ਆਲੋਚਨਾ ਨੂੰ ਆਪਣੀ ਊਰਜਾ ਬਣਾਓ
(ਲੇਖ )
ਜਿਹੜਾ ਵਿਅਕਤੀ ਰੂੜੀਵਾਦੀ ਵਿਚਾਰਧਾਰਾ ਦੀਆਂ ਲੀਹਾਂ 'ਤੇ ਹੀ ਤੁਰਦਾ ਹੈ, ਉਸਦੀ ਆਲੋਚਨਾ ਸੰਭਵ ਨਹੀ।ਨਵੇਂ ਕੰਮ ਕਰਨ ਵਾਲਿਆਂ ਦੀ ਆਲੋਚਨਾ ਹੀ ਹੁੰਦੀ ਹੈ।ਸਮਾਜ ਨਵੀਂ ਚੀਜ਼ ਦਾ ਹੀ ਵਿਰੋਧ ਕਰਦਾ ਹੈ, ਕਿਉਂਕਿ ਨਵੇਂ ਵਿਚਾਰ ਜਾਂ ਨਵੀਆਂ ਚੀਜ਼ਾਂ ਨੂੰ ਅਪਨਾਉਣ ਵਿਚ ਪਹਿਲਾਂ ਕਠਿਨਾਈ ਆਉਂਦੀ ਹੈ, ਪਰ ਸਮਾਂ ਬੀਤਣ ਨਾਲ ਇਹ ਵਿਚਾਰ ਜਾਂ ਚੀਜ਼ਾਂ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਜਾਂਦੇ ਹਨ।ਜਿਵੇਂ ਕੰਪਊਟਰ ਦੀ ਵਰਤੋਂ ਦੀ ਪਹਿਲਾਂ ਜ਼ੋਰਦਾਰ ਆਲੋਚਨਾ ਹੋਈ ਸੀ।ਆਲੋਚਕਾਂ ਦਾ ਮੰਨਣਾ ਸੀ ਕਿ ਕੰਪਿਊਟਰ ਦੀ ਆਮਦ ਨਾਲ ਬੇਰੁਜ਼ਗਾਰੀ ਵੱਧੇਗੀ, ਪਰ ਇਹ ਧਾਰਨਾ ਗ਼ਲਤ ਸਾਬਿਤ ਹੋਈ।ਅੱਜ ਹਰ ਕੰਮ ਵਿੱਚ ਕੰਪਿਊਟਰ ਦੀ ਵਰਤੋਂ ਕੀਤੀ ਜਾ ਰਹੀ ਹੈ।ਆਲੋਚਨਾ ਤੇ ਵਿਕਾਸ ਦਾ ਆਪਸ ਵਿਚ ਡੂੰਘਾ ਸੰਬੰਧ ਹੈ।ਜੇਕਰ ਲੋਕ ਤੁਹਾਡੇ ਕੰਮ ਦੀ ਆਲੋਚਨਾ ਕਰ ਰਹੇ ਹਨ ਤਾਂ ਸਪੱਸ਼ਟ ਹੈ ਕਿ ਉਹ ਤੁਹਾਡੇ ਕੰਮ ਦਾ ਨੋਟਿਸ ਲੈ ਰਹੇ ਹਨ।ਭਾਵ ਕਿ ਤੁਸੀਂ ਕੋਈ ਧਿਆਨ ਖਿੱਚਣ ਵਾਲਾ ਕੰਮ ਕਰ ਰਹੇ ਹੋ।ਆਲੋਚਨਾ ਸਾਨੂੰ ਰਾਹ ਤੋਂ ਭਟਕਣ ਨਹੀਂ ਦਿੰਦੀ।ਇਥੋਂ ਤੱਕ ਕਿ ਇਕ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਅਤੇ ਸੁਚਾਰੂ ਰੱਖਣ ਲਈ ਵਿਰੋਧੀ ਧਿਰ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾਂ ਕਰਕੇ ਸਰਕਾਰ ਨੂੰ ਸੇਧ ਦਿੰਦੀ ਹੈ।ਅਸਲੀ ਸ਼ਬਦਾਂ ਵਿਚ ਆਲੋਚਕ ਤੁਹਾਡੇ ਦੁਸ਼ਮਣ ਨਹੀਂ, ਛੁਪੇ ਹੋਏ ਦੋਸਤ ਹੁੰਦੇ ਹਨ।ਜੋ ਲਗਾਤਾਰ ਤੁਹਾਡੀਆਂ ਕਮੀਆਂ ਦੱਸ ਕੇ ਤੁਹਾਨੂੰ ਸੁਧਾਰ ਕਰਨ ਦਾ ਮੌਕਾ ਦਿੰਦੇ ਹਨ।ਨਿੰਦਾ ਕਰਨ ਵਾਲੇ ਨਾਲ ਨਫ਼ਰਤ ਨਹੀਂ ਕਰਨੀ ਚਾਹਿਦੀ ਸਗੋਂ ਆਪਣੀਆਂ ਕੋਸ਼ਿਸ਼ਾਂ ਤੇ ਯਤਨਾਂ 'ਚ ਰੂਹ ਭਰਨੀ ਚਾਹੀਦੀ ਹੈ।ਬਿਨ੍ਹਾਂ ਰੂਹ ਤੋਂ ਤਾਂ ਕੋਸ਼ਿਸ਼ ਵੀ ਬੇਜਾਨ ਹੋਵੇਗੀ।
ਇਕ ਵਾਰ ਸ਼ੇਖ ਚਿੱਲੀ ਆਪਣੀ ਮਰੀਅਲ ਜਿਹੀ ਘੋੜੀ ਤੇ ਸਵਾਰ ਹੋ ਕੇ ਆਪਣੇ ਸਹੁਰਿਆਂ ਤੋਂ ਘਰ ਪਰਤ ਰਹੇ ਸਨ।ਘੋੜੀ ਦੇ ਪਿੱਛੇ-ਪਿੱਛੇ ਉਨ੍ਹਾਂ ਦੀ ਬੇਗ਼ਮ ਚੱਲ ਰਹੀ ਸੀ।ਕੁੱਝ ਕੁ ਦੂਰ ਚੱਲ ਕੇ ਉਨ੍ਹਾਂ ਨੂੰ ਕਿਸੇ ਆਦਮੀ ਦੀ ਆਵਾਜ਼ ਸੁਣਾਈ ਦਿੱਤੀ, "ਕਿਹੋ ਜਿਹਾ ਮੂਰਖ ਆਦਮੀ ਹੈ ਔਰਤ ਤਾਂ ਪੈਦਲ ਤੁਰ ਰਹੀ ਹੈ ਅਤੇ ਮਰਦ ਖੁਦ ਮਜ਼ੇ ਨਾਲ ਘੋੜੀ 'ਤੇ ਚੜ੍ਹ ਕੇ ਜਾ ਰਿਹਾ ਹੈ।"
ਸ਼ੇਖ਼ ਚਿੱਲੀ ਨੇ ਇਹ ਸੁਣ ਕੇ ਕਿਹਾ, "ਬੇਗ਼ਮ! ਮੈਂ ਉੱਤਰ ਜਾਂਦਾ ਹਾਂ ਤੁਸੀਂ ਬੈਠ ਜਾਓ।''
ਬੇਗ਼ਮ ਸਾਹਿਬਾ ਪੈਦਲ ਤੁਰ ਕੇ ਥੱਕ ਗਈ ਸੀ ਇਸ ਲਈ ਉਹ ਝੱਟ ਘੋੜੀ ਤੇ ਬੈਠ ਗਈ।ਹੁਣ ਸ਼ੇਖ਼ ਚਿੱਲੀ ਪੈਦਲ ਜਾ ਰਹੇ ਸਨ।
