ਕਿਸੇ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਇਕ ਛੋਟੇ ਜਹੇ ਪਿੰਡ "ਦਾਊਂ" ਦਾ ਕੋਈ ਬੱਚਾ ਵੱਡਾ ਹੋ ਕੇ ਨਾ ਕੇਵਲ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇਗਾ ਸਗੋਂ ਇਸ ਛੋਟੇ ਜਹੇ ਪਿੰਡ ਦੀ ਪਹਿਚਾਨ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚਾਏਗਾ। ਮਨਮੋਹਨ ਸਿੰਘ ਨੇ ਆਪਣੇ ਪਿੰਡ "ਦਾਊਂ" ਦਾ ਨਾਮ ਆਪਣੇ ਨਾਮ ਦੇ ਨਾਲ ਇਕ ਤਗਮੇ ਦੀ ਤਰ੍ਹਾਂ ਜੋੜ ਲਿਆ। ਉਸਨੇ ਜਰਾ ਸ਼ਰਮ ਨਹੀਂ ਕੀਤੀ ਕਿ ਉਹ ਇਕ ਛੋਟੇ ਜਹੇ ਪਿੰਡ ਵਿਚ ਪੈਦਾ ਹੋਇਆ ਹੈ ਜੋ ਬਹੁਤ ਪੱਛੜਿਆ ਹੋਇਆ ਅਤੇ ਅਣਗੋਲਿਆ ਪਿਆ ਸੀ। ਇਸ ਪਿੰਡ ਵਿਚ ਪੜ੍ਹਾਈ, ਵਧਣ ਫੁਲਣ ਅਤੇ ਮੌਲਣ ਦੀਆਂ ਸਹੂਲਤਾਂ ਬਿਲਕੁਲ ਨਹੀਂ ਸਨ ਪਰ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚੋਂ ਨਿਕਲ ਕੇ ਵੀ ਆਪਣੀ ਹੌਂਦ ਪ੍ਰਗਟਾ ਦਿੰਦਾ ਹੈ, ਦੇਖਣ ਵਾਲੇ ਦਾ ਮਨ ਮੋਹ ਲੈਂਦਾ ਹੈ ਅਤੇ ਦੁਨੀਆਂ ਦੇ ਸੁਹਪਣ ਵਿਚ ਵਾਧਾ ਕਰਦਾ ਹੈ ਇਸੇ ਤਰ੍ਹਾਂ ਮਨਮੋਹਨ ਸਿੰਘ ਦਾਊਂ ਨੇ ਆਪਣੇ ਇਸ ਛੋਟੇ ਜਹੇ ਪਿੰਡ ਨੂੰ ਹੀ ਆਪਣੀ ਕਰਮ-ਭੂਮੀ ਬਣਾਇਆ ਅਤੇ ਪਰਵਾਨ ਚੜ੍ਹਿਆਂ। ਕਈ ਲੋਕਾਂ ਨੂੰ ਤਾਂ ਉਸਦਾ ਅਸਲੀ ਨਾਮ ਵੀ ਨਹੀਂ ਯਾਦ ਹੋਵੇਗਾ। ਉਹ ਉਸਨੂੰ ਕੇਵਲ "ਦਾਊਂ" ਦੇ ਨਾਮ ਨਾਲ ਹੀ ਜਾਣਦੇ ਹਨ। ਹੁਣ ਮਨਮੋਹਨ ਸਿੰਘ ਅਤੇ ਦਾਊਂ ਨੂੰ ਇਕ ਦੂਜੇ ਤੋਂ ਅੱਲਗ ਨਹੀਂ ਕੀਤਾ ਜਾ ਸਕਦਾ।ਅੱਜ ਉਸਦੇ ਨਾਮ ਅਤੇ ਗੁਣਾ ਦੀ ਸੁਗੰਧੀ ਦੁਨੀਆਂ ਦੇ ਚਾਰੋ ਤਰਫ ਫੈਲ੍ਹ ਰਹੀ ਹੈ।
ਮਨਮੋਹਨ ਸਿੰਘ ਦੇ ਪਿਤਾ ਸਰੂਪ ਸਿੰਘ ਅਤੇ ਮਾਤਾ ਗੁਰਨਾਮ ਕੌਰ ਗੁਰੁ ਘਰ ਦੇ ਸ਼ਰਧਾਲੂ ਸਨ। ਸਾਹਿਤ ਦੀ ਗੁੜਤੀ ਮਨਮੋਹਨ ਸਿੰਘ ਨੂੰ ਆਪਣੇ ਪਿਤਾ ਪਾਸੋਂ ਵਿਰਸੇ ਵਿਚ ਹੀ ਮਿਲੀ ਸੀ ਕਿਉਂਕਿ ਆਪ ਵੀ ਇਕ ਸੁਲਝੇ ਹੋਏ ਅਧਿਆਪਕ ਸਨ। ਜਦ ਸੰਸਾਰਿਕ ਵਿਦਿਆ ਗ੍ਰਹਿਣ ਕਰਨ ਲਈ ਦਾਊਂ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖਲ ਕਰਾਇਆ ਗਿਆ ਤਾਂ ਉਦੋਂ ਤੋਂ ਹੀ ਉਸਦੇ ਬਾਲ ਮਨ ਵਿਚ ਸਾਹਿਤ ਦੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ। ਉਹ ਵਿਹਲੇ ਸਮੇਂ ਛੋਟੀ ਜਹੀ ਤੁਕਬੰਦੀ ਕਰ ਕੇ ਗੁਣਗੁਣਾਉਂਦਾ ਰਹਿੰਦਾ।ਦਾਊਂ ਨੂੰ ਚੰਗੇ ਅਧਿਆਪਕ ਮਿਲੇ ਜਿੰਨ੍ਹਾ ਦੀ ਸੁਚੱਜੀ ਅਗੁਆਈ ਕਾਰਨ ਹੀ ਉਸਦੀ ਜ਼ਿੰਦਗੀ ਵਿਚ ਅਤੇ ਸਾਹਿਤਕ ਰੁੱਚੀਆ ਵਿਚ ਨਿਖਾਰ ਆਇਆ। ਦਾਊਂ ਨੂੰ ਹਾਲੀ ਵੀ ਆਪਣੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਸ. ਰਾਮ ਸਿੰਘ ਨਹੀਂ ਭਿੱਲਆ।ਦਾਊਂ ਆਪਣੇ ਅਧਿਆਪਕਾਂ ਦਾ ਬਹੁਤ ਰਿਣੀ ਹੈ।
ਦਾਊਂ ਨੇ ਖਾਲਸਾ ਹਾਈ ਸਕੂਲ ਖਰੜ ਤੋਂ ਅਗਲੀ ਵਿਦਿਆ ਗ੍ਰਹਿਣ ਕੀਤੀ। ਅੱਜ ਵੀ ਸਕੂਲ਼ ਵਾਲਿਆਂ ਨੂੰ ਆਪਣਾ ਪੁਰਾਣਾ ਵਿਦਿਆਰਥੀ ਹੋਣ ਕਰਕੇ ਦਾਊਂ ਤੇ ਪੂਰਾ ਮਾਣ ਹੈ। ਉਨ੍ਹਾਂ ਨੇ ਦਾਊਂ ਨੂੰ ਨਾ ਕੇਵਲ ਸਕੂਲ ਵਲੋਂ ਸਨਮਾਨਤ ਹੀ ਕੀਤਾ ਸਗੋਂ ਉਸਦੀ ਵੱਡੇ ਸਾਈਜ ਦੀ ਰੰਗਦਾਰ ਫੋਟੋ ਆਪਣੀ ਆਰਟ ਗੈਲਰੀ ਵਿਚ ਸੁਸ਼ੋਭਿਤ ਕੀਤੀ ਜਿਸ ਤੋਂ ਵਿਦਿਆਰਥੀ ਅੱਜ ਵੀ ਪ੍ਰੇਰਨਾ ਲੈਂਦੇ ਹਨ ਅਤੇ ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ। ਕਾਲਜ ਜੀਵਨ ਵਿਚ ਵੀ ਦਾਊਂ ਕਾਲਜ ਮੈਗਜ਼ੀਨ ਦਾ ਐਡੀਟਰ ਰਿਹਾ ਅਤੇ ਸਮੇਂ ਸਮੇਂ ਉਸਨੂੰ ਸਨਮਾਨਤ ਕੀਤਾ ਜਾਂਦਾ ਰਿਹਾ।
