ਕੀ ਦੱਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਸਹੁਰਿਆਂ ਨੇ ਭੈਣ ਤੇਰੀ ਨਿੱਤ ਹੀ ਸਤਾਈ ਸੀ
ਕਢਦੇ ਸੀ ਗਾਲਾਂ ਨਾਲੇ ਭੰਨ ਦੇ ਕਲਾਈ ਸੀ
ਘੂਰ ਦੇ ਸੀ ਉਹਨੂੰ ਸਾਂਝ ਰਖਦੀ ਮੈ ਜਿਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਨਿੱਤ ਦਾ ਸ਼ਰਾਬੀ ਤੁਸਾਂ ਜਿਸ ਲੜ ਲਾਇਆ ਸੀ
ਚਾਅ ਸੀ ਬਥੇਰਾ ਜਦੋਂ ਮੈਨੂੰ ਡੋਲੇ ਪਇਆ ਸੀ
ਛੱਡ ਕੇ ਸਵੇਰਾ ਮੱਥਾ ਲਾਇਆ ਮੈ ਹਨੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਜੇਠ ਤੇ ਜਠਾਣੀ ਨਾਲ ਸੱਸ ਤਾਨੇ ਮਾਰਦੀ
ਕੰਮ ਨਈ ਮੁਕਾਇਆ ਰਹਿੰਦੀ ਨਿੱਤ ਮੈਨੂੰ ਤਾੜਦੀ
ਬਾਹਰ ਨਹੀਂ ਸੀ ਜਾਣ ਦਿੰਦੇ ਬੰਨ ਲਿਆ ਵੇਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਝਗੜੇ ਝ੍ਮੇੜਿਆ ਨੂੰ ਅੱਜ ਮੈਂ ਮੁਕਾ ਲਿਆ
ਸੁੱਟ ਕੇ ਮੈਂ ਤੇਲ ਅਜ ਹਥੀਂ ਲਾਂਬੂ ਲਾ ਲਿਆ
ਨਾਲ ਕਿਸੇ ਦੇ ਨਾਂ ਕਰੇ ਰੱਬ ਜੋ ਹੁੰਦੀ ਰਹੀ ਮੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