ਮਿੱਟੀ ਦਾ ਮੋਹ (ਲੇਖ )

ਗੁਰਦੀਸ਼ ਗਰੇਵਾਲ   

Email: gurdish.grewal@gmail.com
Cell: +1403 404 1450, +91 98728 60488 (India)
Address:
Calgary Alberta Canada
ਗੁਰਦੀਸ਼ ਗਰੇਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੇ ਇਨਸਾਨ ਰੋਜ਼ੀ ਰੋਟੀ ਖਾਤਿਰ, ਕਦੇ ਆਪਣੇ ਤੇ ਆਪਣੇ ਬੱਚਿਆਂ ਦੇ ਸੁੰਦਰ ਭਵਿੱਖ ਖਾਤਿਰ ਤੇ ਕਦੇ ਕਿਸੇ ਮਜਬੂਰੀ ਵੱਸ, ਆਪਣੀ ਜੰਮਣ ਭੋਂਇੰ ਤੋਂ ਦੂਰ ਜਾ ਕੇ ਵੱਸ ਜਾਂਦਾ ਹੈ। ਸੱਤ ਸਮੁੰਦਰ ਪਾਰ ਜਾ ਕੇ ਭਾਵੇਂ ਉਹ ਕਿੰਨਾ ਹੀ ਖੁਸ਼ਹਾਲ ਕਿਉਂ ਨਾ ਹੋ ਜਾਵੇ, ਤੇ ਭਾਵੇਂ ਉਸ ਦੀ ਜਨਮ ਭੂਮੀ ਨੇ ਉਸ ਨੂੰ, ਦੁੱਖਾਂ ਤੋਂ ਸਿਵਾਏ ਹੋਰ ਕੁੱਝ ਦਿੱਤਾ ਹੀ ਨਾ ਹੋਵੇ, ਪਰ ਫਿਰ ਵੀ ਉਸ ਦੇ ਦਿਲ ਦੇ ਕਿਸੇ ਕੋਨੇ ਵਿੱਚ, ਜਨਮ ਭੂਮੀ ਪ੍ਰਤੀ ਵਿਛੋੜੇ ਦਾ ਅਹਿਸਾਸ ਪਲਦਾ ਹੀ ਰਹਿੰਦਾ ਹੈ। ਇਹ ਕਿਸੇ ਦੇ ਵੱਸ ਦਾ ਰੋਗ ਨਹੀਂ, ਇਹ ਇੱਕ ਕੁਦਰਤੀ ਵਰਤਾਰਾ ਹੈ।
ਇਨਸਾਨ ਜਿੱਥੇ ਜੰਮਦਾ ਹੈ, ਪਲਦਾ ਹੈ, ਜਿੱਥੇ ਉਸ ਦਾ ਬਚਪਨ ਬੀਤਦਾ ਹੈ- ਉਹ ਉਸ ਨੂੰ ਭੁੱਲ ਨਹੀਂ ਸਕਦਾ। ਸੰਨ ਸੰਤਾਲੀ ਵਿੱਚ ਅਜ਼ਾਦੀ ਵੇਲੇ, ਸਭ ਤੋਂ ਵੱਧ ਸੰਤਾਪ ਪੰਜਾਬ ਨੂੰ ਹੰਢਾਉਣਾ ਪਿਆ। ਉੱਧਰ ਦੇ ਜੰਮ ਪਲ ਲੋਕਾਂ ਨੂੰ ਇੱਧਰ ਆਉਣਾ ਪਿਆ ਤੇ ਇੱਧਰ ਦੇ ਜੰਮਿਆਂ ਨੂੰ ਉੱਧਰ ਜਾਣਾ ਪਿਆ। ਪਰ ਉਹ ਲੋਕ ਹਮੇਸ਼ਾ ਆਪਣੀ ਜੰਮਣ ਭੋਇੰ ਨੂੰ ਦੇਖਣ ਲਈ ਤਰਸਦੇ ਰਹੇ। ਮੇਰੇ ਪਿਤਾ ਜੀ ਪਾਕਿਸਤਾਨ ਦੇ ਲਾਇਲਪੁਰ ਜਿਲ੍ਹੇ ਦੇ ਜੰਮ ਪਲ ਸਨ। ਉਹਨਾਂ ਨੂੰ ਪਾਕਿਸਤਾਨ ਨਾਲ ਅੰਤਾਂ ਦਾ ਮੋਹ ਸੀ ਕਿਉਂਕਿ ਉਹ ਉਹਨਾਂ ਦੀ ਜਨਮ ਭੂਮੀ ਜੁ ਸੀ। ਉਹਨਾਂ ਦੇ ਪੁਰਖਿਆਂ ਨੇ, ਬਾਰ ਦੇ ਇਲਾਕੇ ਦੀ  ਬੰਜਰ ਜਮੀਨ, ਸਾਰੀ ਜ਼ਿੰਦਗੀ ਲਾ ਕੇ ਆਬਾਦ ਕੀਤੀ ਸੀ- ਜਿਸ ਨੂੰ ਛੱਡਣ ਦਾ ਦੁੱਖ ਮੇਰੇ ਪਿਤਾ ਜੀ ਨੂੰ ਮਰਦੇ ਦਮ ਤੱਕ ਤੰਗ ਕਰਦਾ ਰਿਹਾ। ਉਹਨਾਂ ਨੇ ਬਾਰ ਦੀਆਂ ਕਹਾਣੀਆਂ ਸਾਨੂੰ ਇੱਕ ਵਾਰੀ ਨਹੀਂ, ਵਾਰ ਵਾਰ ਸੁਣਾਈਆਂ। ਪਰ ਫਿਰ ਵੀ ਜੇ ਕੋਈ ਉਹਨਾਂ ਦੀ ਉਮਰ ਦਾ ਬੰਦਾ ਮਿਲ ਪੈਂਦਾ ਤਾਂ ਲਾਇਲਪੁਰ ਤੇ ਲਹੌਰ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਆਪਣੇ ਸਾਰੇ ਦੁੱਖ ਭੁੱਲ ਜਾਂਦੇ। ਇਹ ਹਾਲ ਕੇਵਲ ਉਧਰੋਂ ਆਏ ਸਾਡੇ ਬਜ਼ੁਰਗਾਂ ਦਾ ਹੀ ਨਹੀਂ, ਸਗੋਂ ਇੱਧਰੋਂ ਜਾ ਕੇ ਪਾਕਿਸਤਾਨ ਵਸੇ ਲੋਕਾਂ ਦਾ ਵੀ ਇਹੋ ਹੀ ਹੈ। ਜਦੋਂ ਆਪਣੇ ਜਥੇ ਪਾਕਿਸਤਾਨ ਦੀ ਯਾਤਰਾ ਤੇ ਜਾਂਦੇ ਹਨ, ਤਾਂ ਉਹ ਵੀ ਪੁੱਛਦੇ ਹਨ ਕਿ ਪੰਜਾਬ ਤੋਂ ਕਿਥੋਂ ਹੋ? ਅਗਰ ਕੋਈ ਉਹਨਾਂ ਦੇ ਜਿਲ੍ਹੇ ਦਾ ਨਾਮ ਲਵੇ ਤਾਂ ਉਹਨਾਂ ਲੋਕਾਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਆਪਣੇ ਭਰੇ ਭਰਾਏ ਘਰ ਬਾਰ ਤੇ ਜਨਮ ਭੂਮੀ ਨੂੰ ਛੱਡਣਾ ਪਿਆ, ਕਈ ਜੀਆਂ ਤੋਂ ਸਦਾ ਲਈ ਵਿਛੋੜਾ ਪੈ ਗਿਆ, ਧੀਆਂ- ਭੈਣਾਂ ਦੀ ਪੱਤ ਬਚਾਉਣ ਖਾਤਿਰ ਆਪਣੇ ਹੱਥੀਂ ਖੂਹਾਂ 'ਚ ਧੱਕੇ ਦੇਣੇ ਪਏ, ਉਹਨਾਂ ਲਈ ਕਾਹਦੀ ਆਜ਼ਾਦੀ ਸੀ? ਮੇਰੇ ਦਾਦੀ ਜੀ ਤਾਂ ਇਸ ਨੂੰ ਆਜ਼ਾਦੀ ਨਹੀਂ, ਬਰਬਾਦੀ ਕਹਿੰਦੇ ਹੁੰਦੇ ਸਨ। ਕਿਉਂਕਿ ਆਪਣੀ ਜੰਮਣ ਭੋਇੰ ਨੂੰ ਵਿਸਾਰਨਾ ਕੋਈ ਸੌਖਾ ਜਿਹਾ ਕੰਮ ਨਹੀਂ।