ਕਿਸੇ ਸਾਹਿਤਕਾਰ ਦੀਆਂ ਲਿਖਤਾਂ ਵਿਚ ਨਿਖਾਰ ਲਈ ਇਹ ਜਰੂਰੀ ਹੈ ਕਿ ਉਹ ਚੰਗੇ ਸਾਹਿਤਕਾਰਾਂ ਦਾ ਮਿਆਰੀ ਸਾਹਿਤ ਪੜ੍ਹੇ। ਦਾਊਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਉਸ ਨੇ ਪ੍ਰੋ. ਪੂਰਨ ਸਿੰਘ, ਭਾਰੀ ਵੀਰ ਸਿੰਘ, ਪ੍ਰੋ ਮੰੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਜਸਵੰਤ ਸਿੰਘ ਨੇਕੀ ਅਤੇ ਡਾ. ਹਰਿਭਜਨ ਸਿੰਘ ਦਾ ਸਾਹਿਤ ਪੜ੍ਹਿਆ ਅਤੇ ਉਸਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਦਾਊਂ ਨੇ ਕੁਝ ਰੂਸੀ ਸਾਹਿਤ ਦਾ ਪੰਜਾਬੀ ਵਿਚ ਅਨੁਵਾਦ ਵੀ ਪੜ੍ਹਿਆ ਅਤੇ ਉਸ ਦਾ ਅਸਰ ਕਬੂਲਿਆ। ਦਾਊਂ ਡਾਕਟਰ ਐਮ. ਐਸ. ਰੰਧਾਵਾ ਅਤੇ ਸਾਬਕਾ ਪਾਰਲੀਮੇਂਟ ਮੈਂਬਰ ਅਤੇ ਪ੍ਰਧਾਨ ਮਾਈਨੋਰਟੀ ਕਮਿਸ਼ਨ ਸ. ਤ੍ਰਲੋਚਨ ਸਿੰਘ ਦੀ ਸ਼ਖਸੀਅਤ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ। ਦਾਊਂ ਦੇ ਵੀਚਾਰ ਅਨੁਸਾਰ ਸਾਡੇ ਕੋਲ ਲੋਕ ਗੀਤਾਂ, ਗੁਰਮਿਤ ਸਾਹਿਤ, ਕਿੱਸਾ ਕਾਵਿ ਅਤੇ ਸੂਫੀ ਸਾਹਿਤ ਦਾ ਬਹੁਤ ਅਮੀਰ ਵਿਰਸਾ ਹੈ ਜੋ ਕਿਸੇ ਸਾਹਿਤਕਾਰ ਅੰਦਰ ਚੰਗੇ ਬੀਜ, ਖਾਦ ਅਤੇ ਸਿੰਜਾਈ ਦਾ ਕੰਮ ਕਰਦਾ ਹੈ।
ਹੁਣ ਦਾਊਂ ਦਾ ਅੰਦਰ ਚੰਗੇ ਸਾਹਿਤਕ ਵੀਚਾਰਾਂ ਨਾਲ ਭਰ ਚੁੱਕਾ ਸੀ ਅਤੇ ਕੁਝ ਬਾਹਰ ਆਉਣ ਨੂੰ ਕਰਦਾ ਸੀ। ਸੋ ਉਸਨੇ ਆਪਣੀ ਪਹਿਲੀ ਪੁਸਤਕ—"ਖਾਮੋਸ਼ ਚਸ਼ਮਾ"—੧੯੭੧ ਵਿਚ ਲਿਖੀ ਜਿਸ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ। ਫਿਰ ਚਲ ਸੋ ਚਲ। ਦਾਊਂ ਅੱਗੇ ਵਧਦਾ ਗਿਆ। ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਦਾਊਂ ਨੂੰ ਬਾਲ ਕਵੀ ਕਰਕੇ ਵੀ ਜਾਣਿਆ ਜਾਂਦਾ ਹੈ। ਹੁਣ ਤੱਕ ਦਾਊਂ ੩੬ ਬਾਲ ਪੁਸਤਕਾਂ ਦੀ ਸਿਰਜਨਾ ਕਰਕੇ ਪੰਜਾਬੀ ਸਾਹਿਤ ਵਿਚ ਇਕ ਵੱਡਾ ਯੋਗਦਾਨ ਪਾ ਚੁੱਕਾ ਹੈ।ਦਾਊਂ ਦੇ ਸਾਹਿਤਕ ਮਿਆਰ ਨੂੰ ਦੇਖਦੇ ਹੋਏ ਕਈ ਪੁਸਤਕਾਂ ਦੀ ਪ੍ਰਕਾਸ਼ਨਾ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸਟੇਟ ਯੂਨੀਵਰਸਟੀ ਟੈਕਸਟ ਬੋਰਡ ਵਲੋਂ ਕੀਤੀ ਗਈ। "ਮੇਰਾ ਦੀਵਾ" (ਬਾਲ ਗੀਤ) ਅਤੇ "ਸਭਿਆਚਾਰ ਮੁਹਾਂਦਰੇ" (ਲੇਖ ਸੰਗ੍ਰਹਿ) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਨਾਮ ਜੇਤੂ ਐਲਾਨਿਆ ਗਿਆ। ਇਸ ਤੋਂ ਇਲਾਵਾ "ਚਾਨਣ ਦੀ ਟਹਿਣੀ" (ਬਾਲ ਗੀਤ) ਤੇ "ਫੁੱਲਾਂ ਵਾਲਾ ਘਰ" (ਬਾਲ ਕਵਿਤਾਵਾਂ) ਨੂੰ ਭਾਸ਼ਾ ਵਿਭਾਗ ਵਲੋਂ ਇਨਾਮ ਜੇਤੂ ਕਰਾਰ ਕੀਤਾ ਗਿਆ।"ਕਿਰਲੀ ਅਤੇ ਤਿੱਤਲੀ" (ਬਾਲ ਕਹਾਣੀਆਂ) ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵਲੋਂ ਜਸਵੰਤ ਕੌਰ ਸਰਵੋਤਮ ਮੋਲਿਕ ਪੁਰਸਕਾਰ (੨੦੦੨) ਨਾਲ ਸਨਮਾਨਿਤ ਕਤਾ ਗਿਆ। ਦਾਊਂ ਆਪਣੇ ਕੰਮ ਨੂੰ ਬਹੁਤ ਮਿਹਨਤ ਅਤੇ ਲਗਨ ਨਾਲ ਕਰਦਾ ਹੈ। "ਫਲਾਂ ਦੀ ਟੋਕਰੀ" (ਨਰਸਰੀ ਗੀਤ) ਨੁੰ ਇਕ ਵਾਰੀ ਲਿਖ ਕੇ ਪੰਜ ਵਾਰੀ ਸੋਧਿਆ ਗਿਆ। ਇਸ ਪੁਸਤਕ ਵਿਚ ੨੫ ਅਲੱਗ ਅਲੱਗ ਫਲਾਂ ਦੇ ਛੋਟੇ ਛੋਟੇ ਸ਼ਬਦਾਂ ਵਿਚ ਇਕੋ ਜਿੰਨੀਆਂ ਛੋਟੀਆਂ ਛੋਟੀਆਂ ਤੁਕਾਂ ਵਿਚ, ਗੁਣ ਦੱਸੇ ਗਏ ਹਨ ਜੋ ਬਾਲ ਮਨਾ ਤੇ ਇਕ ਅਨੁੱਠਾ ਪ੍ਰਭਾਵ ਛੱਡਦੇ ਹਨ। ਇਸ ਪੁਸਤਕ ਨੂੰ ਨੈਸ਼ਨਲ ਬੁਕ ਟਰਸਟ ਦਿੱਲੀ ਵਲੋਂ ੧੯੮੯ ਦੀ ਦੁਨੀਆਂ ਦੀ ਸਭ ਤੋਂ ਉੱਤਮ ਬਾਲ ਪੁਸਤਕ ਐਲਾਨਿਆ ਗਿਆ।ਇਸ ਤੋਂ ਇਲਾਵਾ ਦਾਊਂ ਦੀ ਪੁਸਤਕ ਬਾਲ ਝਰੋਖਾ (ਬਚਪਨ ਯਾਦਾਂ) ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਗੁਰੂ ਹਰਿ ਕ੍ਰਿਸ਼ਨ ਬਾਲ ਸਾਹਿਤ ਪੁਰਸਕਾਰ ਦਿੱਤਾ ਗਿਆ।
