ਗੁਰਦੇਵ ਚੌਹਾਨ ਹੋਰਾਂ ਦੀ ਕਿਤਾਬ “ਅਚਨਚੇਤ” ’ਤੇ ਗੱਲਬਾਤ (ਖ਼ਬਰਸਾਰ)


ਪੰਜਾਬੀ ਸਾਹਿਤਕ ਸੰਗਤ, ਕੈਨੇਡਾ ਅਤੇ ਜੋਗਿੰਦਰ ਸਿੰਘ ਤੂਰ ਮੈਮੋਰੀਅਲ ਡਾਇਲਾਗ ਸੀਰੀਜ਼ ਦੇ ਪ੍ਰਬੰਧ ਹੇਠ ਖੁੱਲ੍ਹੀ ਕਵਿਤਾ ਦੇ ਇੱਕ ਸੀਨੀਅਰ ਕਵੀ ਗੁਰਦੇਵ ਚੌਹਾਨ ਹੋਰਾਂ ਦੀ ਕਿਤਾਬ “ਅਚਨਚੇਤ” ’ਤੇ ਗੱਲਬਾਤ ਤੇ ਅਖੀਰ ’ਤੇ ਇੱਕ ਕਵੀ ਦਰਬਾਰ ਹੋਇਆ। ਤੂਰ ਫੈਮਿਲੀ ਨੇ ਕਵੀਆਂ ਤੇ ਪ੍ਰਾਹੁਣਿਆਂ ਵਾਸਤੇ ਹਾਈ ਟੀ ਦਾ ਵਧੀਆ ਪ੍ਰਬੰਧ ਕੀਤਾ ਸੀ। ਹਾਲ ਬਹੁਤ ਸੋਹਣਾ ਸੀ। 
ਗੁਰਦੇਵ ਚੌਹਾਨ ਹੋਰਾਂ ਦੀਆਂ ਨਜ਼ਮਾਂ ਦੀ ਇਹ ਕਿਤਾਬ 2012 ਵਿੱਚ “ਅਕਸਮਾਤ” ਦੇ ਸਿਰਨਾਵੇਂ ਨਾਲ ਗੁਰਮੁਖੀ ਵਿੱਚ ਛਪ ਚੁੱਕੀ ਸੀ ਜਿਹਦਾ ਸ਼ਾਹਮੁਖੀ ਉੱਲਥਾ ਪਹਿਲੀ ਵਾਰ “ਅਚਨਚੇਤ” ਦੇ ਨਾਂ ਤੋਂ ਕਿਤਾਬ ਤਰਨਜਨ ਲਾਹੌਰ ਨੇ ਛਾਪਿਆ। ਲਿਪੀ ਅੰਤਰ ਪੰਜਾਬੀ ਕਹਾਣੀਕਾਰ ਖ਼ਾਲਿਦ ਧਾਰੀਵਾਲ ਹੋਰਾਂ ਨੇ ਕੀਤਾ ਤੇ ਕਮਾਲ ਹੀ ਕਰ ਛੱਡਿਆ।

ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਪੰਜਾਬੀ ਸਾਹਿਤਕ ਸੰਗਤ ਕੈਨੇਡਾ ਦੇ ਜਨਰਲ ਸਕੱਤਰ ਹਜ਼ਰਤ ਸ਼ਾਮ ਹੋਰਾਂ ਨੇ ਪੂਰੀ ਕੀਤੀ। 89 ਨਜ਼ਮਾਂ ਤੇ 167 ਵਰਕਿਆਂ ਦੀ ਇਸ ਕਿਤਾਬ ਵਿੱਚ 100 ਔਖੇ ਕਹਿ ਲਓ ਜਾਂ ਹਿੰਦੀ ਅੱਖਰਾਂ ਦੇ ਮਤਲਬ ਵੀ ਨਜ਼ਮਾਂ ਦੇ ਅਖੀਰ ’ਤੇ ਦਿੱਤੇ ਗਏ ਨੇ ਜੋ ਇੱਕ ਸਲਾਹੁਣ ਜੋਗ ਗੱਲ ਏ।

ਸਟੇਜ ਸਕੱਤਰ ਨੇ ਅਨੁਵਾਦ ਦੀਆਂ ਲੋੜਾਂ-ਥੋੜਾਂ ’ਤੇ ਗੱਲਬਾਤ ਕੀਤੀ ਤੇ ਪੰਜਾਬੀ ਦੇ ਪ੍ਰੋਫੈਸਰ ਸ਼ਹਿਜ਼ਾਦ ਜੁਈਆ ਹੋਰਾਂ ਦੀ ਪੰਜਾਬੀ ਬਾਰੇ ਪੀੜ ਸਾਂਝੀ ਕੀਤੀ ਤੇ ਦੱਸਿਆ ਕਿ ਲਹਿੰਦੇ ਪੰਜਾਬ ਵਿੱਚ 715 ਕਾਲਜ ਤੇ 168 ਪੰਜਾਬੀ ਦੇ ਲੈਕਚਰਾਰ ਨੇ। ਉਲੱਥਾ ਕਿਉਂ ਜ਼ਰੂਰੀ ਏ ਤੇ ਕਿਤਾਬ ’ਤੇ ਗੱਲਬਾਤ ਕਿਵੇਂ ਹੋਣੀ ਚਾਹੀਦੀ ਏ?