ਇਹੀ ਹਾਲ ਸਾਡੇ ਪਰਵਾਸੀ ਵੀਰਾਂ ਦਾ ਹੈ। ਪਿਛਲੇ ਕੁੱਝ ਸਾਲਾਂ ਵਿੱਚ ਮੈਂਨੂੰ ਇਹਨਾਂ ਪਰਿਵਾਰਾਂ ਨੂੰ ਵੀ ਨੇੜਿਉਂ ਤੱਕਣ ਦਾ ਮੌਕਾ ਮਿਲਿਆ। ਸਾਹਿਤਕਾਰਾ ਹੋਣ ਦੇ ਨਾਤੇ, ਇੱਥੋਂ ਦੀਆਂ ਸਾਹਿਤ ਸਭਾਵਾਂ ਵਿੱਚ, ਬਹੁਤ ਸਾਰੇ ਲੇਖਕਾਂ ਤੇ ਕਵੀਆਂ ਨੂੰ ਮਿਲਣ, ਪੜ੍ਹਨ ਤੇ ਸੁਣਨ ਦਾ ਮੌਕਾ ਮਿਲਿਆ। ਸਭ ਦੀਆਂ ਲਿਖਤਾਂ ਵਿੱਚੋਂ ਭੂ- ਹੇਰਵਾ ਝਲਕਦਾ ਹੈ। ਕਈਆਂ ਨੇ ਤਾਂ ਇਥੋਂ ਤੱਕ ਵੀ ਲਿਖਿਆ ਹੈ ਕਿ- "ਜੇ ਮੈਂ ਜੀਂਦੇ ਜੀਅ ਆਪਣੇ ਪਿੰਡ ਨਾ ਜਾ ਸਕਿਆ ਤਾਂ ਗੁਥਲੀ ਵਿੱਚ ਤਾਂ ਜਰੂਰ ਜਾਵਾਂਗਾ"। ਉਹਨਾਂ ਦਾ ਆਪਣੀ ਮਿੱਟੀ ਪ੍ਰਤੀ ਮੋਹ ਹੀ, ਪੰਜਾਬ ਜਾ ਕੇ ਘਰ ਕੋਠੀਆਂ ਬਨਾਉਣ ਲਈ, ਜਾਂ ਆਪਣੇ ਪਿੰਡ ਲਈ ਕੁੱਝ ਕਰਨ ਲਈ ਮਜਬੂਰ ਕਰਦਾ ਹੈ। ਇਹਨਾਂ ਕੋਠੀਆਂ ਵਿੱਚ ਰਹਿਣਾ ਤਾਂ ਕਿਸ ਨੇ ਹੁੰਦਾ ਹੈ? ਜੇ ਕੋਈ ਚਾਰ ਦਿਨਾਂ ਲਈ ਜਾਂਦਾ ਵੀ ਹੈ, ਤਾਂ ਪੰਜਾਬ ਦੀਆਂ ਲੁੱਟਾਂ ਖੋਹਾਂ ਤੋਂ ਡਰਦਾ ਵਿਚਾਰਾ ਜਾਨ ਬਚਾ ਕੇ, ਛੇਤੀ ਹੀ ਵਾਪਿਸ ਭੱਜ ਆਉਂਦਾ ਹੈ।
ਪਰਵਾਸੀਆਂ ਦੀ ਇੱਕ ਹੋਰ ਤ੍ਰਾਸਦੀ ਇਹ ਵੀ ਹੈ ਕਿ- ਜਿਹਨਾਂ ਨੂੰ ਉਹ ਆਪਣੇ ਘਰ ਬਾਰ ਸੰਭਾਲ ਕਰਨ ਲਈ ਦੇ ਆਏ ਸਨ, ਉਹਨਾਂ ਪੱਕੇ ਹੀ ਸੰਭਾਲ ਲਏ ਹਨ। ਬਾਕੀ ਜਮੀਨਾਂ ਜਾਇਦਾਦਾਂ ਉਹਨਾਂ ਦੇ ਆਪਣਿਆਂ ਨੇ ਸਾਂਭ ਲਈਆਂ ਜੋ ਹੁਣ ਉਹਨਾਂ ਨੂੰ ਨੇੜੇ ਨਹੀਂ ਢੁੱਕਣ ਦਿੰਦੇ। ਉਹਨਾਂ ਲਈ ਤਾਂ 'ਅੱਗਾ ਦੌੜ ਪਿੱਛਾ ਚੌੜ' ਵਾਲੀ ਗੱਲ ਹੋਈ ਹੈ। ਪਿੱਛੇ ਸਭ ਕੁੱਝ ਬਣਿਆਂ ਬਣਾਇਆ ਛੱਡ ਕੇ, ਇੱਧਰ ਫਿਰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪਈ। ਦਿਨ ਰਾਤ ਇੱਕ ਕਰਕੇ, ਆਪਣੇ ਘਰਾਂ, ਗੱਡੀਆਂ, ਕਾਰੋਬਾਰਾਂ ਦੀਆਂ ਕਿਸ਼ਤਾਂ ਲਾਹ ਰਹੇ ਹਨ। ਭਾਵੇਂ ਉਹਨਾਂ ਲਈ ਪਿੱਛੇ ਕੁੱਝ ਵੀ ਨਹੀਂ ਬਚਿਆ, ਪਰ ਫਿਰ ਵੀ ਉਹਨਾਂ ਨੂੰ ਆਪਣਾ ਵਤਨ ਨਹੀਂ ਭੁੱਲਦਾ, ਉਸ ਨੂੰ ਦੇਖਣ ਦੀ ਤਾਂਘ ਬਣੀ ਰਹਿੰਦੀ ਹੈ।
ਕਈ ਸਾਲ ਪਹਿਲਾਂ ਦੀ ਗੱਲ ਹੈ- ਕਿ ਸਾਡਾ ਇੱਕ ਜਾਣੂੰ ਪਰਿਵਾਰ, ਵਿਦੇਸ਼ ਜਾ ਕੇ ਸੈੱਟ ਹੋ ਗਿਆ। ਉਹਨਾਂ ਦੇ ਬਜ਼ੁਰਗ ਵੀ ਸ਼ਹਿਰ ਦੀ ਪੌਸ਼ ਕਲੋਨੀ ਵਿੱਚ ਬਣੀ, ਆਪਣੀ ਹਜ਼ਾਰ ਗਜ਼ ਦੀ ਕੋਠੀ ਛੱਡ, ਬੱਚਿਆਂ ਕੋਲ ਚਲੇ ਗਏ। ਕੋਠੀ ਦਾ ਕੁੱਝ ਹਿੱਸਾ ਕਿਰਾਏ ਤੇ ਦੇ ਦਿੱਤਾ ਗਿਆ। ਕੁੱਝ ਸਮੇਂ ਬਾਅਦ ਜਦ ਉਹ ਵਾਪਿਸ ਆਏ ਤਾਂ ਕਿਰਾਏਦਾਰਾਂ ਨੇ ਉਹਨਾਂ ਦੀ ਪੂਰੀ ਕੋਠੀ ਤੇ ਕਬਜਾ ਕਰ ਲਿਆ। ਵਿਚਾਰੇ ਮਾਲਕਾਂ ਨੂੰ ਕੋਠੀ ਦੇ ਨੇੜੇ ਹੀ ਨਾ ਢੁੱਕਣ ਦਿੱਤਾ। ਉਹ ਸਾਡੇ ਕੋਲ ਰਹੇ, ਕੇਸ ਕੀਤਾ- ਫਿਰ ਵਕੀਲਾਂ ਤੇ ਕਚਹਿਰੀਆਂ ਦੇ ਧੱਕੇ। ਮਾਰਕੀਟ ਵਿੱਚ ਦੁਕਾਨਾਂ ਸਨ, ਉਹ ਦੁਕਾਨਦਾਰ ਨਹੀਂ ਸੀ ਛੱਡਦੇ। ਸਭ ਨੂੰ ਪਤਾ ਹੀ ਹੈ ਕਿ ਆਪਣੇ ਦੇਸ ਵਿੱਚ ਤਾਂ ਇਨਸਾਫ਼ ਭਾਲਦਿਆਂ ਜ਼ਿੰਦਗੀ ਬੀਤ ਜਾਂਦੀ ਹੈ। ਤਾਂ ਹੀ ਤਾਂ ਪਾਤਰ ਸਾਹਿਬ ਨੂੰ ਮਜਬੂਰ ਹੋ ਕੇ ਲਿਖਣਾ ਪਿਆ- "ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫ਼ੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ...।" ਸੋ ਕਈ ਸਾਲ ਉਹ ਬਜ਼ੁਰਗ ਵਿਚਾਰੇ, ਵਿਦੇਸ਼ ਤੋਂ ਆ ਕੇ ਕੇਸ ਲੜਦੇ ਰਹੇ ਤੇ ਅਖੀਰ ਸਾਡੇ ਘਰ ਹੀ ਉਹਨਾਂ ਦੀ ਸਵਾਸਾਂ ਦੀ ਪੂੰਜੀ ਖਤਮ ਹੋ ਗਈ। ਉਹਨਾਂ ਦੀ ਆਪਣੀ ਜਨਮ ਭੂਮੀ ਤੇ ਸਵਾਸ ਤਿਆਗਣ ਦੀ ਤਮੰਨਾ ਤਾਂ ਪੂਰੀ ਹੋ ਗਈ, ਪਰ ਆਪਣੇ ਧੀ ਪੁੱਤ ਦਾ ਹੱਥ, ਅੰਤਿਮ ਵੇਲੇ ਨਸੀਬ ਨਾ ਹੋਇਆ। ਇਹੋ ਜਿਹੀ ਕਹਾਣੀ ਇੱਕ ਪਰਿਵਾਰ ਦੀ ਨਹੀਂ, ਸਗੋਂ ਬਹੁਤ ਸਾਰੇ ਪਰਵਾਸੀ ਪਰਿਵਾਰਾਂ ਦੀ ਹੈ।
ਇੱਧਰ ਕਈ ਵੀਰ ਅਜੇ ਅਜੇਹੇ ਵੀ ਹਨ, ਜਿਹਨਾਂ ਨੂੰ ਕਿਸੇ ਕਾਰਨ ਆਪਣੇ ਦੇਸ ਜਾਣ ਦੀ ਇਜਾਜ਼ਤ ਨਹੀਂ। ਕਈਆਂ ਦਾ ਕਸੂਰ ਕੇਵਲ ਇਹ ਹੀ ਸੀ ਕਿ ਉਹਨਾਂ ਬਲਿਊ ਸਟਾਰ ਵੇਲੇ ਭਾਵੁਕ ਹੋ ਕੇ ਕੁੱਝ ਲਿਖਤਾਂ ਲਿਖ ਦਿੱਤੀਆਂ- ਉਹ ਬਜ਼ੁਰਗ ਤੀਹ ਸਾਲਾਂ ਤੋਂ ਆਪਣੀ ਜੰਮਣ ਭੋਇੰ ਨੂੰ ਦੇਖਣ ਨੂੰ ਤਰਸ ਰਹੇ ਹਨ- ਤੇ ਕਈ ਤਰਸਦੇ ਹੀ ਤੁਰ ਵੀ ਗਏ ਹਨ। ਇੱਧਰ ਵੀ ਜ਼ਿੰਦਗੀ ਮਸ਼ੀਨੀ ਹੈ, ਬੱਚੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ। ਸੋ ਜਿਹਨਾਂ ਬਜ਼ੁਰਗਾਂ ਕੋਲ ਆਪਣਾ ਕੋਈ ਰੁਝੇਵਾਂ ਨਹੀਂ, ਉਹ ਇਕੱਲ ਮਹਿਸੂਸ ਕਰਦੇ ਹਨ ਤੇ ਸੌ ਸੁੱਖ ਸਹੂਲਤਾਂ ਹੋਣ ਦੇ ਬਾਵਜ਼ੂਦ ਵੀ, ਉਹ ਆਪਣੀ ਮਿੱਟੀ ਤੇ ਵਾਪਿਸ ਜਾਣਾ ਚਹੁੰਦੇ ਹਨ। ਪਰ ਉਹਨਾਂ ਦੀ ਤ੍ਰਾਸਦੀ ਇਹ ਹੈ ਕਿ ਪਿਛੇ ਵੀ ਕੋਈ ਉਹਨਾਂ ਨੂੰ ਝੱਲਣ ਵਾਲਾ ਨਹੀਂ- ਬੱਚੇ ਤਾਂ ਸਾਰੇ ਬਾਹਰ ਹਨ। ਇੱਧਰ ਬਹੁਤੇ ਪਰਿਵਾਰਾਂ ਦੀ ਨਵੀਂ ਪੀੜ੍ਹੀ, ਬਜ਼ੁਰਗਾਂ ਨਾਲ ਰਹਿਣ ਨੂੰ ਤਿਆਰ ਨਹੀਂ- ਸੋ ਕਈ ਵੱਖਰੇ ਬੇਸਮੈਂਟਾਂ ਵਿੱਚ ਜਾਂ ਬਜ਼ੁਰਗ ਘਰਾਂ ਵਿੱਚ ਵੀ ਰਹਿ ਰਹੇ ਹਨ। ਪਰ ਇੱਧਰ ਇੱਕ ਗੱਲ ਬਹੁਤ ਵਧੀਆ ਹੈ ਕਿ ਸਰਕਾਰ ਬਜ਼ੁਰਗਾਂ ਤੇ ਬੱਚਿਆਂ ਦਾ ਪੂਰਾ ਖਿਆਲ ਰੱਖਦੀ ਹੈ।
ਇੱਧਰ ਮਾਂ ਬੋਲੀ ਪੰਜਾਬੀ ਦਾ ਬੋਲ ਬਾਲਾ ਵੀ ਪੰਜਾਬ ਨਾਲੋਂ ਵੱਧ ਹੈ। ਬਹੁਤ ਸਾਰੇ ਰੇਡੀਓ ਤੇ ਟੀ.ਵੀ. ਚੈਨਲ, ਸਾਰਾ ਦਿਨ ਪੰਜਾਬੀ ਦੇ ਵੰਨ ਸੁਵੰਨੇ ਪ੍ਰੋਗਰਾਮਾਂ ਦੇ ਨਾਲ ਨਾਲ, ਪੰਜਾਬ ਤੇ ਇੰਡੀਆ ਦੀਆਂ ਤਰੋਤਾਜ਼ਾ ਖਬਰਾਂ ਵੀ ਸਾਰਾ ਦਿਨ, ਪੰਜਾਬੀਆਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਜਿਹਨਾਂ ਨੂੰ ਸਾਡਾ ਪੰਜਾਬੀ ਭਾਈਚਾਰਾ ਬੜੇ ਹੀ ਸ਼ੌਕ ਨਾਲ ਸੁਣਦਾ ਹੈ। ਉਹ ਪੰਜਾਬ ਦੀ ਸਿਆਸਤ ਬਾਰੇ ਵੀ ਪੂਰੀ ਦਿਲਚਸਪੀ ਲੈਂਦੇ ਹਨ। ਪੰਜਾਬ ਦੀ ਖੁਸ਼ੀ ਵਿੱਚ ਖੁਸ਼ ਹੁੰਦੇ ਹਨ ਤੇ ਦੁੱਖ ਵਿੱਚ ਦੁਖੀ ਹੁੰਦੇ ਹਨ- ਇਹ ਸਭ ਜਨਮ ਭੂਮੀ ਪ੍ਰਤੀ ਮੋਹ ਦਾ ਪ੍ਰਗਟਾਵਾ ਹੀ ਤਾਂ ਹੈ। ਇੱਧਰ ਆਏ ਕਲਾਕਾਰਾਂ ਨੂੰ, ਸ਼ਾਇਰਾਂ ਨੂੰ, ਬੁੱਧੀਜੀਵੀਆਂ ਨੂੰ, ਖਿਡਾਰੀਆਂ ਨੂੰ ਤੇ ਸਿਆਸਤਦਾਨਾਂ ਨੂੰ, ਰਾਗੀ ਢਾਡੀਆਂ ਨੂੰ.. ਹੱਥਾਂ ਤੇ ਚੁੱਕਣਾ- ਵੀ ਆਪਣੇ ਵਤਨ ਪ੍ਰਤੀ ਮੋਹ ਵੱਸ ਹੋ ਕੇ ਹੀ ਕਰਦੇ ਹਨ।
ਬਹੁਤ ਸਾਰੇ ਪਰਵਾਸੀ ਵੀਰਾਂ ਨੇ ਆਪੋ ਆਪਣੇ ਪਿੰਡਾਂ ਦੀਆਂ ਨੁਹਾਰਾਂ ਬਦਲ ਦਿੱਤੀਆਂ ਹਨ। ਉਹਨਾਂ ਦੀ ਰੂਹ ਨੂੰ ਇੱਕ ਸਕੂਨ ਮਿਲਦਾ ਹੈ- ਆਪਣੀ ਜੰਮਣ ਭੋਇੰ ਲਈ ਕੁੱਝ ਕਰਕੇ। ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਸਫ਼ਲ ਬਿਜ਼ਨਸਮੈਨ, ਹਰ ਸਾਲ ਆਪਣੇ ਪਰਿਵਾਰ ਸਮੇਤ ਪੰਜਾਬ ਜਾ ਕੇ- ਲੋੜਵੰਦ ਬੱਚੀਆਂ ਦੇ ਵਿਆਹ ਕਰਦੇ ਹਨ, ਮੈਡੀਕਲ ਤੇ ਅੱਖਾਂ ਦੇ ਕੈਂਪ ਲਾ ਕੇ, ਹਜ਼ਾਰਾਂ ਲੋਕਾਂ ਦੀ ਹਨ੍ਹੇਰੀ ਦੁਨੀਆਂ ਵਿੱਚ ਚਾਨਣ ਕਰ ਚੁੱਕੇ ਹਨ, ਤੇ ਅੰਗ ਹੀਣਾਂ ਲਈ ਅੰਗ ਦਾਨ ਕੈਂਪ ਵੀ ਲਾ ਕੇ ਆਉਂਦੇ ਹਨ। ਆਪਣੇ ਕਾਰਜਾਂ ਦਾ ਜ਼ਿਕਰ ਕਰਦੇ ਹੋਏ, ਇੱਕ ਵਾਰ ਉਹਨਾਂ ਕਿਹਾ ਸੀ- "ਭੈਣ ਜੀ ਮੇਰੇ ਸਿਰ ਪੰਜਾਬ ਦੀ ਮਿੱਟੀ ਦਾ ਕਰਜ਼ ਹੈ, ਜੋ ਮੈਂ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ"। ਜੇ ਇੱਧਰ ਦੇ ਸਾਰੇ ਖੁਸ਼ਹਾਲ ਪਰਵਾਸੀ ਵੀਰ ਇਸ ਤਰ੍ਹਾਂ ਸੋਚਣ ਲੱਗ ਜਾਣ ਤਾਂ ਸਾਰੇ ਪੰਜਾਬ ਦੀ ਨੁਹਾਰ ਹੀ ਬਦਲ ਜਾਏ।
