ਰੌਸ਼ਨੀ (ਕਵਿਤਾ)

ਮਨਜੀਤ ਸਿੰਘ ਬੱਧਣ   

Email: manjitsinghbadhan@gmail.com
Cell: +91 94176 35053
Address:
ਲੁਧਿਆਣਾ India
ਮਨਜੀਤ ਸਿੰਘ ਬੱਧਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਇਆ ਆਖੇ 'ਚੱਲ ਉੱਠ, ਉੱਠ ਭਾਗਾਂ ਵਾਲੀਏ!

ਦੀਵਾਲੀ ਆ ਰਹੀ ਹੈ ਨੇੜੇ, ਆਵੇ ਅੱਗ ਬਾਲੀਏ।

ਮਿੱਟੀ ਲੈ ਆਇਆਂ ਹਾਂ ਮੈਂ, ਅੱਧਾ ਰੇਹੜਾ ਭਰ ਕੇ,

ਇਸ ਮਿੱਟੀ ਰੰਗੀ ਮਿੱਟੀ ਵਿੱਚੋਂ ਚਾਨਣ ਭਾਲੀਏ।'


ਸੱਜਣ ਸਹੁੰ ਮੇਰੇ ਪਿਡ ਦਾ, ਸਾਡਾ ਸੱਜਣ ਤਾਇਆ।

ਖੱਚਰ, ਰੇਹੜਾ, ਆਵਾ, ਚੱਕ ਉਸਦਾ ਸਰਮਾਇਆ।

ਸਿਰੜੀ, ਮਿੱਠ-ਬੋਲੜੀ ਤਾਈ ਦਾ ਉਹ ਸਿਰ-ਸਾਈਂ,

ਹਰ ਵਰ੍ਹੇ ਦੀਵਿਆਂ ਨਾਲ, ਹਰ ਘਰ ਰੁਸ਼ਨਾਇਆ।


ਚੜ੍ਹਦੇ ਪਾਸੇ ਫਿਰਨੀ ਉੱਤੇ, ਸੱਜਣ ਤਾਏ ਦਾ ਘਰ।

ਆਉਂਦੇ-ਜਾਂਦੇ ਨੂੰ ਬੁਲਾਵੇ, ਖੁੱਲ੍ਹਾ ਰੱਖਦਾ ਬੋੜਾ ਦਰ।

ਨਿੱਕਾ ਵਿਹੜਾ, ਦੋ ਕਮਰੇ, ਬਾਲਿਆਂ ਵਾਲੀ ਸਬਾਤ,

ਦੋ ਪੁੱਤ, ਇੱਕ ਧੀ, ਭਾਈ ਲਾਲੋ ਵਰਗਾ ਕਿਰਤੀ ਨਰ।


ਇੱਕ ਪੁੱਤ ਡੰਗਰ ਸਾਂਭੇ, ਨਾਲੇ ਕਰਦਾ ਹੱਟੀਦਾਰੀ।

ਦੂਜਾ ਨਿੱਤ ਖੰਨੇ ਜਾਵੇ, ਢੋਹਵੇ ਮਾਲ ਕਦੇ ਸਵਾਰੀ।

ਲਾਡੋ ਆਪਣੇ ਘਰ ਵਸਦੀ, ਰੱਖੇ ਰੱਬ ਸਭ ਨੂੰ ਰਾਜ਼ੀ,

ਪੋਤੇ-ਪੋਤੀਆਂ ਦਾ ਦਾਦਾ ਨਿਭਾਵੇ ਮਿਟੀ ਨਾਲ ਯਾਰੀ।


ਕੁੱਟ-ਕੁੱਟ ਮਿੱਟੀ ਸੁਰਮਾ ਬਣਾਵੇ, ਫਿਰ ਪਾਣੀ ਪਾਵੇ।

ਪੈਰਾਂ ਨਾਲ ਗੁੰਨ੍ਹਦਾ, ਕਦੇ ਬੋਲੇ, ਕਦੀ ਬਾਣੀ ਗਾਵੇ।

ਧੁੱਪ-ਛਾਂ ਵਿੱਚ ਰੱਖੀ-ਚੁੱਕੀ ਜਾਵੇ ਸਾਡੀ ਜੀਤੋ ਤਾਈ,

ਮਿੱਟੀ ਦੇ ਦੀਵਿਆਂ ਦੀ ਤਾਇਆ ਜੋ ਕਹਾਣੀ ਪਾਵੇ।


ਅੱਜ ਘਰਾਂ ਤੇ ਬਾਜ਼ਾਰਾਂ ਵਿੱਚ ਚਾਹੇ ਰੌਣਕ ਪੂਰੀ ਹੈ।

ਪਰ ਇਹਨਾਂ ਲਾਟੂ-ਲੜੀਆਂ ਦੀ ਰੌਸ਼ਨੀ ਬੇ-ਨੂਰੀ ਹੈ।

ਚਲੋ ਬਾਲੀਏ ਦੀਵਾਲੀ ਵਾਲੇ ਇਹ ਮਿੱਟੀ ਦੇ ਦੀਵੇ,

ਹੱਥ-ਹੁਨਰ ਦੇ ਚਾਨਣ ਬਾਝੋਂ ਰੌਸ਼ਨੀ ਇਹ ਅਧੂਰੀ ਹੈ।