ਮਨਮੋਹਨ ਸਿੰਘ ਦਾਊਂ ਨੂੰ ਕੇਵਲ ਬਾਲ ਸਾਹਿਤਕਾਰ ਕਹਿਣਾ ਉਸ ਨਾਲ ਬਹੁਤ ਵੱਡੀ ਬੇਇਨਸਾਫੀ ਹੋਵੇਗੀ। ਇਹ ਉਸ ਦੀ ਸਾਹਿਤਕ ਦੇਣ ਕੇਵਲ ਇਕ ਪੱਖੀ ਹੀ ਹੈ। ਬਾਲ ਸਾਹਿਤ ਤੋਂ ਇਲਾਵਾ ਉਸ ਨੇ ੯ ਕਾਵਿ ਸੰਗ੍ਰਹਿ ਅਤੇ ਕੁਝ ਵਾਰਤਕ ਦੀਆਂ ਪੁਸਤਕਾਂ ਜਿਵੇ—"ਜ਼ਿੰਦਗੀ ਦਾ ਸੱਚ"--ਅਤੇ—"ਪੰਜਾਬ ਦਾ ਸੁਪਨਸਾਜ ਡਾ. ਐਮ. ਐਸ. ਰੰਧਾਵਾ"-- ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ। ਇਹ ਸਾਰੀਆਂ ਪੁਸਤਕਾਂ ਬਹੁਤ ਮਿਆਰੀ ਪੁਸਤਕਾਂ ਹਨ। ਉਸਦੀ ਪੁਸਤਕ ਸ਼ਾਇਰੀ ਸਾਗਰ (ਕਾਵਿ ਸੰਗ੍ਰਹਿ) ਨੂੰ ਭਾਸ਼ਾ ਵਿਭਾਗ ਵਲੋਂ ੨੦੧੨ ਦਾ ਗਿਆਨੀ ਗੁਰਮਖ ਸਿੰਘ ਮੁਸਾਫਿਰ ਯਾਦਗਾਰੀ ਪੁਰਸਕਾਰ ਮਿਲਣ ਦਾ ਵੀ ਮਾਣ ਪ੍ਰਾਪਤ ਹੋਇਆ।ਮੋਲਿਕ ਪੁਸਤਕਾਂ ਤੋਂ ਇਲਾਵਾ ਦਾਊਂ ਨੇ ਸੰਪਾਦਨਾ ਦਾ ਕੰਮ ਵੀ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ। ਹੁਣ ਤੱਕ ਉਹ ਵੱਖ ਵੱਖ ਲੇਖਕਾ ਦੀਆਂ ੨੧ ਪੁਸਤਕਾਂ ਦੀ ਸੰਪਾਦਨਾ ਕਰ ਚੁੱਕਾ ਹੈ ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਦਾ ਕੰਮ ਕਰਦੀਆਂ ਹਨ।
ਦਾਊਂ ਦੇ ਹੋਰ ਸਾਹਿਤਕ ਕਾਰਜਾਂ ਦੀ ਸੂਚੀ ਬੜੀ ਲੰਬੀ ਹੈ। ਉਹ ਲਗਪਗ ੧੦੦੦ ਤੋਂ ਵੀ ਵੱਧ ਪੁਸਤਕਾਂ ਦੇ ਰਿਵਿਊ ਲਿਖ ਚੁੱਕਾ ਹੈ। ੨੦ ਦੇ ਕਰੀਬ ਪੁਸਤਕਾਂ ਦੇ ਮੁੱਖ-ਬੰਧ ਲਿਖ ਕੇ ਅਲੱਗ ਅਲੱਗ ਲੇਖਕਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਲਿਆਉਂਦਾ ਹੈ।ਹੁਣ ਤੱਕ ਤਿੰਨ ਵਿਦਿਆਰਥੀ ਦਾਊਂ ਦੀਆਂ ਪੁਸਤਕਾਂ ਤੇ ਖੋਜ ਪੱਤਰ ਲਿਖ ਕੇ ਐਮ. ਫਿਲ. ਦੀ ਡਿਗਰੀ ਹਾਸਲ ਕਰ ਚੁੱਕੇ ਹਨ।ਦਾਊਂ ਹੁਣ ਤੱਕ ਕਈ ਵੱਖ ਵੱਖ ਯੂਨੀਵਰਸਟੀਆਂ ਅਤੇ ਸਾਹਿਤ ਕਾਨਫਰੰਸਾਂ ਵਿਚ ਪੰਜਾਬੀ ਸਾਹਿਤਕਾਰ ਅਤੇ ਕਵੀ ਦੇ ਤੋਰ ਤੇ ਪੰਜਾਬ ਦੀ ਰਹਿਨੁਮਾਈ ਕਰ ਚੁੱਕਾ ਹੈ। ਪੰਜਾਬੀ ਰਸਾਲੇ "ਕਲਾਕਾਰ" ਨੇ ਜਨਵਰੀ-ਮਾਰਚ ੨੦੧੨ ਅੰਕ ਨੂੰ ਮਨਮੋਹਨ ਸਿੰਘ ਦਾਊਂ ਵਿਸ਼ੇਸ਼ ਅੰਕ ਦੇ ਤੋਰ ਤੇ ਰੀਲੀਜ ਕੀਤਾ ਜਿਸ ਵਿਚ ਅਲੱਗ ਅਲੱਗ ਵਿਦਵਾਨਾ ਨੇ ਦਾਊਂ ਦੀ ਸ਼ਖਸੀਅਤ ਅਤੇ ਰਚਨਾ ਤੇ ਚਾਨਣਾ ਪਾਇਆ। ਡਾ. ਭੀਮਇੰਦਰ ਸਿੰਘ ਨੇ "ਸ਼ਾਇਰੀ ਸਾਗਰ–ਕਾਵਿ ਵਿਵੇਚਨ" ਆਲੋਚਾਤਮਕ ਲੇਖਾਂ ਦੀ ਸੰਪਾਦਨਾ ਕਰ ਕੇ ਦਾਊਂ ਦੀ ਕਵਿਤਾ ਦਾ ਸਹੀ ਮੁੱਲ ਪਾਇਆ ਹੈ।
ਦਾਊਂ ਕਦੀ ਕਿਸੇ ਮਾਨ ਸਨਮਾਨ ਦੇ ਪਿਛੇ ਨਹੀਂ ਭੱਜਿਆ ਪਰ ਜਿਵੇਂ ਕੋਈ ਜੋਹਰੀ ਹੀਰੇ ਦੀ ਪਹਿਚਾਨ ਕਰ ਹੀ ਲੈਂਦਾ ਹੈ ਉਵੇਂ ਹੀ ਵੱਖ ਵੱਖ ਸਾਹਿਤਕ ਅਦਾਰਿਆਂ ਵਲੋਂ ਸਮੇਂ ਸਮੇਂ ਦਾਊਂ ਨੂੰ ਸਨਮਾਨਿਆਂ ਗਿਆ। ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ-੧੯੯੮ ਨਾਲ ਮਨਮੋਹਨ ਸਿੰਘ ਦਾਊਂ ਨੂੰ ਸਨਮਾਨਤ ਕੀਤਾ ਗਿਆ ਜਿਸ ਵਿਚ ਇਕ ਲੱਖ ਰੁਪਇਆ, ਇਕ ਦੁਸ਼ਾਲਾ, ਸੁਨਹਿਰੀ ਫਰੇਮ ਵਿਚ ਜੜਿਆ ਸਰਟੀਫੀਕੇਟ ਅਤੇ ਮੋਮੈਂਟੋ ਭੇਟ ਕੀਤਾ ਗਿਆ। ਸਾਹਿਤ ਅਕੈਡਮੀ ਦਿੱਲੀ ਵਲੋਂ ਵੀ ਦਾਊਂ ਨੂੰ ਬਾਲ ਸਾਹਿਤ ਲੇਖਕ ਪੁਰਸਕਾਰ-੨੦੧੨ (ਨੈਸ਼ਨਲ ਅਵਾਰਡ) ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ੨੦ ਦੇ ਕਰੀਬ ਅਲੱਗ ਅਲੱਗ ਸਾਹਿਤਕ ਮੰਚਾਂ ਵਲੋਂ ਸਮੇਂ ਸਮੇਂ ਦਾਊਂ ਨੂੰ ਸਨਮਾਨਿਤ ਕੀਤਾ ਗਿਆ। ਦਾਊਂ ਨੂੰ ਸਨਮਾਨਿਤ ਕਰਨਾ ਪੰਜਾਬੀ ਮਾਂ ਬੋਲੀ ਨੂੰ ਸਨਮਾਨਿਤ ਕਰਨਾ ਹੈ ਅਤੇ ਇਹ ਸਮੂਹ ਪੰਜਾਬੀ ਪਿਆਰਿਆਂ ਲਈ ਇਕ ਬੜੇ ਫਖਰ ਦੀ ਗਲ ਹੈ।ਪੰਜਾਬੀ ਯੂਨੀਵਰਸਟੀ, ਪਟਿਆਲਾ ਵਲੋਂ ਪ੍ਰਕਾਸ਼ਿਤ "ਬਾਲ ਵਿਸ਼ਵ-ਕੋਸ਼" ਲਈ ੨੦ ਐਂਟਰੀਆਂ ਦਾਊਂ ਵਲੋਂ ਲਿਖਵਾਈਆਂ ਗਈਆਂ ਜੋ ਉਸ ਦੀ ਵਿਦਵਤਾ ਨੂੰ ਪ੍ਰਗਟਾਉਂਦੀਆਂ ਹਨ।
ਦਾਊਂ ਨੇ ਆਪਣੇ ੫੦ ਸਾਲ ਦੇ ਸਾਹਿਤਕ ਸਫ਼ਰ ਵਿਚ ਪੰਜਾਬੀ ਸਾਹਿਤ ਸਭਾ ਖਰੜ, ਪੰਜਾਬੀ ਸਾਹਿਤ ਸਭਾ ਮੁਹਾਲੀ ਅਤੇ ਪੁਅਧੀ ਪੰਜਾਬੀ ਸੱਥ ਦੀ ਪ੍ਰਧਾਨਗੀ ਦਾ ਅੋਹੁਦਾ ਸੰਭਾਲਿਆ ਅਤੇ ਲੋਕਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਿਆ। ਦਾਊਂ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਹੋਰ ਕਈ ਨਾਮਵਰ ਸਾਹਿਤਕ ਅਦਾਰਿਆਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।ਕਿਤਨੇ ਹੀ ਪੰਜਾਬੀ ਸਾਹਿਤ ਦੇ ਨਵੇਂ ਲੇਖਕ ਦਾਊਂ ਦੀ ਸੁਚੱਜੀ ਅਗੁਆਈ ਹੇਠ ਪਰਵਾਨ ਚੜ੍ਹੇ ਹਨ ਇਸਦਾ ਕੋਈ ਹਿਸਾਬ ਨਹੀਂ।
ਮਨਮੋਹਨ ਸਿੰਘ ਦਾਊਂ ਪ੍ਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ। ਉਸ ਦਾ ਕਹਿਣਾ ਹੈ –" ਮੇਰੇ ਕੁਝ ਮੰਗਣ ਤੋਂ ਪਹਿਲਾਂ ਹੀ ਪ੍ਰਮਾਤਮਾ ਮੇਰੀ ਝੋਲੀ ਭਰ ਦਿੰਦਾ ਹੈ। ਉਸਨੇ ਸਭ ਦੌਲਤਾਂ ਅਤੇ ਸੁੱਖ ਸਹੂਲਤਾਂ ਦਿੱਤੀਆਂ ਹਨ। ਇਕ ਪਿਆਰਾ ਪਰਿਵਾਰ ਦਿੱਤਾ ਹੈ। ਇਕ ਲੜਕਾ ਇਕ ਲੜਕੀ ਦੋ ਬੱਚੇ ਹਨ। ਦੋਵੇਂ ਵਿਆਹੇ ਹੋਏ ਹਨ ਅਤੇ ਸੁਖੀ ਹਨ। ਉਨ੍ਹਾਂ ਦੇ ਅੱਗੋਂ ਬੱਚੇ ਵੀ ਬੜਾ ਪਿਆਰ ਤੇ ਇੱਜ਼ਤ ਕਰਦੇ ਹਨ। ਇਹ ਹੀ ਮੇਰੀ ਫੁਲਵਾੜੀ ਹੈ।" ਦਾਊਂ ਦੀ ਧਰਮ ਪਤਨੀ—ਦਲਜੀਤ ਕੌਰ ਵੀ ਬੜੇ ਮਿਲਾਪੜੇ ਸੁਭਾ ਦੀ ਹੈ। ਆਏ ਗਏ ਨੂੰ ਪੂਰਾ ਮਾਣ ਸਨਮਾਨ ਦਿੰਦੀ ਹੈ ਅਤੇ ਸਮੇਂ ਸਿਰ ਚਾਹ ਪਾਣੀ ਅਤੇ ਖਾਣੇ ਨਾਲ ਸੇਵਾ ਕਰਦੀ ਹੈ।ਦੋਵਾਂ ਜੀਆਂ ਦੀਆਂ ਸਾਹਿਤਕ ਰੁੱਚੀਆਂ ਹੋਣ ਕਰਕੇ ਘਰ ਵਿਚ ਬਹੁਤ ਪਿਆਰ ਭਰਿਆ ਅਤੇ ਸਹਿਯੋਗ ਵਾਲਾ ਵਾਤਾਵਰਨ ਹੈ।ਦਾਊਂ ਆਪਣੇ ਆਪ ਨੂੰ ਆਪਣੀ ਪਤਨੀ ਦਲਜੀਤ ਕੌਰ ਦਾਊਂ ਦਾ ਬਹੁਤ ਸ਼ੁਕਰ-ਗੁਜ਼ਾਰ ਮਹਿਸੂਸ ਕਰਦਾ ਹੈ ਕਿਉਂਕਿ ਉਹ ਉਸਦੇ ਮੌਢੇ ਨਾਲ ਮੋਢਾ ਜੋੜ ਕੇ ਚਲ ਰਹੀ ਹੈ ਅਤੇ ਉਸ ਨਾਲ ਹਰ ਤਰ੍ਹਾਂ ਦਾ ਸਾਹਿਤਕ ਅਤੇ ਘਰੇਲੂ ਸਹਿਯੋਗ ਕਰਦੀ ਹੈ।ਉਸ ਦੀ ਹਰ ਜਰੂਰਤ ਦਾ ਖਿਆਲ ਰੱਖਦੀ ਹੈ। ਪਰਿਵਾਰਕ ਨਿੱਘ ਕਰਕੇ ਹੀ ਦਾਊਂ ਨੇ ਆਪਣੀਆਂ ਕੁਝ ਪੁਸਤਕਾਂ ਦਲਜੀਤ ਕੌਰ ਦਾਊਂ ਨੂੰ, ਆਪਣੇ ਮਾਤਾ ਪਿਤਾ ਨੂੰ ਅਤੇ ਬੱਚਿਆਂ ਨੂੰ ਸਮਰਪਿਤ ਕੀਤੀਆਂ ਹਨ।
ਦਾਊਂ ਨੇ ਮੁਹਾਲੀ ਦੇ ੬ ਫੇਸ ਵਿਚ ਆਪਣੀ ਕੋਠੀ ਬਣਾਈ ਹੈ ਜਿਸ ਦੀ ਪਹਿਲੀ ਮੰਜ਼ਿਲ ਦੇ ਇਕ ਕਮਰੇ ਵਿਚ ਨਿੱਜੀ ਲਾਇਬਰੇਰੀ ਸਥਾਪਤ ਕੀਤੀ ਹੋਈ ਹੈ। ਇਸ ਵਿਚ ਆਪਣੀਆ ਤੇ ਵੱਖ ਵੱਖ ਲੇਖਕਾਂ ਦੀਆਂ ਕਿਤਾਬਾਂ ਬੜੇ ਕਰੀਨੇ ਨਾਲ ਬੀੜੀਆਂ ਹੋਈਆਂ ਹਨ। ਦੀਵਾਰਾਂ ਤੇ ਕਈ ਨਾਮੀ ਸ਼ਖਸੀਅਤਾਂ ਤੋਂ ਦਾਊਂ ਨੂੰ ਇਨਾਮ ਸਨਮਾਨ ਮਿਲਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸਾਰੇ ਇਨਾਮ ਸਨਮਾਨ ਬੜੇ ਸਲੀਕੇ ਨਾਲ ਸ਼ੈਲਫਾਂ ਤੇ ਸਜਾਏ ਗਏ ਹਨ। ਉਸ ਦੀ ਲਾਇਬ੍ਰੇਰੀ ਵਿਚ ਕਿਸੇ ਧਾਰਮਿਕ ਸਥਾਨ ਦਾ ਪ੍ਰਭਾਵ ਪੈਂਦਾ ਹੈ। ਇਥੇ ਮਨ ਬਹੁਤ ਇਕਾਗਰ ਹੁੰਦਾ ਹੈ। ਇਸੇ ਕਮਰੇ ਨੂੰ ਦਾਊਂ ਸਾਹਿਤ ਸਿਰਜਨਾ ਦੇ ਲਈ ਇਸਤੇਮਾਲ ਕਰਦਾ ਹੈ।