ਪਹਿਲੀ ਪੌੜੀ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਦੇਵ ਚੌਹਾਨ, ਰਸ਼ੀਦ ਨਦੀਮ, ਇੰਦਰਦੀਪ ਸਿੰਘ ਤੇ ਜੋਗਿੰਦਰ ਸਿੰਘ ਤੂਰ ਜੀ ਦੇ ਵਕੀਲ ਸਪੁੱਤਰ ਯਾਦਵਿੰਦਰ ਤੂਰ ਜੀ ਸ਼ਾਮਲ ਸਨ ਜਦ ਕਿ ਪੰਜਾਬੀ ਸਾਹਿਤਕ ਸੰਗਤ ਕੈਨੇਡਾ ਦੀ ਪ੍ਰਧਾਨ ਡਾਕਟਰ ਉਜ਼ਮਾ ਮਹਿਮੂਦ ਨੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਿਆ।

ਇਹ ਪਹਿਲਾ ਪ੍ਰੋਗਰਾਮ ਸੀ ਜਿਸ ਵਿੱਚ ਬੁਲਾਰਿਆਂ ਨੂੰ ਗੱਲਬਾਤ ਕਰਨ ਦੇ ਪੱਖ ਵੀ ਵੰਡੇ ਗਏ ਸਨ, ਇੰਜ ਲੱਗਦਾ ਪਿਆ ਸੀ ਕਿ ਹਰ ਬੁਲਾਰਾ ਕਿਤਾਬ ਪੜ੍ਹ ਕੇ ਆਇਆ ਹੋਇਆ ਸੀ। ਪ੍ਰੋਫੈਸਰ ਡਾਕਟਰ ਸੱਯਦ ਵਸੀਮ ਰਜ਼ਾ ਗਿਰਦੇਜ਼ੀ ਹੋਰਾਂ ਨੇ ਸਭ ਤੋਂ ਪਹਿਲਾਂ ਕਿਤਾਬ ’ਤੇ ਗੱਲਬਾਤ ਛੋਹੀ ਤੇ ਅਚਨਚੇਤ ਦੀ ਤਕਰਾਰ ਨਾਲ ਸਰੋਤਿਆਂ ਦੇ ਦਿਲ ਮੋਹ ਲਏ।

ਜੀਟੀਏ ਮਹਾਨ ਗਾਇਕ ਤਾਰਿਕ ਹਮੀਦ ਹੋਰਾਂ ਨੇ ਆਰਟ ਤੇ ਆਰਟਿਸਟ ਦੇ ਹਵਾਲੇ ਨਾਲ ਕਵਿਤਾਵਾਂ ’ਤੇ ਭਰਵੀਂ ਤੇ ਸੋਹਣੀ ਗੱਲਬਾਤ ਕੀਤੀ। ਸੁਰਜੀਤ ਕੌਰ ਨੇ ਇਸ ਕਿਤਾਬ ਵਿੱਚ ਔਰਤਾਂ ਦੇ ਹਵਾਲੇ ਨਾਲ ਪੇਸ਼ ਕੀਤੀਆਂ ਗਈਆਂ ਨਜ਼ਮਾਂ ਤੇ ਗ਼ਜ਼ਲ ਦੇ ਸੋਹਣੇ ਸ਼ਾਇਰ ਭੁਪਿੰਦਰ ਦੁੱਲੇ ਨੇ ਕਵਿਤਾ ਕੀ ਹੁੰਦੀ ਏ ਦੇ ਪੱਖ ’ਤੇ ਮਜ਼ਮੂਨ ਪੜ੍ਹੇ। ਮਲਵਿੰਦਰ ਸਿੰਘ ਨੇ ਚੌਹਾਨ ਜੀ ਦੇ ਪਿੰਡ “ਕੁੱਕੜਾਂ” ਤੇ ਹੋਰ ਨਜ਼ਮਾਂ ’ਤੇ ਗੱਲਬਾਤ ਕੀਤੀ। ਇੰਦਰਦੀਪ ਸਿੰਘ ਤੇ ਪ੍ਰਧਾਨਗੀ ਮੰਡਲ ਤੋਂ ਰਸ਼ੀਦ ਨਦੀਮ ਨੇ ਸਾਹਿਬ-ਏ-ਸ਼ਾਮ ਦੇ ਫ਼ਨ ਦੇ ਵੱਖਰੇ ਪੱਖ ਵਿਖਾਏ। ਓਂਕਾਰ ਪ੍ਰੀਤ ਜੀ ਦਾ ਮਜ਼ਮੂਨ ਕਿਤਾਬ ਵਿੱਚ ਮੌਜੂਦ ਨਜ਼ਮਾਂ ਦੇ ਖ਼ਮੀਰ ਬਾਰੇ ਸੀ ਜਦ ਕਿ ਪ੍ਰੋਫੈਸਰ ਡਾਕਟਰ ਨਾਹਰ ਸਿੰਘ ਨੇ ਨਜ਼ਮਾਂ ਵਿੱਚ ਮੌਜੂਦ ਪਿੰਡ ਦੇ ਸਿੰਬਲ ਬਾਰੇ ਸੋਹਣੀ ਗੱਲ ਛੋਹੀ। ਹਰਮਿੰਦਰ ਢਿੱਲੋਂ ਦੀ ਗੱਲਬਾਤ ਤੋਂ ਬਾਅਦ ਬਲਰਾਜ ਚੀਮਾ ਨੇ ਕੁਝ ਨਵੇਂ ਪੱਖ ਛੇੜੇ ਤੇ ਕਵੀ ਨਾਲ ਆਪਣੇ ਪੁਰਾਣੇ ਤਾਲੁਕ ਬਾਰੇ ਦੱਸਿਆ। 