ਪੰਜਾਬ ਦੇ ਜਿਹਨਾਂ ਪਿੰਡਾਂ ਦਾ ਕੁੱਝ ਕਾਇਆ ਕਲਪ ਹੋਇਆ ਹੈ, ਉਹ ਪਰਵਾਸੀਆਂ ਦੀ ਹੀ ਦੇਣ ਹੈ। ਇਹਨਾਂ ਵਿਚੋਂ ਇੱਕ ਪ੍ਰਿੰਸੀਪਲ ਸਰਵਣ ਸਿੰਘ ਦਾ ਪਿੰਡ 'ਚਕਰ' ਹੈ, ਜੋ ਜਗਰਾਵਾਂ ਤਹਿਸੀਲ ਵਿੱਚ ਪੈਂਦਾ ਹੈ। ਇਸ ਪਿੰਡ ਦੀ ਆਪਣੀ ਵੈਬਸਾਈਟ ਵੀ ਹੈ। ਇਸ ਪਿੰਡ ਦੀ ਨੁਹਾਰ ਨੈੱਟ ਤੇ ਦੇਖ ਕੇ, ਹੈਰਾਨੀ ਹੋਈ ਕਿ- ਕੀ ਇਹ ਪੰਜਾਬ ਦਾ ਹੀ ਪਿੰਡ ਹੈ? ਇਸ ਪਿੰਡ ਦੀ ਖੂਬਸੂਰਤ ਦਿੱਖ, ਇੱਥੋਂ ਦੇ ਪਰਵਾਸੀਆਂ ਦੇ ਆਪਣੀ ਮਿੱਟੀ ਪ੍ਰਤੀ ਮੋਹ ਦੀ ਮੂੰਹ ਬੋਲਦੀ ਤਸਵੀਰ ਹੈ।
ਇਸ ਮੋਹ ਕਾਰਨ ਹੀ ਦੇਸ਼ ਪ੍ਰੇਮ ਪੈਦਾ ਹੁੰਦਾ ਹੈ, ਜੋ ਫੌਜੀ ਵੀਰਾਂ ਵਿੱਚ ਜੋਸ਼ ਭਰਦਾ ਹੈ। ਇਸੇ ਕਾਰਨ ਹੀ ਉਹ ਦੇਸ਼ ਦੀ ਇੱਕ ਇੱਕ ਇੰਚ ਭੂਮੀ ਲਈ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਹਨ। ਜਿਹੜੀ ਜਨਰੇਸ਼ਨ ਇੰਡੀਆ ਵਿੱਚ ਜੰਮੀ ਪਲੀ ਹੈ, ਉਹ ਵਿਦੇਸ਼ਾਂ ਵਿੱਚ ਭਲੇ ਹੀ ਜਿੰਨੀ ਮਰਜ਼ੀ ਖੁਸ਼ਹਾਲ ਹੋਵੇ, ਪਰ ਉਹ ਆਪਣੀ ਜਨਮ ਭੂਮੀ ਨੂੰ ਨਹੀਂ ਭੁਲਾ ਸਕੀ। ਸਾਡੇ ਪਿੰਡ ਦਾ ਇੱਕ ਮੁੰਡਾ ੨੦-੨੫ ਸਾਲ ਪਹਿਲਾਂ ਕਨੇਡਾ ਵੱਸ ਗਿਆ ਸੀ। ਉਸ ਨੂੰ ਜਦੋਂ ਮੈਂ ਮਿਲਣ ਗਈ ਤਾਂ ਦੇਖਿਆ ਕਿ- ਉਹ ਆਪਣੇ ਕਾਫੀ ਵੱਡੇ ਫਾਰਮ ਵਿੱਚ ਫਾਰਮ ਹਾਊਸ ਬਣਾ ਕੇ ਰਹਿੰਦਾ ਹੈ, ਜਿਸ ਵਿੱਚ ਕਈ ਅੰਗਰੇਜ਼ ਕਾਮੇ ਵੀ ਕੰਮ ਕਰਦੇ ਹਨ। ਜਦ ਮੈਂ ਉਸ ਦੇ ਫਾਰਮ ਦੀ ਤਾਰੀਫ਼ ਕੀਤੀ ਤਾਂ ਉਹ ਕਹਿਣ ਲੱਗਾ, "ਭੈਣ ਜੀ, ਮੈਂ ਹਰ ਰੋਜ਼ ਰਾਤ ਨੂੰ ਸੁਫਨੇ ਵਿੱਚ ਤਾਂ ਆਪਣੇ ਪਿੰਡ ਹੀ ਹੁੰਦਾ ਹਾਂ।" ਇਹਨਾਂ ਲੋਕਾਂ ਦੀ ਮਾਨਸਿਕ ਹਾਲਤ ਨੂੰ ਮੈਂ ਆਪਣੇ ਕਈ ਗੀਤਾਂ, ਕਵਿਤਾਵਾਂ ਵਿੱਚ ਵੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ-
"ਸੁਫਨੇ ਦੇ ਵਿੱਚ ਆ ਕੇ ਰੋਜ਼ ਸਤਾਉਣਗੀਆਂ, ਯਾਦਾਂ ਮੁੜ ਪੰਜਾਬ ਦੀਆਂ ਹੀ ਆਉਣਗੀਆਂ.."