ਥੋੜੀ ਦੂਰ ਜਾ ਕੇ ਉਨ੍ਹਾਂ ਨੂੰ ਦੂਰ ਤੋਂ ਪਾਣੀ ਭਰ ਰਹੀਆਂ ਕੁੱਝ ਔਰਤਾਂ ਮਿਲੀਆਂ ।ਸੇਖ਼ ਚਿੱਲੀ ਵੱਲ ਵੇਖ ਕੇ ਉਹ ਬੋਲੀਆਂ ਕਿਹੋ ਜਿਹੀ ਮੂਰਖ ਜੋੜੀ ਹੈ।ਮਰਦ ਤਾਂ ਆਪ ਪੈਦਲ ਚੱਲ ਰਿਹਾ ਹੈ ਪਰ ਔਰਤ ਨੂੰ ਘੋੜੀ ਤੇ ਬਿਠਾਇਆ ਹੋਇਆ ਹੈ।ਇਸ ਔਰਤ ਨੂੰ ਵੀ ਤਾਂ ਸ਼ਰਮ ਚਾਹੀਦੀ ਹੈ।
ਇਹ ਸੁਣ ਕੇ ਸੇਖ਼ ਚਿੱਲੀ ਖ਼ੁਦ ਘੋੜੀ 'ਤੇ ਚੜ੍ਹ ਗਏ।ਹੁਣ ਕਮਜ਼ੋਰ ਜਿਹੀ ਘੋੜੀ ਮੀਆਂ ਬੀਵੀ ਦੇ ਭਾਰ ਨਾਲ ਕੁੱਬੀ ਹੁੰਦੀ ਜਾ ਰਹੀ ਸੀ ।ਉਸ ਦੀ ਤੋਰ ਵੀ ਮੱਠੀ ਪੈ ਰਹੀ ਸੀ।ਸੇਖ਼ ਚਿੱਲੀ ਹੁਣ ਘੋੜੀ ਨੂੰ ਚਾਬੁਕ ਨਾਲ ਹੱਕਣ ਦੀ ਕੋਸ਼ਿਸ਼ ਕਰ ਰਹੇ ਸਨ।ਅੱਗੇ ਜਾ ਕੇ ਉਨ੍ਹਾਂ ਨੂੰ ਕੁਝ ਮੁਸਾਫ਼ਿਰ ਮਿਲੇ।
ਉਨ੍ਹਾਂ ਨੇ ਸੇਖ਼ ਚਿੱਲ਼ੀ ਨੂੰ ਕਿਹਾ, "ਕੈਸਾ ਆਦਮੀ ਹੈ ਬੇਜ਼ੁਬਾਨ ਜਾਨਵਰ ਨੂੰ ਚਾਬੁਕ ਮਾਰ ਕੇ ਤਸੀਹੇ ਦੇ ਰਿਹਾ ਹੈ।ਇਸ ਨੂੰ ਸ਼ਰਮ ਨਹੀ ਆਉਂਦੀ''।ਇਹ ਸਭ ਸੁਣ ਕੇ ਆਪਣੀ ਬੇਗ਼ਮ ਨੂੰ ਕਿਹਾ, ਬੇਗ਼ਮ! ਹੇਠਾਂ ਉੱਤਰ ਜਾ।ਇਹ ਦੁਨੀਆਂ ਵਾਲੇ ਬੜੇ ਮੂਰਖ ਨੇ।ਕਿਸੇ ਹਾਲ 'ਚ ਵੀ ਜਿਉਣ ਨਹੀ ਦਿੰਦੇ।ਹੁਣ ਉਹ ਦੋਵੇਂ ਘੋੜੀ ਦੇ ਨਾਲ-ਨਾਲ ਨਦੀ ਦੇ ਪੁਲ ਉੱਤੇ ਪੈਦਲ ਹੀ ਚੱਲ ਰਹੇ ਸਨ।ਥੋੜੀ ਦੂਰ 'ਤੇ ਉਨ੍ਹਾਂ ਨੂੰ ਟਹਿਲ ਰਹੇ ਕੁਝ ਆਦਮੀ ਮਿਲੇ।ਉਹ ਕਹਿਣ ਲੱਗੇ ਕਿੰਨੇ ਮੂਰਖ ਬੰਦੇ ਹਨ, ਘੋੜੀ ਕੋਲ ਹੁੰਦੇ ਹੋਏ ਵੀ ਪੈਦਲ ਜਾ ਰਹੇ ਹਨ।