ਮਨਮੋਹਨ ਸਿੰਘ ਦਾ ਜਨਮ ੨੨ ਸਤੰਬਰ ੧੯੪੧ ਨੂੰ ਹੋਇਆ। ਐਮ. ਓੇ. ਪੰਜਾਬੀ, ਬੀ.ਐਡ. ਦੀ ਪੜ੍ਹਾਈ ਕਰਨ ਉਪਰੰਤ ਪੰਜਾਬ ਸਰਕਾਰ ਪਾਸ ਅਧਿਆਪਕ ਦੀ ਨੌਕਰੀ ਜੋਇਨ ਕੀਤੀ ਅਤੇ ੩੭ ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ੨੦੦੦ ਸੰਨ ਵਿਚ ਲੈਕਚਰਾਰ ਦੀ ਪੋਸਟ ਤੋਂ ਗੋਰਮਿੰਟ ਸੀ. ਸੈ. ਸਕੂਲ ਫੇਸ ੩ ਮੁਹਾਲੀ ਤੋਂ ਰਿਟਾਇਰ ਹੋਇਆ। ਉਸਨੇ ਆਪਣੇ ਸਾਹਿਤਕ ਸਫ਼ਰ ਦੋਰਾਨ ਸਮਾਜਿਕ ਕਾਰਜ਼ਾ ਵਿਚ ਵੀ ਢਿੱਲ ਨਹੀਂ ਆਉਣ ਦਿੱਤੀ। ਉਹ ਹਾਲੀ ਤੱਕ ਪੂਰੇ ਜੋਸ਼ ਨਾਲ ਸਾਹਿਤ ਅਤੇ ਸਮਾਜ ਦੀ ਸੇਵਾ ਵਿਚ ਜੁੜਿਆ ਹੋਇਆ ਹੈ। ਪੰਜਾਬੀ ਸਾਹਿਤ ਅਤੇ ਪੰਜਾਬੀ ਜੁਬਾਨ ਦਾ ਭਵਿਖ ਬਾਰੇ ਦਾਊਂ ਆਸ਼ਾਵਾਦੀ ਹੈ। ਉੇਸ ਅਨੁਸਾਰ ਪੰਜਾਬੀ ਬੋਲੀ ਦਾ ਭੱਵਿਖ ਉਜੱਲ ਹੈ। ਪਂਜਾਬੀ ਭਾਸ਼ਾ ਦਾ ਹਿੰਦੀ, ਅੰਗ੍ਰੇਜ਼ੀ ਜਾਂ ਕਿਸੇ ਹੋਰ ਭਾਸ਼ਾ ਨਾਲ ਵਿਰੋਧ ਜਾਂ ਟਕਰਾ ਨਹੀਂ। ਇਨਸਾਨ ਨੂੰ ਜਿੰਨੀਆਂ ਜਿਆਦਾ ਤੋਂ ਜਿਆਦਾ ਭਾਸ਼ਾਵਾਂ ਦਾ ਗਿਆਨ ਹੋਵੇ ਉਤਨਾ ਹੀ ਚੰਗਾ ਹੈ। ਇਕ ਭਾਸ਼ਾ ਨੂੰ ਦੂਸਰੀ ਭਾਸ਼ਾ ਤੋਂ ਸ਼ਬਦ ਲੈਣ ਵਿਚ ਕੋਈ ਹਰਜ਼ ਨਹੀਂ। ਇਸ ਨਾਲ ਭਾਸ਼ਾ ਦਾ ਵਿਕਾਸ ਹੁੰਦਾ ਹੈ। ਦਾਊਂ ਅਨੁਸਾਰ ਜਿਹੜੇ ਪੰਜਾਬੀ ਵਿਦੇਸ਼ਾਂ ਵਿਚ ਰੋਟੀ ਰੋਜ਼ੀ ਖਾਤਰ ਗਏ ਹਨ ਉਨ੍ਹਾਂ ਨੇ ਨਾ ਕੇਵਲ ਆਪਣੇ ਸਭਿਆਚਾਰ, ਬੋਲੀ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ ਸਗੋਂ ਵਿਦੇਸ਼ਆਂ ਨੂੰ ਵੀ ਪੰਜਾਬੀ ਬੋਲੀ ਦੀ ਚੇਟਕ ਲਾਈ ਹੈ। ਦਾਊਂ ਕਹਿੰਦਾ ਹੈ ਕਿ ਸਾਹਿਤ ਲਿਖਣਾ ਕੁਦਰਤ ਦੀ ਦਾਤ ਹੈ। ਇਕ ਤਪੱਸਿਆ ਅਤੇ ਇਕ ਇਸ਼ਟ ਹੈ। ਸਾਹਿਤਕਾਰ ਨੂੰ ਆਪਣੇ ਇਸ਼ਟ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ ਹੈ। ਸਾਹਿਤ ਦਾ ਮਨੋਰਥ ਲੋਕ ਮੁੱਖੀ ਅਤੇ ਲੋਕ ਪੱਖੀ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਹ ਸੁਚੇਤ ਹੋ ਕੇ ਲਿਖਣ ਲਈ ਕਹਿੰਦਾ ਹੈ। ਨਵੇਂ ਲੇਖਕਾ ਨੂੰ ਆਪਣੀ ਰਚਨਾ ਛਪਵਾਉਣ ਦੀ ਕਾਹਲ ਨਹੀਂ ਕਰਨੀ ਚਾਹੀਦੀ ਸਗੋਂ ਉਸ ਉੱਤੇ ਚੰਗੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਰਚਨਾ ਮਿਆਰੀ ਬਣ ਸਕੇ। ਅਸ਼ਲੀਲ ਅਤੇ ਲਚਰ ਸਾਹਿਤ ਤੋਂ ਦਾਊਂ ਨੂੰ ਸਖਤ ਨਫ਼ਰਤ ਹੈ। ਸਾਹਿਤਕਾਰ ਨੂੰ ਆਪਣੇ ਮਨੋਰਥ ਤੋਂ ਥਿੜਕਣਾ ਨਹੀਂ ਚਾਹੀਦਾ। ਸਾਹਿਤ ਉਹ ਹੀ ਚੰਗਾ ਹੈ ਜੋ ਸਾਮਜ ਨੂੰ ਨਰੋਈ ਤੇ ਉਸਾਰੂ ਸੇਧ ਦੇ ਸੱਕੇ। ਜਿਸ ਸਾਹਿਤ ਨੂੰ ਆਪਣੇ ਭੈਣ ਭਰਾਵਾਂ, ਮਾਂ ਬੇਟੀ ਨਾਲ ਰਲ ਕੇ ਪੜ੍ਹਣ ਵਿਚ ਕੋਈ ਓਹਲਾ ਨਾ ਰੱਖਣਾ ਪਵੇ, ਕੋਈ ਸ਼ਰਮ ਜਾਂ ਅਪਰਾਧ-ਬੋਧ ਨਾ ਹੋਵੇ ਉਹ ਹੀ ਸਾਹਿਤ ਸਾਰਥਕ ਹੈ। ਐਵੇਂ ਸਾਹਿਤਕ ਪ੍ਰਦੂਸ਼ਨ ਫੈਲ੍ਹਾਉਣ ਦਾ ਕੋਈ ਫਾਇਦਾ ਨਹੀਂ। ਦਾਊਂ ਪੰਜਾਬੀ ਲੇਖਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੈ।ਉਸ ਅਨੁਸਾਰ ਅੱਜ ਕੱਲ ਅਖਬਾਰਾਂ ਅਤੇ ਸਾਹਿਤਕ ਰਸਾਲਿਆਂ ਵਿਚ ਵੀ ਮਿਅਰੀ ਰਚਨਾਵਾਂ ਨੂੰ ਸਥਾਨ ਨਹੀਂ ਮਿਲਦਾ। ਉੱਥੇ ਵੀ ਭਾਈ ਭਤੀਜਾ-ਵਾਦ ਤੇ ਅੋਹੁਦੇ ਨੂੰ ਦੇਖਿਆ ਜਾਂਦਾ ਹੈ। ਇਸ ਨਾਲ ਸਾਹਿਤਕ ਪ੍ਰਦੂਸ਼ਨ ਪੈਦਾ ਹੁੰਦਾ ਹੈ। ਇਸ ਨਾਲ ਅਨ-ਐਡੀਟਿਡ ਕੱਚ ਘਰੜ ਸਾਹਿਤ ਪਾਠਕਾਂ ਨੂੰ ਪਰੋਸਿਆ ਜਾਂਦਾ ਹੈ।ਚੰਗੇ ਲੇਖਕਾਂ ਵਿਚ ਮਿਆਰੀ ਰਚਨਾਵਾਂ ਨਾ ਛਪਣ ਕਰਕੇ ਨਿਰਾਸ਼ਾ ਪੈਦਾ ਹੂੰਦੀ ਹੈ।