ਘੱਟ ਵੇਲਾ ਹੋਣ ਪਾਰੋਂ ਸ਼ਮੀਲ ਜਸਵੀਰ ਜੀ ਤੇ ਜਗੀਰ ਸਿੰਘ ਕਾਹਲੋਂ ਜੀ ਕੋਲੋਂ ਗੱਲਬਾਤ ਨਾ ਕਰਵਾਈ ਜਾ ਸਕੀ।
ਯਾਦਵਿੰਦਰ ਤੂਰ ਜੀ ਨੇ ਆਪਣੇ ਨਿੱਕੇ ਵੀਰ ਨਾਲ ਸਟੇਜ ਸਾਂਝਾ ਕਰਦਿਆਂ ਹੋਇਆਂ ਆਖਿਆ ਕਿ ਉਹ ਆਪਣੇ ਬਾਪੂ ਦੇ ਕੰਮ ਨੂੰ ਅੱਗੇ ਲੈ ਕੇ ਤੁਰਨ ਦਾ ਉਪਰਾਲਾ ਕਰ ਚੁੱਕੇ ਨੇ ਤੇ ਇਸ ’ਤੇ ਖੁਸ਼ ਵੀ ਨੇ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਹੋਰਾਂ ਨੇ ਸਰੋਤਿਆਂ ਨੂੰ ਅਕਤੂਬਰ ਵਿੱਚ ਹੋਣ ਵਾਲੀ ਪੰਜਾਬੀ ਕਾਨਫ਼ਰੰਸ ਦਾ ਸੱਦਾ ਦਿੱਤਾ ਤੇ ਇੰਜ ਪਹਿਲਾ ਸੈਸ਼ਨ ਆਪਣੇ ਅੰਤ ਨੂੰ ਪਹੁੰਚਿਆ।
ਦੂਜੀ ਪੌੜੀ ਸੀ ਕਵੀ ਦਰਬਾਰ ਦੀ ਜਿਸ ਵਿੱਚ ਸਟੇਜ ਸਕੱਤਰ ਨੇ ਇੱਕ ਲੰਮੀ ਨਜ਼ਮ ਸੁਣਾਈ ਤੇ ਦੋ-ਤਿੰਨ ਕਵੀਆਂ ਦਾ ਟਾਈਮ ਖਾ ਲਿਆ, ਸਰੋਤਿਆਂ ਨੇ ਇਸ ਗੱਲ ਦਾ ਬੁਰਾ ਵੀ ਨਹੀਂ ਮਨਾਇਆ। ਓਂਕਾਰਪ੍ਰੀਤ, ਡਾਕਟਰ ਉਜ਼ਮਾ ਮਹਿਮੂਦ, ਸੁਰਜੀਤ ਕੌਰ, ਸੁਖਚਰਨਜੀਤ ਕੌਰ ਗਿੱਲ ਨੇ ਪ੍ਰਧਾਨਗੀ ਮੰਡਲ ਨੂੰ ਸਜਾਇਆ।