ਇਹ ਸੁਣਦਿਆਂ ਹੀ ਸੇਖ਼ ਜੀ ਭੜਕ ਪਏ ਤੇ ਘੋੜੀ ਨੂੰ ਹੇਠਾਂ ਸੁੱਟ ਕੇ ਉਸਦੇ ਪੈਰ ਬੰਨ੍ਹ ਦਿੱਤੇ ਤੇ ਖੁਦ ਘੋੜੀ ਨੂੰ ਚੁੱਕ ਕੇ ਚੱਲ ਪਏ।ਰਸਤੇ ਵਿਚ ਕੁੱਝ ਲੋਕ ਉਨ੍ਹਾਂ ਤੇ ਤਾੜੀਆਂ ਵਜਾ ਕੇ ਹਸਦੇ ਹੋਏ ਕਹਿਣ ਲੱਗੇ, ਮੂਰਖ ਹੈ! ਮਹਾਂ ਮੂਰਖ ਹੈ!!
ਸੇਖ਼ ਜੀ ਨੂੰ ਗੁੱਸਾ ਚੜ੍ਹ ਗਿਆ।ਉਨ੍ਹਾਂ ਨੇ ਘੋੜੀ ਨੂੰ ਨਦੀ ਵਿਚ ਸੁੱਟ ਦਿੱਤਾ ਤੇ ਮੂੰਹ ਲਟਕਾ ਕੇ ਘਰ ਆ ਗਏ।ਘਰ ਵਾਲਿਆਂ ਨੇ ਜਦੋਂ ਪੁੱਛਿਆ ਕਿ ਉਨ੍ਹਾਂ ਨੇ ਘੋੜੀ ਨੂੰ ਨਦੀ ਵਿਚ ਕਿਉਂ ਸੁੱਟ ਦਿੱਤਾ ਤਾਂ ਸੇਖ਼ ਚਿੱਲੀ ਨੇ ਕਿਹਾ, ਦੁਨੀਆਂ ਵਾਲੇ ਟਿਕਣ ਨਹੀਂ ਸਨ ਦਿੰਦੇ।ਹਰ ਗੱਲ ਤੇ ਨੁਕਤਾਚੀਨੀ ਕਰਦੇ ਸਨ।ਹੁਣ ਘੋੜੀ ਨਹੀ ਹੋਵੇਗੀ ਤਾਂ ਨੁਕਤਾਚੀਨੀ ਤੋਂ ਵੀ ਨਿਜਾਤ ਮਿਲ ਜਾਵੇਗੀ।
ਡਾਇਨਾਮਾਈਟ ਦੀ ਖੋਜ ਕਰਨ ਵਾਲੇ ਵਿਗਿਆਨੀ 'ਐਲਫਰੈਡ ਨੋਬੇਲ' ਨੂੰ ਵੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।ਉਸ ਸਮੇਂ ਦੇ ਰਾਜਨੀਤੀਵਾਨਾਂ ਅਤੇ ਉਦਯੋਗਪਤੀਆਂ ਨੇ ਸਮਾਚਾਰ ਪੱਤਰਾਂ ਦੀ ਸਹਾਇਤਾ ਲੈ ਕੇ ਐਲਫਰੈਡ ਨੋਬੇਲ ਦੀਆਂ ਖੋਜਾਂ ਦੀ ਆਲੋਚਨਾਂ ਕੀਤੀ। ਨੋਬੇਲ ਦਾ ਲੋਕਾਂ ਨੇ ਮਜ਼ਾਕ ਉਡਾਇਆ।