ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ
(ਕਵਿਤਾ)
ਹੱਥੀਂ ਕੁੱਟ ਖਿਲਾਈ ਜਿੰਨਾਂ ਨੇ ਸਾਨੂੰ ਚੂਰੀ ਜੀ
ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ
ਗਿੱਲੀ ਥਾਂ ਤੋਂ ਸੁੱਕੀ ਥਾਂ ਤੇ ਸਾਨੂੰ ਪਾਇਆ ਜੀ
ਦੁਨੀਆ ਉੱਤੇ ਚੱਲਣ ਦਾ ਸਾਨੂੰ ਰਾਹ ਦਿਖਾਇਆ ਜੀ
ਪੜ੍ਹਾ-ਲਿਖਾ ਕੇ ਸਾਨੂੰ ਸਿੱਧੇ ਰਾਹ ਵੱਲ ਪਾਉਂਦੇ ਜੀ
ਆਪਣੇ ਮੂੰਹ ਚੋਂ ਬੁਰਕੀ ਕੱਢ ਸਾਨੂੰ ਰਹਿਣ ਖਿਲਾਉਂਦੇ ਜੀ
ਕਿਸੇ ਗੱਲ ਦਾ ਦਰਦ ਨਾਂ ਸਾਡਾ ਵੇਖ ਕੇ ਸਹਿੰਦੇ ਜੀ
ਚਲੇ ਜਾਈਏ ਕਦੇ ਵਾਂਢੇ ਉਡੀਕ ਚ ਬੈਠੇ ਰਹਿੰਦੇ ਜੀ
ਇਨ੍ਹਾਂ ਦੀ ਹੈ ਸੇਵਾ ਕਰਨਾ ਸਾਡਾ ਫਰਜ਼ ਜੀ
ਸਾਡੇ ਉੱਤੇ ਬਹੁਤ ਵੱਡਾ ਇੰਨ੍ਹਾਂ ਦਾ ਕਰਜ਼ ਜੀ
ਬਣ ਸਿਆਣੇ ਮੋੜਨਾ ਚੁੰਘੇ ਦੁੱਧ ਦਾ ਮੁੱਲ ਜੀ
ਦੇਵੇ ਸਾਨੂੰ ਸ਼ਾਵਾ ਆਪਣੀ ਦੁਨੀਆ ਕੁੱਲ ਜੀ
ਹੱਸ ਕੇ ਮੰਨੀਏ ਹੁਕਮ ਇੰਨ੍ਹਾਂ ਦਾ ਕਰੀਏ ਪ੍ਰਵਾਨ ਜੀ
ਇੰਨ੍ਹਾਂ ਨਾਲ ਹੀ ਦੁਨੀਆ ਉੱਤੇ ਅਸੀਂ ਮਹਾਨ ਜੀ
ਵਿਆਹ-ਸ਼ਾਦੀ ਸਾਡੀ ਕਰਕੇ ਆਪਣਾ ਫਰਜ਼ ਨਿਭਾਉਂਦੇ ਜੀ
ਚੱਕ ਕੇ ਸਾਡੇ ਬਾਲਾਂ ਨੂੰ ਵੀ ਰਹਿਣ ਖਿਡਾਉਂਦੇ ਜੀ
ਆਪਣੇ ਮਾਪਿਆਂ ਦੀ ਜੱਗ ਦੇ ਉੱਤੇ ਸ਼ਾਨ ਬਣਾਈਏ ਜੀ
ਸੁਬ੍ਹਾ ਉੱਠ ਕੇ ਇੰਨ੍ਹਾਂ ਦੇ ਪੈਰੀਂ ਹੱਥ ਲਾਈਏ ਜੀ
ਸਫਰ ਚੋਂ ਚੱਲ ਕੇ ਆਉਣ ਤਾਂ ਅੱਗੋਂ ਫਤਿਹ ਬੁਲਾਈਏ ਜੀ
ਮੁੱਖੋਂ ਬੇਮੁੱਖ ਹੋ ਕੇ ਨਾਂ ਕਦੇ ਕਦਰ ਘਟਾਈਏ ਜੀ
ਹੋਣ ਕਦੇ ਢਿੱਲੇ-ਮੱਠੇ ਤਾਂ ਝੱਟ ਵੈਦ ਬੁਲਾ ਲਈਏ
ਗੋਡੇ, ਬਾਹਾਂ ਘੁੱਟੀਏ ਗੱਲੀਂ ਮਨ ਪਰਚਾ ਲਈਏ
ਵੱਡੀ ਉਮਰ ਚ ਮਨ ਵੀ ਬੱਚਿਆਂ ਵਰਗਾ ਹੋ ਜਾਂਦਾ
ਵਿਛੜ ਗਿਆ ਜੋ ਸਾਥੋਂ ਫੇਰ ਕਦੇ ਨਾਂ ਮੁੜ ਆਂਦਾ
ਸਾਧੂ ਲੰਗੇਆਣੀਏ ਦਾ ਕਹਿਣਾ ਨਾਂ ਕਦੇ ਕਰੋ ਗਰੂਰੀ ਜੀ
ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ
ਹੱਥੀਂ ਕੁੱਟ ਖਿਲਾਈ ਜਿੰਨਾਂ ਸਾਨੂੰ ਚੂਰੀ ਜੀ
ਬਜ਼ੁਰਗਾਂ ਦਾ ਸਾਨੂੰ ਮਾਣ ਕਰਨਾ ਹੈ ਜ਼ਰੂਰੀ ਜੀ।