ਅੱਗ (ਕਵਿਤਾ)

ਕਵਲਦੀਪ ਸਿੰਘ ਕੰਵਲ   

Email: kawaldeepsingh.chandok@gmail.com
Address:
Tronto Ontario Canada
ਕਵਲਦੀਪ ਸਿੰਘ ਕੰਵਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ 
ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ 

ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ 
ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, ਵਿੱਚ ਭੁੱਜਣ ਜੀਵ ਇਸ ਜੱਗ ਦੇ 

ਹਰ ਪਲ ਹਿਰਦੇ, ਬਲਦੀ ਜੋ ਭਾਂਬੜ, ਹੈ ਸਾਰੀ ਇਹੋ ਰਾਖ਼ ਦਾ ਸੋਮਾ 
ਇਹਨੂੰ ਜੋ ਸਾੜੇ, ਓਹਨੂੰ ਵੀ ਸਾੜੇ, ਪਰ ਪਹਿਲੋਂ ਸਾੜੇ ਆਪਾ ਸਭ ਦੇ 

ਅੱਗ ਅੰਨ੍ਹੀ ਸ਼ਰਧਾ ਇਓਂ ਮੱਚਦੀ, ਅਕਲ ਨੂੰ ਲਾਂਬੂ ਸਿਰੇ ਤੋਂ ਲਾ ਕੇ 
ਹੋਮ ਏਸ ਵਿੱਚ, ਕਰਨ ਉਹ ਪੁਸ਼ਤਾਂ, ਇਸ ਨੇੜ ਰਤਾ ਜੋ ਲੱਗ ਦੇ 

ਇੱਕ ਅੱਗ ਮਜ਼ਹਬ ਪਹਿਨ ਕੇ ਫਿਰਦੀ, ਲਾ ਮੰਦਰ ਮਸੀਤੀਂ ਡੇਰੇ 
ਬੰਦਾ ਬੰਦਿਓਂ ਧੁਰ ਫ਼ੂਕ ਮੁਕਾਵੇ, ਵੱਡੀ ਬਣ ਬਹੀਓਂ ਇਹ ਰੱਬ ਦੇ 

ਦਮ ਦਮ ਮੱਘਦੀ ਅੱਗ ਪ੍ਰੀਤ ਅਵੱਲੀ, ਜਿਤ ਨਿੱਘ ਇਲਾਹੀ ਆਵੇ 
ਰਵ੍ਹੇ ਮਹਿਫੂਜ਼ ਹਰ ਅੱਗ ਤੋਂ ਉਹ ਜੋ, ਬਲੇ ਵਿੱਚ ਇਸ ਅੱਗ ਦੇ 

ਅੱਗ ਤਾਂ ਮੁੱਢ ਤੋਂ, ਇਓਂ ਨਾਲ ਤੁਰੀ ਹੈ, ਤਕ ਅੰਤ ਨਾਲ ਇਹ ਜਾਵੇ 
ਅੱਗ ਦਾ ਜਾਇਆ, ਕੰਵਲ ਹੈ ਤਨ ਇਹ, ਮਿਲਣਾ ਵਿੱਚ ਇਸ ਅੱਗ ਦੇ