ਉਹਨਾਂ ਨੇ ਇਹ ਵੀ ਮਹਿਸੂਸ ਨਹੀਂ ਕੀਤਾ ਕਿ ਬਾਰੂਦ ਦੀ ਸਹਾਇਤਾ ਦੇ ਬਿਨ੍ਹਾਂ ਐਲਪਸ ਪਰਬਤ ਦੇ ਹੇਠਾਂ ਦੋ ਸੁਰੰਗਾਂ ਨੂੰ ਬਨਾਉਣਾ ਸੰਭਵ ਨਹੀਂ ਸੀ ।ਕਈ ਸਮਾਚਾਰ ਪੱਤਰਾਂ ਨੇ ਤਾਂ ਨੋਬੇਲ ਨੂੰ 'ਦੁਸ਼ਟ ਪ੍ਰਤਿਭਾ' ਵਾਲਾ ਅਤੇ 'ਵਿਨਾਸ਼ ਦਾ ਸੁਆਮੀ' ਕਿਹਾ।ਪਰ ਉਨ੍ਹਾਂ ਨੇ ਅਲੋਚਨਾ ਦੀ ਪਰਵਾਹ ਨਾ ਕੀਤੀ ਅਤੇ ਆਪਣੇ ਖੋਜ ਕਾਰਜਾਂ 'ਚ ਮਗਨ ਰਹੇ।ਅੱਜ ਉਨ੍ਹਾਂ ਦੀ ਵਿਰਾਸਤ ਦੇ ਫੰਡ ਵਿੱਚੋਂ ਹਰ ਸਾਲ ਮਨੁੱਖਤਾ ਦਾ ਭਲਾ ਕਰਨ ਵਾਲੇ ਨੂੰ ਨੋਬਲੇ ਪੁਰਸਕਾਰ ਦੇ ਰੂਪ ਵਿਚ ਦਿੱਤਾ ਜਾਂਦਾ ਹੈ।
ਆਮ ਤੌਰ ਤੇ ਹੌਲੀ ਸਖ਼ਸ਼ੀਅਤ ਵਾਲੇ ਹੀ ਬੇਲੋੜੀ ਆਲੋਚਨਾ ਕਰਦੇ ਹਨ।ਕਈ ਬੰਦੇ ਤਾਂ ਜਮਾਂਦਰੂ ਹੀ ਅਲੋਚਕ ਹੁੰਦੇ ਹਨ।ਉਹ ਪਹਿਲਾਂ ਤਾਂ ਰੌਲਾ ਪਾਈ ਜਾਣਗੇ ਕਿ ਸੜਕ ਨਹੀਂ ਬਣੀ, ਸੜਕ ਨਹੀਂ ਬਣੀ ਜਦੋਂ ਸੜਕ ਬਣ ਜਾਂਦੀ ਹੈ ਤਾਂ ਫਿਰ ਕਹਿਣ ਲੱਗਦੇ ਹਨ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ।ਜੇ ਇਹਨਾਂ ਨੂੰ ਕੋਈ ਦੇਵਤਾ ਵੀ ਦਿਸ ਜਾਵੇ ਇਹ ਤਾਂ ਉਸ ਦੀ ਵੀ ਅਲੋਚਨਾ ਕਰ ਦੇਣ। ਅਜਿਹੇ ਲੋਕਾਂ ਦੀ ਪਰਵਾਹ ਕਰਨ ਨਾਲ ਤਾਕਤ ਜਾਇਆ ਹੁੰਦੀ ਹੈ।