ਪੰਜਾਬੀ ਲੋਕ ਕਾਵਿ ਬੋਲੀਆਂ - 3
(ਸਾਡਾ ਵਿਰਸਾ )
25
ਪ੍ਰੀਤਾਂ ਦੀ ਮੈਨੂੰ ਸੱਧਰ ਬਥੇਰੀ
ਲਾ ਕੇ ਤੋੜ ਨਿਭਾਵਾਂ
ਨੀ ਕੋਇਲੇ ਸੌਣ ਦੀਏ
ਤੈਨੂੰ ਹਥ ਤੇ ਚੋਗ ਚੁਗਾਵਾਂ ।
26
ਝਾਵਾਂ ਝਾਵਾਂ ਝਾਵਾਂ,
ਜੁੱਤੀ ਮੇਰੀ ਮਖਮਲ ਦੀ,
ਮੈਂ ਡਰਦੀ ਪੈਰੀਂ ਨਾ ਪਾਵਾਂ ।
ਨੀ ਪੁੱਤ ਮੇਰੇ ਸਹੁਰੇ ਦਾ,
ਲੱਗੀ ਲਾਮ ਤੇ ਲੁਆ ਆਇਆ ਨਾਵਾਂ ।
ਜਾਂਦਾ ਹੋਇਆ ਦੱਸ ਨਾ ਗਿਆ,
ਚਿੱਠੀਆਂ ਕਿਧਰ ਨੂੰ ਪਾਵਾਂ ।
ਕੋਇਲਾਂ ਕੂਕਦੀਆਂ,
ਕਿਤੇ ਬੋਲ ਵੇ ਚੰਦਰਿਆ ਕਾਵਾਂ ।
27
ਚੁੰਝ ਤੇਰੀ ਵੇ ਕਾਲਿਆ ਕਾਵਾਂ
ਸੋਨੇ ਨਾਲ ਮੜ੍ਹਾਵਾਂ ।
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ
ਨਿੱਤ ਮੈਂ ਔਸੀਆਂ ਪਾਵਾਂ ।
28
ਮਾਹੀ ਮੇਰੇ ਦਾ ਪੱਕਿਆ ਬਾਜਰਾ,
ਤੁਰ ਪਈ ਗੋਪੀਆ ਫੜ ਕੇ ।
ਖੇਤ ਵਿਚ ਜਾ ਕੇ ਹੂਕਰ ਮਾਰੀ,
ਸਿਖਰ ਮਨ੍ਹੇ ਤੇ ਚੜ੍ਹ ਕੇ ।
ਉਤਰਦੀ ਨੂੰ ਆਈਆਂ ਝਰੀਟਾਂ,
ਚੁੰਨੀ ਪਾਟ ਗਈ ਫਸ ਕੇ ।
ਵੇ ਟੁਰ ਪ੍ਰਦੇਸ ਗਿਉਂ,
ਦਿਲ ਮੇਰੇ ਵਿੱਚ ਵਸ ਕੇ ।
29
ਬਾਜਰਾ ਤਾਂ ਸਾਡਾ ਹੋ ਗਿਆ ਚਾਬੂ,
ਮੂੰਗੀ ਆਉਂਦੀ ਫਲਦੀ ।
ਪਹਿਨ ਪੱਚਰ ਕੇ ਆ ਗਈ ਖੇਤ ਵਿਚ,
ਠੁਮਕ ਠੁਮਕ ਪੱਬ ਧਰਦੀ ।
ਸਿਫਤਾਂ ਸੋਹਣੇ ਦੀਆਂ
ਬੈਠ ਮਨ੍ਹੇ ਤੇ ਕਰਦੀ ।
30
ਖੇਤ ਤਾਂ ਆਪਣਾ ਡਬਰਿਆਂ ਖਾ ਲਿਆ
ਮੇਰਾ ਕਲੇਜਾ ਧੜਕੇ ।
ਸਾਰੇ ਜੋਰ ਦਾ ਮਾਰਾਂ ਗੋਪੀਆ
ਹੇਠ ਤੂਤ ਦੇ ਖੜ੍ਹ ਕੇ ।
ਸੋਹਣੀ ਹੀਰੇ ਨੀ !