ਦਾਊਂ ਅਨੁਸਾਰ ਪੰਜਾਬੀ ਲੇਖਕਾਂ ਨੂੰ ਪੁਸਤਕ ਛਪਵਾਉਣ ਲਈ ਕਠਿਨ ਪਰੀਖਿਆ ਵਿਚੋਂ ਗੁਜ਼ਰਨਾ ਪੈਦਾ ਹੈ। ਪ੍ਰਕਾਸ਼ਕ ਲੇਖਕ ਤੋਂ ਪੈਸੇ ਲੈ ਕੇ ਪੁਸਤਕ ਛਾਪਦੇ ਹਨ। ਫਿਰ ਲੇਖਕ ਦੇ ਕਾਪੀ ਰਾਈਟ ਤੇ ਵੀ ਛਾਪਾ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਲੇਖਕ ਦੀ ਪੁਸਤਕ ਨੂੰ ਬਿਨਾਂ ਪੈਸੇ ਲੈਣ ਤੋਂ ਛਾਪਿਆ ਜਾਣਾ ਚਾਹੀਦਾ ਹੈ ਅਤੇ ਲੇਖਕ ਨੂੰ ਯੋਗ ਇਵਜਾਨਾ ਤੇ ਕੁਝ ਪੁਸਤਕਾਂ ਵੀ ਮੁਫ਼ਤ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕੇ ਪੰਜਾਬੀ ਲੇਖਕਾਂ ਵਿਚ ਉਸਾਰੂ ਸਾਹਿਤ ਲਿਖਣ ਦਾ ਉਤਸ਼ਾਹ ਪੈਦਾ ਹੋ ਸਕੇ। ਇਸ ਲਈ ਸਾਨੂੰ ਸਮਾਜ ਵਿਚ ਪੁਸਤਕ ਸਭਿਆਚਾਰ ਪੈਦਾ ਕਰਨ ਦੀ ਲੋੜ ਹੈ। ਕਿਸੇ ਬੰਦੇ ਨੂੰ ਜੇ ਕੋਈ ਤੋਹਫਾ ਦੇਣਾ ਹੋਵੇ ਤਾਂ ਕਿਸੇ ਮਿਆਰੀ ਪੁਸਤਕ ਦਾ ਦੇਣਾ ਚਾਹੀਦਾ ਹੈ ਤਾਂ ਕਿ ਪੜ੍ਹਣ ਵਾਲੇ ਦੇ ਜੀਵਨ ਵਿਚ ਕੁਝ ਉਸਾਰੂ ਤਬਦੀਲੀ ਆ ਸਕੇ।
ਸਰਕਾਰ ਨੂੰ ਵੀ ਪੰਜਾਬੀ ਜੁਬਾਨ ਅਤੇ ਪੰਜਾਬੀ ਸਾਹਿਤ ਦੀ ਉਨਤੀ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਬੇਸ਼ੱਕ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਦੀਆਂ ਕੁਝ ਯੂਨੀਵਰਸਟੀਆਂ ਵਿਚ ਕੁਝ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਆਟੇ ਵਿਚ ਲੂਣ ਦੇ ਬਰਾਬਰ ਹੈ। ਇਹ ਅਦਾਰੇ ਵੀ ਰਾਜਨੀਤੀ ਵਿਚ ਉਲਝ ਕੇ ਰਹਿ ਗਏ ਹਨ। ਇਨ੍ਹਾਂ ਨੂੰ ਗਰਾਂਟਾਂ ਘੱਟ ਮਿਲਦੀਆਂ ਹਨ, ਜੋ ਮਿਲਦੀਆਂ ਹਨ ਉਹ ਸਟਫ ਦੀਆਂ ਤਨਖਾਹਾਂ ਅਤੇ ਬਾਕੀ ਖਰਚਿਆਂ ਤਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ। । ਲੇਖਕ ਵਿਚਾਰੇ ਦੇਖਦੇ ਰਹਿੰਦੇ ਹਨ। ਜਿਹੜੇ ਇਨਾਮ ਵੰਡੇ ਵੀ ਜਾਂਦੇ ਹਨ aੁਹ ਵੀ ਲਿਹਾਜੀ ਬੰਦੇ ਲੈ ਜਾਂਦੇ ਹਨ। ਕਈ ਇਨਾਮਾ ਦੀਆਂ ਐਂਟਰੀਆਂ ਲੈਣ ਤੋਂ ਕਈ ਕਈ ਸਾਲ ਤਕ ਫੈਸਲਾ ਹੀ ਨਹੀਂ ਐਲਾਨਿਆ ਜਾਂਦਾ। ਕੀ ਬਣੇਗਾ ਪੰਜਾਬੀ ਭਾਸ਼ਾ ਦੀ ਉਨਤੀ ਦਾ? ਦਾਊਂ ਅਨੁਸਾਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਤ ਕਰਨ ਦੀ ਪੰਜਾਬ ਸਰਕਾਰ ਦੀ ਪਹਿਲੀ ਜ਼ਿਮੇਵਾਰੀ ਹੈ ਕਿਉਂਕਿ ਅਜੋਕਾ ਪੰਜਾਬ ਪੰਜਾਬੀ ਭਾਸ਼ਾ ਦੇ ਅਧਾਰ ਤੇ ਹੀ ੧-੧੧-੧੯੬੬ ਨੂੰ ਹੋਂਦ ਵਿਚ ਆਇਆ ਸੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬੀ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਨੂੰ ਟੈਲੀਵਿਜ਼ਨ ਅਤੇ ਰੇਡੀਓ ਸਟੇਸ਼ਨਾਂ ਤੇ ਬੁਲਾ ਕੇ ਉਨ੍ਹਾਂ ਦੇ ਪ੍ਰੋਗਰਾਮ ਰੱਖੇ ਜਾਣ। ਹਰ ਪਿੰਡ ਵਿਚ ਲਾਇਬ੍ਰੇਰੀ ਖੋਲ੍ਹੀ ਜਾਵੇ ਜਿਸ ਵਿਚ ਪੰਜਾਬੀ ਅਖਬਾਰ ਅਤੇ ਮਿਆਰੀ ਪੰਜਾਬੀ ਕਿਤਬਾਂ ਬਿਨ੍ਹਾਂ ਕਿਸੇ ਭਿੰਨ ਭਾਵ ਤੋਂ ਰੱਖੀਆਂ ਜਾਣ। ਬੱਚਿਆਂ ਲਈ ਰੰਗਦਾਰ ਚਿੱਤਰਾਂ ਵਾਲੇ ਰਸਾਲੇ ਜਾਰੀ ਕਰਨੇ ਚਾਹੀਦੇ ਹਨ। ਪੰਜਾਬੀ ਦੀਆਂ ਸਾਰੀਆਂ ਵਿਦਾਵਾਂ ਲਈ ਸਮੇਂ ਸਮੇਂ ਇਨਾਮ ਰੱਖੇ ਜਾਣ ਅਤੇ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇ।ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਸਾਰਾ ਕੰਮ ਪੰਜਾਬੀ ਵਿਚ ਹੋਵੇ। ਪ੍ਰਾਈਵੇਟ ਸਕੂਲਾਂ ਵਿਚ ਵੀ ਪੰਜਾਬੀ ਦੀ ਪੜ੍ਹਾਈ ਲਾਜਮੀ ਕੀਤੀ ਜਾਵੇ।ਜਿਹੜੇ ਜੱਜ, ਡਾਕਟਰ, ਇੰਜੀਨੀਅਰ ਅਤੇ ਵੱਡੇ ਅਫ਼ਸਰ ਕੇਂਦਰ ਵਲੋਂ ਪੰਜਾਬ ਵਿਚ ਲਾਏ ਜਾਣ ਉਨ੍ਹਾਂ ਲਈ ਪੰਜਾਬੀ ਭਾਸ਼ਾ ਦਾ ਗਿਆਨ ਜਰੂਰੀ ਕੀਤਾ ਜਾਵੇ ਤਾਂ ਜੋ ਉਹ ਇਥੋਂ ਦੇ ਅਨਪੜ੍ਹ ਪੇਂਡੂ ਲੋਕਾਂ ਦੀ ਜੁਬਾਨ ਸਮਝ ਸੱਕਣ ਅਤੇ ਉਨ੍ਹਾਂ ਦੇ ਦਿਲ ਤਕ ਪਹੁੰਚ ਕੇ ਉਨ੍ਹਾਂ ਦੀਆਂ ਮੁਢਲੀਆਂ ਸਮੱਸਿਆਵਾਂ ਨੁੰ ਸਮਝ ਕੇ ਸੁਲਝਾ ਸਕੱਣ।ਇਸ ਤੋਂ ਇਲਾਵਾ ਸਰਕਾਰ ਨੂੰ ਕੋਪਰੇਟਿਵ ਸੁਸਾਇਟੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਪੰਜਾਬੀ ਦੀਆਂ ਸਾਰੀਆਂ ਵਿਦਾਵਾਂ ਦੀਆਂ ਮਿਆਰੀ ਪੁਸਤਕਾਂ ਮੁਫਤ ਛਾਪਣ ਅਤੇ ਲੇਖਕਾਂ ਨੂੰ ਉਨ੍ਹਾਂ ਦਾ ਇਵਜਾਨਾ ਤੇ ਕੁਝ ਪੁਸਤਕਾਂ ਮੁਫਤ ਦੇਣ ਤਾਂ ਕਿ ਲੇਖਕ ਪ੍ਰਕਸ਼ਕਾਂ ਦੀ ਅੰਨ੍ਹੀ ਲੁੱਟ ਖਸੁੱਟ ਤੋਂ ਬਚ ਸੱਕਣ। ਉਨ੍ਹਾਂ ਦੀਆਂ ਪੁਸਤਕਾਂ ਦਾ ਅਗ੍ਰੇਜ਼ੀ ਅਤੇ ਹਿੰਦੀ ਦੀਆਂ ਪੁਸਤਕਾਂ ਜਿੰਨਾ ਮੁੱਲ ਪਵੇ।ਪੰਜਾਬੀ ਦੀਆਂ ਮਿਆਰੀ ਪੁਸਤਕਾਂ ਦਾ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਣਾ ਚਹੀਦਾ ਹੈ। ਭਾਸ਼ਾ ਵਿਭਾਗ ਦਾ ਆਪਣਾ ਪਰਿੰਟਿੰਗ ਪ੍ਰੈਸ ਹੋਣਾ ਚਾਹੀਦਾ ਹੈ। ਉਸ ਦੇ ਇਨਾਮ ਬਿਨਾ ਭੇਦ ਭਾਵ ਅਤੇ ਬਿਨਾ ਸਮਾਂ ਗੁਆਉਣ ਤੋਂ ਹੋਣੇ ਚਾਹੀਦੇ ਹਨ।ਇੱਥੇ ਤਾਂ ਵਿਭਾਗ ਦੇ ਆਪਣੇ ਰਸਾਲੇ-–ਜਨ ਸਾਹਿਤ ਅਤੇ ਪੰਜਾਬੀ ਦੁਨੀਆਂ--ਹੀ ਕਈ ਕਈ ਮਹੀਨਿਆਂ ਦੇ ਬਾਅਦ ਹੀ ਪੰਜਾਬੀ ਪਾਠਕਾਂ ਦੇ ਹੱਥ ਵਿਚ ਪਹੁੰਚਦੇ ਹਨ।ਇਹ ਹੀ ਹਾਲ ਲੋਕ ਸੰਪਰਕ ਵਿਭਾਗ ਦਵਾਰਾ ਛਾਪੇ ਗਏ ਰਸਾਲੇ ਜਾਗ੍ਰਤੀ ਦਾ ਹੈ। ਇਸ ਵਿਚ ਵੀ ਸਾਹਿਤਕ ਸਾਮਗਰੀ ਘੱਟ ਹੁੰਦੀ ਹੈ ਅਤੇ ਨੇਤਾਵਾਂ ਦੇ ਸੋਹਲੇ ਜਿਆਦਾ ਪੜ੍ਹੇ ਹੋਏ ਹੁੰਦੇ ਹਨ।ਇਸ ਹਾਲਤ ਵਿਚ ਪੰਜਾਬੀ ਬੋਲੀ ਘੱਟ ਪ੍ਰਫੁੱਲਤ ਹੰਦੀ ਹੈ ਪਰ ਨੇਤਾ ਜਿਆਦਾ ਪ੍ਰਫੁੱਲਤ ਹੁੰਦੇ ਹਨ।
ਰੋਪੜ,ਕੁਰਾਲੀ, ਖਰੜ, ਮੁਹਾਲੀ , ਸੁਹਾਣਾ, ਜੀਰਕਪੁਰ, ਬਨੂੜ ਅਤੇ ਡੇਹਰਾ ਬਸੀ ਤਕ ਦਾ ਇਲਾਕਾ ਹੁਣ ਤਕ ਪੱਛੜਿਆ ਅਤੇ ਅਣਗੋਲਿਆ ਰਿਹਾ ਹੈ। ਦਾਊਂ ਨੇ ਇਸ ਪੁਆਧ ਦੇ ਇਲਾਕੇ ਨੂੰ ਇਕ ਨਵੀਂ ਪਹਿਚਾਨ ਦਿੱਤੀ। ਇੱਥੇ ਪੰਜਾਬੀ ਪੁਆਧੀ ਪੰਜਾਬੀ ਸੱਥ ਮੁਹਾਲੀ ਕਾਇਮ ਕੀਤੀ। ਪਆਧ ਦੇ ਲੋਕਾਂ ਕੋਲੋਂ ਪੁਆਧ ਬਾਰੇ ਕਈ ਖੋਜ ਪੁਸਤਕਾਂ ਲਿਖਵਾਈਆਂ। ਇੱਥੇ ਹੀ ਬਸ ਨਹੀਂ ਪੁਆਧ ਖੇਤਰ ਦੇ ਅਲੱਗ ਅਲੱਗ ਕਲਾਵਾਂ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੂੰ ਲੱਭ ਕੇ ਪੁਆਧੀ ਪੰਜਾਬੀ ਸੱਥ ਮੁਹਾਲੀ ਵਲੋਂ ਸਨਮਾਨਿਤ ਵੀ ਕੀਤਾ।ਦਾਊਂ ਨੇ ਪੁਆਧੀ ਪੰਜਾਬੀ ਸੱਥ ਵਲੋਂ ਕਈਆਂ ਬਜੁਰਗਾਂ ਦੇ ਨਾਮ ਤੇ ਹਰ ਸਾਲ ਦਿੱਤੇ ਜਾਣ ਵਾਲੇ ਇਨਾਮਾ ਦੀ ਵੀ ਰੀਤ ਪਾਈ। ਇਸ ਤਰ੍ਹਾਂ ਦਾਊਂ ਨੇ ਪੁਆਧ ਦੇ ਖੇਤਰ ਨੂੰ ਨਾ ਕੇਵਲ ਪੰਜਾਬ ਦੇ ਨਕਸ਼ੇ ਤੇ ਲਿਆਉਂਦਾ ਸਗੋਂ ਪੂਰੀ ਦੁਨੀਆਂ ਵਿਚ ਇਸਦੀ ਇਕ ਵੱਖਰੀ ਪਹਿਚਾਨ ਬਣਾਈ।