ਜਿਹੜੇ ਲੋਕ ਅੱਜ ਤੁਹਾਡੇ ਤੇ ਹੱਸਦੇ ਹਨ ਤੁਹਾਡਾ ਮਜ਼ਾਕ ਉਡਾਉਂਦੇ ਹਨ, ਜਾਂ ਤੁਹਾਨੂੰ ਆਪਣੇ ਆਪ ਤੋਂ ਨੀਵਾਂ ਸਮਝਦੇ ਹਨ, ਤੁਸੀਂ ਉਨ੍ਹਾਂ ਲੋਕਾਂ ਦੀ ਪਰਵਾਹ ਕੀਤੇ ਬਗੈਰ ਆਪਣੇ ਆਪ ਵਿਚ ਖਿੱਚ ਪੈਦਾ ਕਰੋ।ਕੱਲ੍ਹ ਨੂੰ ਇਹੀ ਲੋਕ ਤੁਹਾਡੇ ਪਿੱਛੇ ਫਿਰਨਗੇ। ਜਦ ਤੁਸੀਂ ਸਫ਼ਲਤਾ ਦੀ ਟੀਸੀ ਤੇ ਬੈਠੇ ਹੋਵੇਗੇ ਤਾਂ ਤੁਹਾਨੂੰ ਵੇਖਣ ਲਈ ਇਨ੍ਹਾਂ ਲੋਕਾਂ ਨੂੰ ਆਪਣੀਆਂ ਅੱਡੀਆਂ ਉੱਪਰ ਚੁੱਕਣੀਆ ਪੈਣਗੀਆਂ।
ਆਲੋਚਨਾ ਦਾ ਸ਼ਿਕਾਰ ਹੋਣ ਤੋਂ ਬਚਣ ਦਾ ਵਧੀਆ ਢੰਗ ਇਹ ਹੈ ਕਿ ਤੁਸੀਂ ਦੂਜੇ ਦੀ ਬਕਵਾਸ ਨੂੰ ਅਣਸੁਣਿਆਂ ਕਰ ਦਿਉ। ਇਸ ਨਾਲ ਤੁਹਾਡਾ ਕੁਝ ਨਹੀ ਵਿਗੜਨ ਲੱਗਿਆ।ਜੇਕਰ ਤੁਸੀਂ ਆਲੋਚਕ ਨਾਲ ਬਹਿਸ ਕਰਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਜਾਵੋਗੇ।ਬਹਿਸ ਕਰਨੀ ਉਸ ਵੇਲੇ ਜ਼ਰੂਰੀ ਹੈ ਜਦੋਂ ਬਰਾਬਰੀ ਦੀ ਸਥਿਤੀ ਹੋਵੇ।ਬਿਮਾਰ ਜ਼ਹਿਨ ਨਾਲ ਕਾਹਦੀ ਬਹਿਸ।ਜੇਕਰ ਤੁਸੀਂ ਆਲੋਚਨਾ ਦੀ ਪਰਵਾਹ ਨਹੀਂ ਕਰਦੇ ਤਾਂ ਥੋੜ੍ਹੇ ਸਮੇਂ ਬਾਅਦ ਹੀ ਤੁਸੀਂ ਸਾਰਾ ਕੁੱਝ ਭੁੱਲ ਕੇ ਆਪ ਰੁਟੀਨ ਵਿੱਚ ਕੰਮ ਕਰਨ ਲੱਗ ਜਾਓਗੇ।ਇਸ ਤੋਂ ਇਲਾਵਾ ਜੇ 'ਕੂੜਾ-ਕਰਕਟ' ਦਿਮਾਗ਼ 'ਤੇ ਚੱਕ ਲਿਆ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣਾ ਬਲੱਡ ਪ੍ਰੈਸ਼ਰ ਨਾਰਮਲ ਕਰਨ ਲਈ ਕਈ ਦਿਨ ਦਵਾਈ ਖਾਣੀ ਪਵੇ।