ਕੌਣ ਜਾਣੇ ਬਲਵਿੰਦਰਾ, ਕੀ ਸੀਨੇ ਰਿਹਾ ਧੁੱਖ।
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।
ਬਾਬਲ ਕਦੇੇ ਨਾ ਬੋਲ ਕੇ, ਮਨ ਦੇ ਦੱਸੇ ਦੁੱਖ,
ਉਹਦੇ ਦਿਲ ਵੀ ਪਿਆਰ ਦੀ, ਮਾਂਵਾਂ ਵਰਗੀ ਭੁੱਖ।