ਆਖਰੀ ਇੱਛਾ (ਮਿੰਨੀ ਕਹਾਣੀ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦਸੰਬਰ ਦਾ ਮਹੀਨਾ ਸੀ। ਠੰਢ ਤੇ ਧੁੰਦ ਦਾ ਜ਼ੋਰ ਸੀ। ਬਲਵਿੰਦਰ ਦਾ ਡੈਡੀ ਕੁੱਝ ਦਿਨ ਬੀਮਾਰ ਰਹਿਣ ਪਿੱਛੋਂ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਿਆ ਸੀ। ਬਲਵਿੰਦਰ ਨੇ ਆਪਣੇ ਡੈਡੀ ਦੇ ਸਸਕਾਰ ਤੇ ਸਾਰੇ ਰਿਸ਼ਤੇਦਾਰਾਂ ਨੂੰ ਟੈਲੀਫੋਨ ਕਰਕੇ ਸੱਦ ਲਿਆ ਸੀ। ਬਲਵਿੰਦਰ ਤੇ ਦੋ ਹੋਰ ਜਣੇ ਸਸਕਾਰ ਤੋਂ ਪਹਿਲਾਂ ਉਸ ਨੂੰ ਨਹਾਉਣ ਦਾ ਪ੍ਰਬੰਧ ਕਰਨ ਲੱਗੇ। ਬਲਵਿੰਦਰ ਨੇ ਆਪਣੇ ਡੈਡੀ ਦੇ ਸਾਰੇ ਕਪੜੇ ਹੌਲੀ, ਹੌਲੀ ਉਤਾਰੇ। ਉਸ ਦੇ ਡੈਡੀ ਦੀ ਕਮੀਜ਼ ਦੀ ਜੇਬ ਵਿਚੋਂ ਇਕ ਪਰਚੀ ਨਿਕਲ ਕੇ ਥੱਲੇ ਡਿੱਗ ਪਈ। ਜਦੋਂ ਉਸ ਨੇ ਪਰਚੀ ਨੂੰ ਖੋਲ੍ਹ ਕੇ ਦੇਖਿਆ, ਉਸ ਵਿੱਚ ਲਿਖਿਆ ਹੋਇਆ ਸੀ: ਬਲਵਿੰਦਰ, ਮੇਰੇ ਸਸਕਾਰ ਕਰਨ ਤੋਂ ਬਾਅਦ ਜਦ ਤੂੰ ਬਾਕੀਆਂ ਨਾਲ ਦੂਜੇ ਦਿਨ ਮੇਰੇ ਅਸਤ ਚੁਗਣ ਜਾਣਾ, ਤਾਂ ਮੇਰੇ ਅਸਤ ਚੁਗ ਕੇ ਤੇ ਰਾਖ਼ ਇਕੱਠੀ ਕਰਕੇ ਇਨ੍ਹਾਂ ਨੂੰ ਜਲ ਪ੍ਰਵਾਹ ਕਰਨ ਲਈ ਕੀਰਤ ਪੁਰ ਸਾਹਿਬ ਜਾਂ ਕਿਸੇ ਹੋਰ ਥਾਂ ਨਾ ਜਾਈਂ ਸਗੋਂ ਆਪਣੇ ਖੇਤ ਵਿੱਚ ਜਾ ਕੇ ਅਸਤ ਡੂੰਘਾ ਟੋਆ ਪੁੱਟ ਕੇ ਦੱਬ ਦੇਈਂ ਤੇ ਰਾਖ਼ ਨੂੰ ਸਾਰੇ ਖੇਤ ਵਿੱਚ ਖਲਾਰ ਦੇਈਂ ਤਾਂ ਜੋ ਕਿਸੇ ਨਹਿਰ ਦਾ ਪਾਣੀ ਹੋਰ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ। ਨਹਿਰਾਂ ਦੇ ਪਾਣੀ ਤਾਂ ਪਹਿਲਾਂ ਹੀ ਲੋਕਾਂ ਨੇ ਕੂੜਾ-ਕਰਕਟ ਤੇ ਲਿਫਾਫੇ ਸੁੱਟ ਕੇ ਪ੍ਰਦੂਸ਼ਿਤ ਕੀਤੇ ਹੋਏ ਆ। ਇਹ ਮੇਰੀ ਆਖ਼ਰੀ ਇੱਛਾ ਹੈ। ਇਸ ਨੂੰ ਹਰ ਹੀਲੇ ਪੂਰਾ ਕਰੀਂ। ਇਹ ਸਭ ਕੁੱਝ ਪੜ੍ਹ ਕੇ ਬਲਵਿੰਦਰ ਦੀਆਂ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ," ਡੈਡੀ ਜੀ, ਤੁਹਾਡੀ ਵਧੀਆ ਸੋਚ ਨੂੰ ਮੇਰਾ ਸਲਾਮ ਆਂ। ਮੈਂ ਤੁਹਾਡੀ ਆਖ਼ਰੀ ਇੱਛਾ ਜ਼ਰੂਰ ਪੂਰੀ ਕਰਾਂਗਾ।"