ਦੇ ਦੇ ਬਾਜਰੇ ਮਲ ਕੇ ।
31
ਐਤਕੀਂ ਤਾਂ ਬਾਜਰਾ ਮੈਂ ਮਲ ਦੇਵਾਂ
ਪਰ ਨੂੰ ਕੌਣ ਚਬਾਊ ।
ਸੈਦਾ ਖੇੜਾ ਆਜੂ ਇਕ ਦਿਨ
ਛੱਡ ਕੇ ਕਦੇ ਨਾ ਜਾਊ ।
ਕੂੜਾ ਤੇਰਾ ਦਾਹਵਾ ਜੁਆਨਾ
ਸਾਡੇ ਦੋ ਨੇ ਰਾਹ ।
ਕੁੜੀਆਂ ਆਖਦੀਆਂ
ਪਰ ਨੂੰ ਤੇਰਾ ਵਿਆਹ ।
32
ਨੌਕਰ ਨੂੰ ਨਾ ਦੇਈਂ ਬਾਬਲਾ
ਹਾਲੀ ਪੁੱਤ ਬਥੇਰੇ ।
ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ
ਵਿੱਚ ਪਰਦੇਸਾਂ ਡੇਰੇ ।
ਨੌਕਰ ਨਾਲੋਂ ਐਵੇਂ ਚੰਗੀ
ਦਿਨ ਕੱਟ ਲਊਂ ਘਰ ਤੇਰੇ ।
ਮੈਂ ਤੈਨੂੰ ਵਰਜ ਰਹੀ
ਦੇਈਂ ਨਾ ਬਾਬਲਾ ਫੇਰੇ ।
33
ਸੁਣ ਵੇ ਫਰੰਗੀਆ ਸੱਧਰਾਂ ਮੇਰੀਆਂ
ਮੈਂ ਤੈਨੂੰ ਆਖ ਸੁਣਾਵਾਂ ।
ਛੁੱਟੀ ਦੇ ਦੇ ਮੇਰੇ ਢੋਲ ਸਿਪਾਹੀ ਨੂੰ
ਧਾ ਗਲਵੱਕੜੀ ਪਾਵਾਂ ।
ਖੰਡ ਮੱਖਣਾਂ ਦੇ ਪਲੇ ਮਾਹੀ ਨੂੰ
ਰਫਲ ਨਾ ਕਦੇ ਫੜਾਵਾਂ ।
ਫਰੰਗੀਆ ਤਰਸ ਕਰੀਂ,
ਤੇਰਾ ਜੱਸ ਗਿੱਧਿਆਂ ਵਿੱਚ ਗਾਵਾਂ ।
34
ਚਿੱਟਾ ਕਾਗਜ ਕਾਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ ।
ਲਿਖ ਪਰਵਾਨਾ ਮਾਹੀ ਤਾਈਂ
ਸੱਧਰਾਂ ਕੁੱਲ ਸੁਣਾਵਾਂ ।
ਭੁੱਲ ਜਾਣ ਦੁੱਖ ਨਵੇਂ ਪੁਰਾਣੇ
ਜੇ ਮੁੜ ਦਰਸ਼ਨ ਪਾਵਾਂ ।
ਆ ਜਾ ਸਿਪਾਹੀਆ ਵੇ
ਹਰਦਮ ਸ਼ਗਨ ਮਨਾਵਾਂ ।
35
ਦੁਆਬੇ ਦੀ ਮੈਂ ਜੰਮੀ ਜਾਈ
ਜੰਗਲ ਵਿਚ ਵਿਆਹੀ ।
ਡਾਰੋਂ ਵਿਛੁੰਨੀ ਕੂੰਜ ਮੈਂ ਭੈਣੋਂ !
ਜੰਗ ਨੂੰ ਗਿਆ ਮੇਰਾ ਮਾਹੀ ।
ਹਰ ਦਮ ਨੀਰ ਵਗੇ ਮੇਰੀ ਅੱਖੀਂ,
ਆਉਣ ਦੀ ਚਿੱਠੀ ਨਾ ਪਾਈ ।
ਆ ਜਾ ਸਿਪਾਹੀਆ ਵੇ
ਮੈਂ ਜਿੰਦੜੀ ਘੋਲ ਘੁਮਾਈ ।
36
ਜਿਥੇ ਜੈ ਕੁਰੇ ਤੂੰ ਬਹਿ ਜਾਂਦੀ
ਚਾਨਣ ਚਾਰ ਚੁਫੇਰੇ ।
ਬਾਬਲ ਤੇਰੇ ਨੇ ਕੁਝ ਨਾ ਵੇਖਿਆ
ਸੁੱਟਿਆ ਪਰੇ ਪਰੇਰੇ ।
ਨਾ ਤਾਂ ਜੈ ਕੁਰੇ ਵਸ ਕੁਝ ਤੇਰੇ ਸੀ
ਨਾ ਵਸ ਸੀਗਾ ਮੇਰੇ ।
ਬਚੜੇ ਖਾਣੇ ਨੇ
ਦੇ ਤੇ ਸਿਪਾਹੀ ਨੂੰ ਫੇਰੇ ।