ਮੁਸਕਰਾਉਂਦਾ ਹੋਇਆ ਦਾਊਂ ਦਾ ਚਿਹਰਾ ਹਰ ਕਿਸੇ ਨੂੰ ਖਿੱਚ ਪਾਉਂਦਾ ਹੈ। ਪੰਜ ਫੁੱਟ ਅੱਠ ਇੰਚ ਕਦ, ਸੋਹਣੇ ਪ੍ਰੈਸ ਕੀਤੇ ਹੇਏ ਕੱਪੜੇ ਅਤੇ ਨਾਲ ਮੈਚਿੰਗ ਪੱਗ ਦਾਊਂ ਤੇ ਬਹੁਤ ਫੱਬਦੀ ਹੈ ਅਤੇ ਉਸਦੀ ਸ਼ਖਸੀਅਤ ਨੂੰ ਉਭਾਰਦੀ ਹੈ। ਦਾਊਂ ਦਾ ਕਹਿਣਾ ਹੈ ਕਿ ਇਹ ਸਰੀਰ ਪ੍ਰਮਾਤਮਾ ਦਾ ਮੰਦਰ ਹੈ ਇਸਨੂੰ ਤੰਦਰੁਸਤ ਅਤੇ ਸੋਹਣਾ ਬਣਾ ਕੇ ਰੱਖਣਾ ਸਾਡਾ ਫਰਜ ਹੈ। ਉਹ ਹਰ ਕੰਮ ਸਲੀਕੇ ਨਾਲ ਕਰਦਾ ਹੈ ਜਿਸ ਵਿਚੋਂ ਉਸ ਦੀ ਛਵੀ ਨਜ਼ਰ ਆਉਂਦੀ ਹੈ। ਬੇਸ਼ੱਕ ਦਾਊਂ ਉਮਰ ਦੇ ੭੩ ਬਸੰਤ ਹੰਢਾ ਚੁੱਕਾ ਹੈ ਪਰ ਫਿਰ ਵੀ ਉਸਦੀ ਚੁਸਤੀ ਅਤੇ ਰਫਤਾਰ ਵਿਚ ਕੋਈ ਫਰਕ ਨਹੀਂ ਪਿਆ। ਉਹ ਵਿਹਲਾ ਰਹਿਣ ਦੇ ਖਿਲਾਫ ਹੈ। ਦਾਊਂ ਸਾਹਿਤਕ ਕਾਰਜਾਂ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿਚ ਵੀ ਅੱਗੇ ਰਹਿੰਦਾ ਹੈ ਇਸੇ ਲਈ ਉਸ ਨੂੰ ਮੁਹੱਲਾ ਕਮੇਟੀ ਫੇਸ ੬ ਮੁਹਾਲੀ ਵਲੋਂ ੨੦੧੨ ਵਿਚ ਸਨਮਾਨਿਤ ਕੀਤਾ ਗਿਆ। ਉਹ ਸਿਟੀਜਨ ਕੋਂਸਿਲ ਖਰੜ ਦਾ ਵੀ ਸਲਾਹਕਾਰ ਹੈ ਅਤੇ ਲੋਕ ਹਿੱਤ ਅਤੇ ਵਿਕਾਸ ਕਮੇਟੀ ਦਾਊਂ ਦਾ ਪ੍ਰਧਾਨ ਹੈ।
ਦਾਊਂ ਮਨ ਦਾ ਕੋਮਲ ਅਤੇ ਸੁਹਜਵਾਦੀ ਕਵੀ ਹੈ। ਉਹ ਕੁਦਰਤ, ਫੁੱਲਾਂ ਅਤੇ ਬੱਚਿਆਂ ਨੂੰੁ ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਕਰਦਾ ਹੈ। ਇਹ ਪਿਆਰ ਉਸ ਦੀਆਂ ਲਿਖਤਾਂ ਵਿਚੋਂ ਸਾਫ ਝਲਕਦਾ ਹੈ। ਸੁੰਦਰ ਲਿਖਤ ਦਾਊਂ ਨੂੰ ਬਹੁਤ ਪਸੰਦ ਹੈ। ਉਹ ਆਰਟਿਸਟਿਕ ਰੁੱਚੀਆਂ ਦਾ ਮਾਲਕ ਹੈ। ਉਸ ਨੂੰ ਭਾਵ ਪੂਰਕ ਪੇਂਟਿੰਗ ਅਤੇ ਫੋਟੋਗ੍ਰਾਫੀ ਬਹੁਤ ਪਸੰਦ ਹੈ। ਉਹ ਚਿਤਰਕਾਰ ਸੋਭਾ ਸਿੰਘ ਅਤੇ ਬੁੱਤ ਤਰਾਸ਼ਸ਼ਿਵ ਸਿੰਘ ਦਾ ਵੀ ਪ੍ਰਸੰਸਕ ਹੈ। ਜ਼ਿੰਦਗੀ ਦੇ ਸਫਰ ਵਿਚ ਉਸਨੇ ਜਿਤਨੇ ਸਾਹਿਤਕ ਅਤੇ ਸਮਾਜਕ ਕਾਰਜ਼ ਕੀਤੇ ਹਨ ਕਿ ਯਕੀਨ ਨਹੀਂ ਆਉਂਦਾ। ਉਹ ਚਲਦੀ ਫਿਰਦੀ ਯਨੀਵਰਸਟੀ ਹੈ। ਦਾਊਂ ਆਪਣੇ ਆਪ ਵਿਚ ਇਕ ਸੰਸਥਾ ਹੈ। ਉਹ ਪੰਜਬੀ ਸਾਹਿਤ ਦਾ ਯੁਗ ਪੁਰਸ਼ ਹੈ।ਦਾਊਂ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਦੇਣ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਸਾਨੂੰ ਦਾਊਂ ਤੇ ਮਾਣ ਹੈ। ਅਸੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਦਾਊਂ ਨੂੰ ਲੰਬੀ ਉਮਰ ਅਤੇ ਸਿਹਤ ਦੇਵੇ ਤਾਂ ਕੇ ਪੰਜਾਬ ਦਾ ਇਹ ਹੀਰਾ ਪੰਜਾਬੀ ਸਾਹਿਤ ਅਤੇ ਸਮਾਜ ਦੀ ਹੋਰ ਸੇਵਾ ਕਰ ਸਕੇ।ਭਵਿੱਖ ਦੀਆਂ ਯੋਜਨਾਵਾਂ ਬਾਰੇ ਦਾਊਂ ਦੱਸਦਾ ਹੈ ਕਿ ਉਹ ਬਾਲ ਕਹਾਣੀਆਂ ਦੀ ਇਕ ਪੁਸਤਕ ਅਤੇ ਇਕ ਪੁਸਤਕ ਪੁਆਧ ਖੇਤਰ ਦੀਆਂ ਪ੍ਰਾਪਤੀਆਂ ਬਾਰੇ ੨੦੧੫ ਵਿਚ ਪੰਜਾਬੀ ਪ੍ਰੇਮੀਆਂ ਨੂੰ ਭੇਂਟ ਕਰਨਾ ਚਾਹੁੰਦਾ ਹੈ।ਉਹ ਆਪਣੀ "ਸਾਹਿਤਕ ਜੀਵਨੀ" ਦੇ ਸਫਰ ਨੂੰ ਵੀ ਕਲਮਬਦ ਕਰਨਾ ਚਾਹੁੰਦਾ ਹੈ।
ਜਿਉਂ ਜਿਉਂ ਦਾਊਂ ਦੇ ਨਜਦੀਕ ਜਾਵੋ ਤਾਂ ਹੋਲੀ ਹੋਲੀ ਉਸ ਦੇ ਗੁਣਾਂ ਦੀਆਂ ਪਰਤਾਂ ਖੁਲ੍ਹਦੀਆਂ ਹਨ। ਉਹ ਯਾਰਾਂ ਦਾ ਯਾਰ ਹੈ। ਉਹ ਖੁਲ ਦਿਲਾ ਇਨਸਾਨ ਹੈ ਅਤੇ ਕਿਸੇ ਨਾਲ ਵੈਰ ਭਾਵ ਨਹੀਂ ਰੱਖਦਾ। ਉਸ ਵਿਚ ਜਰਾ ਵੀ ਹਉਮੇ ਨਹੀਂ। ਦਾਊਂ ਪੰਜਾਬੀ ਸਾਹਿਤ ਅਤੇ ਵਿਰਸੇ ਦਾ ਖਜ਼ਾਨਾ ਹੈ। ਉਹ ਇਕ ਸੁਹਿਰਦ ਇਨਸਾਨ ਹੈ। ਉਹ ਇਕ ਵਿਲੱਖਣ ਸ਼ਖਸੀਅਤ ਹੈ। ਦਾਊਂ ਵਿਚ ਕਿਸੇ ਨੂੰ ਆਪਣਾ ਬਣਾਉਣ ਦੀ ਮਿਕਨਾਤੀਸੀ ਕਸ਼ਿਸ਼ ਹੈ। ਉਹ ਚਾਨਣ ਦਾ ਵਣਜਾਰਾ ਹੈ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਦਾਊਂ ਇਕ ਦਰਵੇਸ਼ ਸਾਹਿਤਕਾਰ ਹੈ।