ਸੂਤ ਨਾਲ ਬੁਣੀਆਂ 'ਪੀੜ੍ਹੀਆਂ' (ਸਾਡਾ ਵਿਰਸਾ )

ਤਸਵਿੰਦਰ ਸਿੰਘ ਬੜੈਚ   

Email: graphicsingh@gmail.com
Address: ਪਿੰਡ ਦੀਵਾਲਾ ਤਹਿ. ਸਮਰਾਲਾ
ਲੁਧਿਆਣਾ India
ਤਸਵਿੰਦਰ ਸਿੰਘ ਬੜੈਚ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮੇਂ ਦੇ ਬਦਲਾਅ ਨਾਲ ਜਿਵੇਂ ਸੰਦੁਕ, ਰੱਥ, ਗੱਡੇ ਤੇ ਹੋਰ ਚੀਜ਼ਾਂ ਦੂਰ ਜਾ ਰਹੀਆਂ ਨੇ, ਬਿਲਕੁਲ ਉਵੇਂ ਹੀ ਪੀੜ੍ਹੀਆਂ ਵੀ ਇਕ ਤਰ੍ਹਾਂ ਨਾਲ ਅਲੋਪ ਜਿਹੀਆਂ ਹੁੰਦੀਆਂ ਜਾ ਰਹੀਆਂ ਨੇ। ਲੱਕੜ ਦੇ ਗੋਲ ਪਾਵੇ ਤੇ ਚੌਰਸ ਬਾਹੀਆਂ ਵਾਲੀਆਂ ਸੂਤ ਨਾਲ ਬੁਣੀਆਂ ਪੀੜ੍ਹੀਆਂ ਹੁਣ ਸਿਰਫ਼ ਉਨ੍ਹਾਂ ਘਰਾਂ ਵਿਚ ਦਿਸਦੀਆਂ ਨੇ ਜਿਨ੍ਹਾਂ ਨੂੰ ਪੁਰਾਣੀਆਂ ਚੀਜ਼ਾਂ ਸਾਂਭਣ ਦਾ ਸ਼ੌਕ ਹੈ। ਸੂਤ ਨਾਲ ਬੁਣੀਆਂ ਪੀੜ੍ਹੀਆਂ ਦੀ ਵੀ ਆਪਣੀ ਸ਼ਾਨ ਸੀ। ਜਿਵੇਂ ਔਰਤਾਂ ਘਰਾਂ ਵਿਚ ਪੱਖੀਆਂ, ਮੰਜੇ, ਦਰੀਆਂ ਬੁਣਦੀਆਂ ਸਨ ਉਵੇਂ ਹੀ ਔਰਤਾਂ ਦਾ ਪੀੜ੍ਹੀਆਂ ਬੁਣਨਾ ਵੀ ਆਮ ਸ਼ੌਕ ਸੀ, ਜੋ ਕਿ ਘਰ ਦੀ ਲੋੜ ਨੂੰ ਵੀ ਪੂਰਾ ਕਰਦਾ ਸੀ। ਪਹਿਲੇ ਵੇਲਿਆਂ ਵਿਚ ਇਹ ਕੰਮ ਚਾਅ ਨਾਲ ਕੀਤੇ ਜਾਂਦੇ ਹਨ। ਘਰ ਦੀਆਂ ਚੀਜ਼ਾਂ ਹੱਥੀ ਤਿਆਰ ਕਰਨ ਨਾਲ ਸਕੂਨ ਆਉਂਦਾ ਸੀ ਤੇ ਨਾਲ-ਨਾਲ ਰੁਝੇਵਾਂ ਬਰਕਰਾਰ ਰਹਿੰਦਾ। ਪੀੜ੍ਹੀਆਂ ਬੁਣਨੀਆਂ ਕਿਸੇ ਕਲਾ ਨਾਲੋਂ ਘੱਟ ਨਹੀਂ ਸਨ। ਪੀੜ੍ਹੀਆਂ ਹੱਥੀ ਕੱਤੇ ਸੂਤ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ। ਕੱਤੇ ਹੋਕੇ ਸੂਤ ਦੇ ਗਲੋਟਿਆਂ ਨੂੰ ਇਕੱਠੇ ਕਰਕੇ ਮੇਲ ਲਿਆ ਜਾਂਦਾ ਜਿਵੇਂ ਚਾਰ ਲੜਾ, ਛੇ ਲੜਾ, ਅੱਠ ਲੜਾ ਮੇਲ ਕੇ ਚਰਖੇ 'ਤੇ ਮੋਟੇ ਤੱਕਲੇ ਉਪਰ ਪੁੱਠਾ ਤੇ ਸਿੱਧਾ ਵੱਟ ਲਿਆ ਜਾਂਦਾ, ਫਿਰ ਇਹ ਵੱਡੇ ਆਕਾਰ ਵਾਲੇ ਗਲੋਟੇ ਦੇ ਸੂਤ ਦਾ ਚੀਰੂ ਬਣਾ ਲਿਆ ਜਾਂਦਾ ਅਤੇ ਇਸ ਦੀ ਰੰਗਾਈ ਕੀਤੀ ਜਾਂਦੀ। ਇਸ ਰੰਗੇ ਹੋਕੇ ਸੂਤ ਨੂੰ ਸੁਕਾ ਕੇ ਚੀਰੂਆਂ ਤੋਂ ਪਿੰਨੇ ਬਣਾ ਲਕੇ ਜਾਂਦੇ। ਇਸ ਤਰ੍ਹਾਂ ਪੀੜ੍ਹੀਆਂ ਬੁਣਨ ਲਈ ਸੂਤ ਤਿਆਰ ਹੋ ਜਾਂਦਾ। ਫਿਰ ਔਰਤਾਂ ਇਸ ਸੂਤ ਦੀਆਂ ਕੁੰਡੀਆਂ ਨਾਲ ਪੀੜ੍ਹੀਆਂ ਬੁਣ ਲੈਂਦੀਆਂ। ਕੁੰਡੀਆਂ ਨਾਲ ਬੁਣੀਆਂ ਪੀੜ੍ਹੀਆਂ ਵਧੇਰੇ ਮਜ਼ਬੂਤ ਹੁੰਦੀਆਂ ਸਨ। ਕੁੰਡੀਆਂ ਵਾਲੀਆਂ ਪੀੜ੍ਹੀਆਂ ਵਿਚ ਬੜੇ ਮਨ ਲੁਭਾਉਂਦੇ ਨਮੂਨੇ ਤਿਆਰ ਹੁੰਦੇ ਸਨ। ਜਿਵੇਂ ਚੱਕ-ਦੁੱਬ, ਲਹਿਰੀਆ, ਡੱਬੀਦਾਰ ਆਦਿ। ਪੀੜ੍ਰੀਆਂ ਨੂੰ ਬੁਣਨ ਤੋਂ ਬਾਅਦ ਉਸ ਉੱਪਰ ਕੱਪੜਾ ਸਿਉਂ ਦਿੱਤਾ ਜਾਂਦਾ, ਤਾਂ ਜੋ ਪੀੜ੍ਹੀਆਂ ਦਾ ਸੂਤ ਸਾਲਾਂ ਤੱਕ ਨਵਾਂ ਰੱਖਿਆ ਜਾ ਸਕੇ। ਪੀੜ੍ਰੀਆਂ 'ਤੇ ਪਾਕੇ ਮਨ-ਲੁਭਾਉਂਦੇ ਨਮੂਨੇ ਆਂਢਣਾਂ-ਗੁਆਂਢਣਾਂ ਨੂੰ ਵੀ ਨਮੂਨੇ ਲਾਹੁਣ ਲਈ ਮਜ਼ਬੂਰ ਕਰ ਦਿੰਦੇ ਸਨ। ਅਜਿਹੇ ਨਮੂਨੇ ਪਾਕੇ ਜਾਂਦੇ ਕਿ ਦੇਖਣ ਵਾਲੇ ਦੀ ਭੁੱਖ ਲਹਿ ਜਾਂਦੀ। ਪਹਿਲੇ ਸਮਿਆਂ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਇਹੋ ਜਿਹੇ ਹੁਨਰ ਸਿੱਖਣ ਲਈ ਪ੍ਰੇਰਿਤ ਕਰਦੀਆਂ ਸਨ। ਪਰ ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਜੇ ਕੋਈ ਇਹੋ ਜਿਹੇ ਹੁਨਰ ਸਿੱਖਣ ਲਈ ਕਹਿ ਦੇਵੇ ਤਾਂ ਅੱਗੋਂ ਇਹੋ ਜਵਾਬ ਮਿਲਦਾ, ''ਕੀ ਲੋੜ ਕੇ ਟੱਕਰਾਂ ਮਾਰਨ ਦੀ ਬਾਜ਼ਾਰ ਵਿਚੋਂ ਸਭ ਕੁਝ ਮਿਲ ਤਾਂ ਜਾਂਦਾ ਹੈ। ਇਨ੍ਹਾਂ ਨੂੰ ਕੌਣ ਸਮਝਾਵੇ ਕਿ ਹੱਥੀ ਕੀਤਾ ਕੰਮ ਜੋ ਤੁਹਾਨੂੰ ਤੇ ਤੁਹਾਡੇ ਆਪਣਿਆਂ ਨੂੰ ਸਕੂਨ ਦੇ ਸਕਦਾ ਹੈ ਉਹ ਸਕੂਨ ਬਾਜ਼ਾਰੂ ਚੀਜ਼ਾਂ ਨੀ ਦੇ ਸਕਦੀਆਂ। ਜੋ ਅਨੰਦ ਚੁੱਲ੍ਹੇ ਕੋਲ ਪੀੜ੍ਹੀ 'ਤੇ ਬੈਠ ਕੇ ਲਹਿੰਦੀ-ਲਹਿੰਦੀ ਰੋਟੀ ਖਾਣ ਦਾ ਸੀ, ਉਹ ਅਨੰਦ ਆਧੁਨਿਕ ਰਸੋਈ ਵਿਚ ਲੱਗੇ ਡਾਈਨਿੰਗ ਟੇਬਲ 'ਤੇ ਬੈਠ ਕੇ ਰੋਟੀ ਖਾਣ ਦਾ ਨਹੀਂ। ਪਹਿਲੇ ਸਮਿਆਂ 'ਚ ਘਰ ਆਕੇ ਸਾਕ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਬੈਠਦ ਲਹੀ ਪੀੜ੍ਰੀਆਂ ਦਿੱਤੀਆਂ ਜਾਂਦੀਆਂ ਸਨ। ਤਾਹੀਓਂ ਤਾਂ ਇਸ ਦਾ ਜ਼ਿਕਰ ਲੋਕ ਗੀਤਾਂ 'ਤੇ ਬੋਲੀਆਂ ਵਿਚ ਵੀ ਆਉਂਦਾ ਹੈ:-
'ਸੱਸ ਚੰਦਰੀ ਦੇ ਬੋਲ ਸੁਣਾਵਾਂ, ਪੀੜ੍ਹੀ ਉੱਤੇ ਬਹਿ ਜਾ ਵੀਰਨਾ'



ਹੁਣ ਉਹ ਦੌਰ ਨਹੀਂ ਰਿਹਾ, ਹੁਣ ਜਾਂ ਤਾਂ ਪੀੜ੍ਹੀਆਂ ਦੀਆਂ ਗੱਲਾਂ ਬਜ਼ੁਰਗਾਂ ਕੋਲੋ ਸੁਣਨ ਨੂੰ ਮਿਲਦੀਆਂ ਨੇ ਤੇ ਜਾਂ ਫਿਰ ਪੇਂਡੂ ਵਿਰਸੇ ਦੀਆਂ ਲੱਗਦੀਆਂ ਪ੍ਰਦਰਸ਼ਨੀਆਂ 'ਚ ਇਨ੍ਹਾਂ ਦੇ ਦਰਸ਼ਨ ਹੁੰਦੇ ਹਨ।