ਘਟੀਆ ਅਤੇ ਛੋਟੇ ਲੋਕ ਆਪਣੀ ਅਸੁਰੱਖਿਆ ਅਤੇ ਅਪੂਰਨਤਾ ਕਾਰਨ ਜ਼ਹਿਰ ਉਗਲਦੇ ਰਹਿੰਦੇ ਹਨ। ਯਾਦ ਰੱਖੋ ਇੱਕ ਕੁੱਤਾ ਤੇਜ਼ ਜਾ ਰਹੀ ਕਾਰ 'ਤੇ ਇਸ ਲਈ ਭੌਂਕਦਾ ਹੈ ਕਿਉੁਂਕਿ ਉਸ ਨੂੰ ਈਰਖਾ ਹੁੰਦੀ ਹੈ ਕਿ ਹੋਰ ਕੋਈ ਵੀ ਮੇਰੇ ਨਾਲੋ ਵੱਡਾ ਹੈ ਤੇ ਤੇਜ਼ ਦੋੜ ਸਕਦਾ ਹੈ।ਜੇ ਕਾਰ ਚਾਲਕ ਅੱਗੇ ਦੇਖਣ ਦੀ ਬਜਾਏ ਭੌਕਣ ਵਾਲੇ ਕੁੱਤਿਆਂ ਵੱਲ ਦੇਖਣ ਲੱਗ ਜਾਵੇ ਤਾਂ ਸਾਹਮਣੇ ਕਿਸੇ ਨਾ ਕਿਸੇ 'ਚ ਆਪਣੀ ਕਾਰ ਠੋਕ ਬੈਠੇਗਾ।ਪਰ ਜੇਕਰ ਉਸਨੂੰ ਭਰੋਸਾ ਹੈ ਕਿ ਉਹ ਸੁਰੱਖਿਅਤ ਹੇ ਤੇ ਭੌਂਕਦੇ ਕੁੱਤਿਆਂ ਦੀ ਪਰਵਾਹ ਕੀਤੇ ਵਗੈਰ ਸਾਹਮਣੇ ਧਿਆਨ ਦੇ ਕੇ ਅੱਗੇ ਵੱਧ ਰਿਹਾ ਹੈ ਤਾਂ ਉਹ ਜਲਦੀ ਹੀ ਅੱਗੇ ਲੰਘ ਜਾਵੇਗਾ ਤੇ ਭੌਂਕਣ ਵਾਲੇ ਕੁੱਤੇ ਚੁੱਪ ਕਰਕੇ ਆਪਣੀ ਥਾਂ ਤੇ ਵਾਪਿਸ ਆ ਜਾਣਗੇ।
ਮਨੁੱਖ ਗ਼ਲਤੀਆਂ ਦਾ ਪੁਤਲਾ ਹੈ।ਕਿਹਾ ਜਾਂਦਾ ਹੈ ਕਿ ਵੱਡੇ ਬੰਦੇ ਵੱਡੀਆਂ ਗ਼ਲਤੀਆਂ ਕਰਦੇ ਹਨ ਤੇ ਉਨ੍ਹਾਂ ਦੀ ਆਲੋਚਨਾ ਹੋ ਸਕਦੀ ਹੈ।ਜਦੋਂ ਤੁਸੀਂ ਲੀਹ ਤੋਂ ਹਟ ਕੇ ਨਵਾਂ ਕੰਮ ਕਰੋਗੇ ਤਾਂ ਤੁਹਾਡੀ ਆਲੋਚਨਾ ਹੀ ਹੋਵੇਗੀ।ਇਸ ਸਥਿਤੀ ਵਿੱਚ ਦਿਲ ਨਾ ਛੱਡੋ ਸਗੋਂ ਰਚਨਾਤਮਕ ਆਲੋਚਨਾ ਨੂੰ ਆਪਣੀ ਊਰਜਾ ਬਣਾ ਕੇ ਅੱਗੇ ਵਧਦੇ ਰਹੋ।ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।