ਇਹ ਮੇਹਨਤੀ ਜੋੜਾ ਆਪਣਾ ਦਸਵੰਧ ਵੀ, ਆਪਣੇ ਪਿੰਡ ਦੀ ਬੇਹਤਰੀ ਜਾਂ ਸਰਕਾਰੀ ਸਕੂਲ ਦੇ ਗਰੀਬ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਤੇ ਵਰਦੀਆਂ ਦੇਣ ਤੇ ਖਰਚ ਕਰਦਾ ਹੈ।
ਇੱਧਰ ਬਹੁਤ ਸਾਰੇ ਪਰਵਾਸੀ ਵੀਰਾਂ ਨੇ, ਆਪਣੇ ਜਾਤ ਗੋਤ ਦੀ ਥਾਂ, ਆਪਣੇ ਨਾਵਾਂ ਨਾਲ ਪਿੰਡਾਂ ਦੇ ਨਾਮ ਜੋੜ ਲਏ ਹਨ। ਜਿਵੇਂ- ਕਿਸੇ ਨੇ ਕੋਟਲੀ, ਕਿਸੇ ਟੱਲੇਵਾਲੀਆ, ਡਾਨਸੀਵਾਲ, ਰਾਮੂੰਵਾਲੀਆ ਜਾਂ ਬਾਦਲ... ਆਦਿ। ਇਹ ਵੀ ਆਪੋ ਆਪਣੇ ਪਿੰਡ ਦੀ ਯਾਦ ਨੂੰ ਤਰੋਤਾਜ਼ਾ ਰੱਖਣ ਦਾ ਇੱਕ ਜ਼ਰੀਆ ਹੀ ਹੈ। ਮੇਰੇ ਜਿਸ ਪਾਠਕ ਦਾ ਵੀ ਫੋਨ ਆਉਂਦਾ ਹੈ ਉਹ ਵੀ ਪਹਿਲਾਂ ਮੇਰਾ ਪਿੰਡ ਪੁੱਛਦਾ ਹੈ। ਜੇ ਕੋਈ ਮਿਲਦਾ ਹੈ ਤਾਂ ਉਸ ਦਾ ਵੀ ਪਹਿਲਾ ਸਵਾਲ ਹੁੰਦਾ ਹੈ- "ਨਵੇਂ ਆਏ ਹੋ? ਪੰਜਾਬ ਤੋਂ ਕਿਹੜੇ ਪਿੰਡੋਂ? ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੇ ਪਿੰਡਾਂ ਨੂੰ ਕਿੰਨੀ ਸ਼ਿੱਦਤ ਨਾਲ ਯਾਦ ਕਰ ਰਹੇ ਹਨ।
ਇਹ ਤਾਂ ਉਸ ਪੀੜ੍ਹੀ ਦਾ ਹਾਲ ਹੈ- ਜੋ ਇੰਡੀਆ ਦੀ ਜੰਮਪਲ ਹੈ, ਪਰ ਜੋ ਬੱਚੇ ਇੱਧਰ ਜੰਮੇ ਪਲੇ ਹਨ, ਉਹਨਾਂ ਦੀ ਜਨਮ ਭੂਮੀ ਵਿਦੇਸ਼ ਹੀ ਹੈ। ਭਾਵੇਂ ਮਾਪੇ ਉਹਨਾਂ ਨੂੰ ਦੱਸਣ ਦੀ ਲੱਖ ਕੋਸ਼ਿਸ਼ ਕਰਨ ਕਿ- 'ਆਪਣਾ ਪਿੰਡ ਫਲਾਨਾ ਹੈ ਇੰਡੀਆ ਵਿੱਚ' ਪਰ ਉਹ ਉਸ ਪਿੰਡ ਨੂੰ ਉਨਾ ਪਿਆਰ ਨਹੀਂ ਕਰਨਗੇ ਜਿੰਨਾ ਕਿ ਉਹਨਾਂ ਦੇ ਮਾਪੇ ਕਰਦੇ ਹਨ। ਉਹ ਇੰਡੀਆ ਜਾ ਕੇ ਵੀ ਉਹ ਖੁਸ਼ੀ ਮਹਿਸੂਸ ਨਹੀਂ ਕਰਨਗੇ ਜੋ ਉਹਨਾਂ ਨੂੰ ਆਪਣੀ ਜੰਮਣ ਭੋਇੰ ਤੇ ਮਿਲਦੀ ਹੈ। ਕਈ ਪਰਿਵਾਰਾਂ ਦੇ ਬੱਚੇ ਜੇ ਮਾਪਿਆਂ ਨਾਲ ਜਾਂਦੇ ਵੀ ਹਨ ਤਾਂ ਉਥੇ ਜਾ ਕੇ ਉਦਾਸ ਹੋ ਜਾਂਦੇ ਹਨ। ਇੰਡੀਆਂ ਤੋਂ ਵਾਪਿਸ ਆਉਂਦੇ ਸਮੇਂ- ਮਾਪਿਆਂ ਦੀਆਂ ਅੱਖਾਂ ਵਿੱਚ ਆਪਣਿਆਂ ਤੋਂ ਵਿਛੜਨ ਦਾ ਦਰਦ ਹੁੰਦਾ ਹੈ, ਤੇ ਬੱਚਿਆਂ ਦੇ ਮਨ ਵਿੱਚ ਆਪਣੇ ਦੇਸ ਪਰਤਣ ਦਾ ਚਾਅ।
ਮੁੱਕਦੀ ਗੱਲ ਤਾਂ ਇਹ ਹੈ ਕਿ ਇਨਸਾਨ ਦੂਰ ਦੁਰਾਡੇ ਜਾ ਕੇ ਖੁਸ਼ਹਾਲ ਤਾਂ ਹੋ ਸਕਦਾ ਹੈ, ਪਰ ਆਪਣੀ ਜੰਮਣ ਭੋਇੰ ਦਾ ਮੋਹ ਤੇ ਉਸ ਤੋਂ ਵਿਛੜਨ ਦਾ ਦਰਦ- ਉਸ ਦੇ ਮਨ ਦੇ ਕਿਸੇ ਕੋਨੇ ਵਿੱਚ ਹਮੇਸ਼ਾ ਬਰਕਰਾਰ ਰਹਿੰਦਾ ਹੈ।