ਕਵੀ ਦਰਬਾਰ ਦਾ ਆਗਾਜ਼ ਸੋਹਣੀ ਆਵਾਜ਼ ਦੀ ਮਲਕਾ ਰਿੰਟੂ ਭਾਟੀਆ ਨੇ ਕੀਤਾ ਜਦ ਕਿ ਤਾਰਿਕ ਹਮੀਦ, ਸੁਰਿੰਦਰਜੀਤ, ਪਿਆਰਾ ਸਿੰਘ ਕੁੱਦੋਵਾਲ, ਭੁਪਿੰਦਰ ਦੁੱਲੇ, ਮਲਵਿੰਦਰ ਸਿੰਘ, ਵਸੀਮ ਗਿਰਦੇਜ਼ੀ, ਜਗੀਰ ਸਿੰਘ ਕਾਹਲੋਂ, ਹਰਮਿੰਦਰ ਢਿੱਲੋਂ, ਕੁਲਦੀਪ ਗਿੱਲ, ਪ੍ਰਤੀਕ ਆਰਟਿਸਟ, ਦਰਸ਼ਨਦੀਪ ਅਰੋੜਾ, ਸੁਰਜੀਤ ਕੌਰ, ਡਾਕਟਰ ਉਜ਼ਮਾ ਮਹਿਮੂਦ, ਓਂਕਾਰ ਪ੍ਰੀਤ ਤੇ ਸੁਖਚਰਨਜੀਤ ਕੌਰ ਗਿੱਲ ਜੀ ਨੇ ਕਵੀ ਦਰਬਾਰ ਲੁੱਟ ਲਿਆ। ਤੂਰ ਫੈਮਿਲੀ ਵੱਲੋਂ ਜਿਸ ਕਵਿੱਤਰੀ ਨੇ ਕਪਾਹ ਦੇ ਫੁੱਲ ਦੇ ਦ੍ਰਿਸ਼ਟਾਂਤ ’ਤੇ ਨਜ਼ਮ ਪੜ੍ਹੀ ਉਸ ਨੂੰ ਖ਼ਾਸ ਤੌਰ ’ਤੇ ਬਹੁਤ ਸਲਾਹਿਆ ਗਿਆ। ਬਫ਼ਲੋ ਅਮਰੀਕਾ ਤੋਂ ਆਈ ਹੋਈ ਆਪਾ ਨੁਜ਼ਹਤ ਸਿੱਦੀਕੀ ਨੇ ਸੋਹਣੀਆਂ ਨਜ਼ਮਾਂ ਸੁਣਾਈਆਂ ਤੇ ਗੱਲਬਾਤ ਵੀ ਕੀਤੀ। ਉਹਨਾਂ ਦੇ ਘਰਵਾਲੇ ਡਾਕਟਰ ਤਾਹਿਰ ਮਨਸੂਰ ਕਾਜ਼ੀ ਸਟੇਜ ’ਤੇ ਨਾਲ ਖਲੋ ਕੇ ਮੋਬਾਈਲ ਤੋਂ ਨਜ਼ਮਾਂ ਲੱਭਣ ਵਿੱਚ ਉਹਨਾਂ ਦੀ ਮਦਦ ਕਰਦੇ ਰਹੇ। ਸੁਰਜੀਤ ਪਾਤਰ ਜੀ ਦੇ ਭਰਾ ਉਪਕਾਰ ਸਿੰਘ ਜੀ ਨੇ ਕਵੀ ਦਰਬਾਰ ਵਿੱਚ ਪਾਤਰ ਜੀ ਦਾ ਗੀਤ ਤਰੰਨੁਮ ਨਾਲ ਗਾ ਕੇ ਸਰੋਤਿਆਂ ਨੂੰ ਰੁਆ ਦਿੱਤਾ ਤੇ ਆਪ ਵੀ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।

ਅਲੀ ਅਫ਼ਜ਼ਲ ਐਡਵੋਕੇਟ ਤੇ ਤੂਰ ਫੈਮਿਲੀ ਵੱਲੋਂ ਸੱਦੇ ਗਏ ਸਰੋਤਿਆਂ ਨੇ ਮਹਿਫ਼ਲ ਨੂੰ ਚਾਰ ਚੰਨ ਲਾ ਦਿੱਤੇ। ਇਸ ਸੰਗਤ ਦੇ ਮੁੱਖ ਮਹਿਮਾਨ ਗੁਰਦੇਵ ਚੌਹਾਨ ਜੀ ਕਿਸੇ ਖਾਸ ਕੰਮ ਦੀ ਵਜਾ ਕਰਕੇ ਕਵੀ ਦਰਬਾਰ ਦਾ ਹਿੱਸਾ ਨਾ ਬਣ ਸਕੇ। ਇੰਜ ਇੱਕ ਘੰਟੇ ਲੇਟ ਸ਼ੁਰੂ ਹੋਣ ਵਾਲੀ ਸੰਗਤ ਮੁੱਕੀ ਪਰ ਚੇਤੇ ਰਹਿ ਜਾਣ ਵਾਲੀਆਂ ਯਾਦਾਂ ਛੱਡ ਗਈ।