ਰਾਏਕੋਟ, ਲੁਧਿਆਣਾ ਦੇ ਕਰੀਬ ਪੈਂਦੇ ਛੋਟੇ ਜਿਹੇ ਕਸਬੇ ਸੁਧਾਰ ਦਾ ਵਾਸੀ ਰਣਦੀਪ ਸਿੰਘ ਗਿੱਲ ਆਧੁਨਿਕ ਕਲਾ, ਚਿਤਰਕਾਰੀ ਅਤੇ ਟੈਟੂ ਵਰਗੀ ਵਿਲਖਣ ਅਤੇ ਨਵੀਨ ਕਲਾ ਸ਼ੈਲੀ ਦਾ ਬਹਿਤਰੀਨ ਅਤੇ ਅਜ਼ਬ ਨਮੂਨਾ ਹੈ l ਉਸਨੂੰ ਚਿਤਰਕਾਰੀ ਪ੍ਰਤੀ ਲਗਾਵ ਤਾ ਬਚਪਨ ਤੋ ਹੀ ਸੀ ਪ੍ਰੰਤੂ ਜ਼ਿੰਦਗੀ ਦੇ ਸਫ਼ਰ ਵਿਚ ਚੱਲਦਿਆਂ-ਚੱਲਦਿਆਂ ਓਹੋ ਡਿਜ਼ੀਟਲ ਪੇਂਟਿੰਗ, ਵਾਲ ਪੇਂਟਿੰਗ ਅਤੇ ਫਿਰ ਟੈਟੂ ਬਣਾਉਣ ਦੇ ਕਿੱਤੇ ਨਾਲ ਜੁੜ ਗਿਆ l ਇੱਕ ਸਾਦੇ ਜਿਹੇ ਸਕੂਲ ਦਾ ਪੜਿਆ ਅਤੇ ਆਮ ਪੇਂਡੂ ਜਨ-ਜੀਵਨ ਨਾਲ ਜੁੜਿਆ ਰਣਦੀਪ ਜਦੋ ਆਪਣੀ ਸੋਚ ਨੂੰ ਚਿਤਰਕਾਰੀ ਦਾ ਰੂਪ ਦਿੰਦੇ ਹੋਏ ਕੋਈ ਵੀ ਕਲਾ-ਕ੍ਰਿਤੀ ਭਾਵੇਂ ਟੈਟੂ, ਪੇਂਟਿੰਗ, ਸਕੈਚ ਜਾ ਥ੍ਰੀ-ਡੀ ਪੇਂਟਿੰਗ ਆਦਿ ਕੁਝ ਵੀ ਬਣਾਉਂਦਾ ਹੈ ਤਾ ਓਹੋ ਹੂ-ਬ-ਹੂ ਭੁਲੇਖਾ ਪਾ ਦਿੰਦਾ ਹੈ, ਜਿਵੇ ਕਿ ਓਹ ਪੰਜਾਬ ਦੇ ਕਿਸੇ ਪਿੰਡ ਨਹੀ ਬਲਕਿ ਕਿਸੇ ਪੱਛਮੀ ਦੇਸ਼ ਵਿਚੋ ਕਲਾ ਦੀ ਵਿਸ਼ੇਸ਼ ਪੜਾਈ ਕਰਕੇ ਆਇਆ ਹੋਵੇ l
ਰਣਦੀਪ ਸਿੰਘ ਗਿੱਲ
ਉਸਨੂੰ ਚਿਤਰਕਾਰੀ ਦਾ ਸ਼ੌਂਕ ਜੁਮਾਂਦਰੂ ਹੀ ਸੀ, ਮੁਢਲੀ ਪੜਾਈ ਦੌਰਾਨ ਓਹੋ ਅਕਸਰ ਜਮਾਤ ਵਿਚ ਚਲ ਰਹੇ ਪਾਠ ਨੂੰ ਸੁਣਦੇ ਹੋਏ ਉਸ ਵਿਚਲੇ ਚਲ ਰਹੇ ਇਤਿਹਾਸ ਜਾ ਕਹਾਣੀ ਨੂੰ ਗੰਭੀਰਤਾ ਨਾਲ ਸੋਚਦਾ ਅਤੇ ਉਸੇ ਹੀ ਪਲ ਉਸ ਦ੍ਰਿਸ਼ ਨੂੰ ਆਪਣੀ ਕਾਪੀ ਉੱਪਰ ਪੇਨਸਿਲ ਨਾਲ ਉਕੇਰ ਦਿੰਦਾ l ਕਲਾ ਪ੍ਰਤੀ ਉਸਦਾ ਇਹ ਮੋਹ ਕਦੇ ਘਟਿਆ ਨਹੀ ਨਿਰੰਤਰ ਵਧਦਾ ਗਿਆ l ਉਸੇ ਬਾ-ਬਦੋਲਤ ਉਸਨੂੰ ਬਾਰਵੀਂ ਦੀ ਪੜਾਈ ਤੋ ਬਾਅਦ ਸਿੱਖੀ ਭਾਵਨਾਵਾਂ ਵਿਚ ਉੱਚਾ ਮਾਨ ਸਨਮਾਨ ਰਖਦੇ ਕਸਬੇ ਸ਼੍ਰੀ ਮਹਿਦੀਆਣਾ ਸਾਹਿਬ ਵਿਖੇ ਜਾਣ ਦਾ ਮੌਕਾ ਮਿਲਿਆ, ਜਿਥੇ ਉਸਨੂੰ ਸ ਕਿਰਪਾਲ ਸਿੰਘ ਜੀ, ਸ ਜਰਨੈਲ ਸਿੰਘ ਜੀ, ਸ ਦਵਿੰਦਰ ਸਿੰਘ ਜੀ ਆਦਿ ਵਰਗੇ ਬੁਲੰਦ ਕਲਾਕਾਰਾਂ ਦਾ ਅਦਭੁਤ ਕੰਮ ਦੇਖਣ ਅਤੇ ਉਹਨਾ ਦੀ ਸੰਗਤ ਕਰਨ ਦਾ ਮੌਕਾ ਮਿਲਿਆ l ਮੂਰਤੀਕਾਰ ਸ ਤਾਰਾ ਸਿੰਘ ਜੀ ਵੀ ਉਸਨੂੰ ਉਥੇ ਮਿਲੇ ਜਿਸ ਬਦੋਲਤ ਉਹ ਮੂਰਤੀ-ਕਲਾ ਵੱਲ ਵੀ ਪ੍ਰੇਰਿਆ ਗਿਆ l ਇਸ ਧਾਰਮਿਕ ਅਸਥਾਨ ਉੱਪਰ ਬਿਤਾਇਆ ਸਮਾ ਉਸ ਲਈ ਬੜਾ ਖੁਸ਼ਗਵਾਰ ਸਾਬਿਤ ਹੋਇਆ l ਜਿਥੇ ਕਿ ਓਹ ਕਲਾ ਦੇ ਵੱਖੋ-ਵੱਖ ਮਾਧਿਅਮਾ ਜਿਵੇ ਕਿ ਚਿਤਰਕਾਰੀ, ਮੂਰਤੀਕਲਾ, ਇਤਿਹਾਸ ਜਾ ਗੁਰੂਆ ਸੰਬੰਧੀ ਪੋਰਟਰੇਟ ਬਣਾਉਣੇ ਆਦਿ ਨੂੰ ਨਜਦੀਕ ਤੋ ਸਮਝ ਅਤੇ ਜਾਣ ਸਕਿਆ ਉੱਥੇ ਹੀ ਇਤਿਹਾਸ ਅਤੇ ਧਰਮ ਪ੍ਰਤੀ ਉਸਦੀ ਵਿਸ਼ੇਸ਼ ਰੁਚੀ ਬਣ ਗਈ l ਇਕ ਕਲਾਕਾਰ ਤੋ ਇਲਾਵਾ ਉਹ ਇੱਕ ਚੰਗਾ ਪਾਠਕ ਵੀ ਹੈ ਅਤੇ ਇਤਿਹਾਸ, ਕਿੱਸੇ ਪੜਨ ਵਿਚ ਉਸਦਾ ਵਿਸ਼ੇਸ਼ ਝੁਕਾਵ ਹੈ l ਓਹ ਪਹਿਲੋ ਇੱਕ ਕਿੱਸਾ ਪੜਦਾ ਹੈ ਅਤੇ ਫਿਰ ਉਸਨੂੰ ਕਲਾ ਰਾਹੀ ਸੰਜੀਵ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ l ਇਸ ਸਭ ਉੱਪਰ ਉਸਦਾ ਸ਼੍ਰੀ ਮਹਿਦੀਆਣਾ ਸਾਹਿਬ ਵਿਖੇ ਗੁਜ਼ਾਰੇ ਸਮੇਂ ਦਾ ਪ੍ਰਭਾਵ ਨਿਰਸੰਦੇਹ ਨਜ਼ਰ ਆਉਂਦਾ ਹੈ l


ਰਣਦੀਪ ਸਿੰਘ ਗਿੱਲ ਦੀਆਂ ਕ੍ਰਿਤਾਂ
ਪੰਜਾਬ ਵਿਚ ਸੂਖਮ ਕਲਾ ਦੀ ਅਕਸਰ ਹੁੰਦੀ ਬੇਕਦਰੀ ਅਤੇ ਆਮਦਨ ਦੀ ਔਖਿਆਈ ਨੂੰ ਧਿਆਨ ਵਿਚ ਰੱਖਦੇ ਹੋਏ ਉਸਨੂੰ ਕਾਬਿਲ ਉਸਤਾਦਾ ਵੱਲੋਂ ਕਲਾ ਦੀ ਨਵੀਨਤਮ ਸ਼ੈਲੀ ਟੈਟੂ ਬਣਾਉਣ ਲਈ ਪ੍ਰੇਰਿਆ ਗਿਆ l ਜਿਸ ਮਕਸਦ ਤਹਿਤ ਓਹ ਲੁਧਿਆਣਾ ਦੇ "ਤਮਨ ਸਟੂਡਿਓ" ਵਿਖੇ ਪੁੱਜਾ, ਜਿਥੋਂ ਉਸਨੇ ਟੈਟੂ ਕਲਾ ਨੂੰ ਨਜਦੀਕ ਤੋ ਦੇਖਿਆ ਅਤੇ ਇਸਦੀਆ ਬਾਰੀਕਿਆਂ ਨੂੰ ਸਮਝਿਆ l ਸਿਖਣ ਤੋ ਬਾਅਦ ਉਸਨੇ ਟੈਟੂ ਬਣਾਉਣ ਨੂੰ ਆਵਦੇ ਕੀਤੇ ਵੱਜੋ ਅਪਨਾ ਲਿਆ ਅਤੇ ਹਾਲ ਦੀ ਘੜੀ ਕਸਬਾ ਸੁਧਾਰ ਦੇ ਬੱਸ ਅੱਡੇ ਦੇ ਕਰੀਬ "ਡਰੀਮ ਟੈਟੂਜ਼" ਨਾਮਕ ਆਪਣਾ ਸਟੂਡਿਓ ਚਲਾ ਰਿਹਾ ਹੈ l ਉਸਦੇ ਟੈਟੂ ਬਣਾਉਣ ਵਿੱਚ ਵਿਸ਼ੇਸ਼ ਖਾਸੀਅਤ ਇਹ ਹੈ ਕਿ ਓਹ ਲਾ-ਜਵਾਬ ਟੈਟੂ ਬਣਾਉਣ ਵਾਲੇ ਪੰਜਾਬ ਦੇ ਚੰਦ-ਕੂ ਆਰਟਿਸਟਾਂ ਵਿੱਚ ਸ਼ੁਮਾਰ ਹੈ l ਨੋਜੁਆਨ ਮੁੰਡੇ ਕੁੜੀਆ ਅਕਸਰ ਉਸ ਕੋਲ ਬੜੀ ਉਮੀਦ ਨਾਲ ਆਵਦੇ ਚਹੇਤੇ ਸੱਜਣ ਜਿਵੇ ਮਾਂ ਬਾਪ, ਭਰਾ, ਬਚੇ ਆਦਿ ਤੋ ਇਲਾਵਾ ਕੋਈ ਹੋਰ ਚਿੰਨ ਆਦਿ ਸ਼ਰੀਰ ਉੱਪਰ ਖੁੰਢਵਾਉਣ ਆਉਂਦੇ ਹਨ ਤਾ ਓਹੋ ਉਸ ਤਸਵੀਰ ਨੂੰ ਇਸ ਕਦਰ ਟੈਟੂ ਦਾ ਰੂਪ ਦੇ ਦਿੰਦਾ ਹੈ, ਜਿਵੇ ਕਿ ਟੈਟੂ ਨਾ ਕੋਈ ਕੇਮਰੇ ਨਾਲ ਖਿਚੀ ਤਸਵੀਰ ਹੋਏ l ਉਸਦੇ ਗ੍ਰਾਹਕਾ ਵਿੱਚ ਦੇਸ਼-ਵਿਦੇਸ਼ ਤੋ ਕਬੱਡੀ ਖਿਡਾਰੀ ਅਤੇ ਮਾਡਲ ਮੁੰਡੇ-ਕੁੜੀਆ ਉਚੇਚੇ ਤੌਰ ਉੱਪਰ ਆਉਂਦੇ ਹਨ l ਉਸਦਾ ਬਣਾਇਆ ਥ੍ਰੀ-ਡੀ ਟੈਟੂ ਇਸ ਕਦਰ ਨਜ਼ਰਾਂ ਨੂੰ ਭੁਲੇਖੇ ਪਾਉਂਦਾ ਹੈ ਜਿਵੇ ਬਣਾਈ ਹੋਈ ਤਸਵੀਰ ਡੋਲਿਆਂ ਚੋ ਬਾਹਰ ਹੀ ਆ ਜਾਏਗੀ, ਕਿਸੇ ਕਿਸੇ ਟੈਟੂ ਵਿੱਚ ਇਸ ਕਦਰ ਹੈਰਾਨੀਜਨਕ ਕੰਮ ਕੀਤਾ ਹੁੰਦਾ ਜਿਵੇ ਕਿ ਸ਼ਰੀਰ ਉੱਪਰ ਕੋਈ ਫੱਟ ਜਾ ਜ਼ਖਮ ਹੋਏ l ਇਸੇ ਤਰਾ ਚਲਦੇ ਹੋਏ ਜਿਥੇ ਕਿ ਓਹ ਆਪਣੀ ਰੋਜ਼ੀ ਰੋਟੀ ਚਲਾਉਂਦਾ ਹੈ ਉਥੇ ਹੀ ਉਸਨੂੰ ਕਲਾਕਾਰ ਦੇ ਰੂਪ ਵਿੱਚ ਚੰਗਾ ਮਾਨ-ਇੱਜ਼ਤ ਮਿਲ ਰਿਹਾ ਹੈ l ਉਸਦੇ ਕੰਮ ਦੀ ਲਗਨ, ਬਾਰੀਕੀ ਅਤੇ ਉੱਤਮਤਾ ਬਦੋਲਤ ਉਸਨੂੰ ਮੂੰਹ-ਮੰਗੀ ਕੀਮਤ ਵੀ ਮਿਲਦੀ ਹੈ l ਦੂਰ-ਦੂਰ ਵਿਦੇਸ਼ਾ ਤੋ ਵੀ ਲੋਕੀ ਉਸ ਕੋਲ ਟੈਟੂ ਬਣਵਾਉਣ ਜਾ ਪੁਰਾਣਾ ਬਣਿਆ ਕੋਈ ਟੈਟੂ ਸਹੀ ਕਰਵਾਉਣ ਆਉਂਦੇ ਹਨ l ਉਸਦੀ ਸੋਚਣ ਸ਼ਕਤੀ ਇੰਨੀ ਸੋਹਣੀ ਹੈ ਕਿ ਖਿਡਾਰੀ, ਭਲਵਾਨ, ਸਿੰਗਰ, ਏਨਆਰਆਈ ਆਦਿ ਹਰ ਗ੍ਰਾਹਕ ਦੀ ਲੋੜ ਅਤੇ ਇੱਛਾ ਨੂੰ ਸਮਝਦੇ ਹੋਏ ਉਸਦੀਆ ਭਾਵਨਾਵਾਂ ਨੂੰ ਇੰਨ-ਬਿੰਨ ਟੈਟੂ ਦਾ ਰੂਪ ਦੇ ਦਿੰਦਾ ਹੈ l ਚੁਨਿੰਦਾ ਥ੍ਰੀ-ਡੀ ਟੈਟੂ ਆਰਟਿਸਟ ਹੋਣ ਕਾਰਨ ਉਸ ਕੋਲ ਥ੍ਰੀ-ਡੀ ਟੈਟੂ ਬਨਵਾਉਣ ਵਾਲਿਆਂ ਦੀ ਵੀ ਬਹੁਤਾਂਤ ਰਹਿੰਦੀ ਹੈ l
ਰਣਦੀਪ, ਹਰ ਤਰਹ ਦੀ ਪੇਂਟਿੰਗ ਦੀ ਵਿਧਾ ਤੋ ਜਾਣੂ ਹੋਣਾ ਚਾਹੁੰਦਾ ਹੈ ਜਿਸ ਵਿੱਚ ਵਾਲ ਪੇਂਟਿੰਗ ਅਤੇ ਡਿਜਿਟਲ ਪੇਂਟਿੰਗ ਵੀ ਸ਼ਾਮਿਲ ਹੈ ਅਤੇ ਓਹ ਲਗਾਤਾਰ ਮਾਸਟਰ ਪੀਸ ਤਿਆਰ ਕਰ ਕੇ ਆਪਣੀ ਕਲਾ ਨੂੰ ਯਾਦਗਾਰ ਬਣਾ ਰਿਹਾ ਹੈ l ਲਗਾਤਾਰ ਸਿੱਖਦਾ ਹੋਇਆ ਨਵੇ ਤੋ ਨਵਾ ਤਜਰਬਾ ਵੀ ਕਰਦਾ ਹੈ l ਇੱਕ ਬਹਿਤਰੀਨ ਕਲਾਕਾਰ ਹੋਣ ਤੋ ਸਿਵਾਏ ਓਹ ਇਕ ਪਿਆਰਾ ਅਤੇ ਹਉਮੈਂ ਰਹਿਤ, ਸਨਿਮਰ ਵਿਅਕਤੀ ਵੀ ਹੈ, ਓਹ ਪੇਂਟਿੰਗ ਨੂੰ ਪੂਰਨ ਤੌਰ ਉੱਪਰ ਰੌਸ਼ਨੀ ਦੀ ਖੇਡ ਮੰਨਦਾ ਹੈ l ਜਿਵੇਂ ਕਿ ਆਮ ਪੇਂਟਿੰਗ ਨੂੰ ਥ੍ਰੀ -ਡੀ ਦੀ ਰੂਪ-ਰੇਖਾ ਦੇਣ ਲਈ ਬੱਸ ਰੌਸ਼ਨੀ ਦੇ ਆਉਣ ਜਾਣ ਅਤੇ ਗੂੜੇ-ਫਿੱਕੇ ਹੋਣ ਨੂੰ ਨਜਦੀਕ ਤੋ ਮਹਿਸੂਸ ਕਰਦੇ ਹੋਏ ਪੋਰਟਰੇਟ ਉੱਪਰ ਉਕੇਰਨ ਦੀ ਕਲਾ ਨੂੰ ਹੀ ਮੰਨਦਾ ਹੈ l ਹਲਾਕਿਂ ਓਹ ਪੰਜਾਬ ਦੇ ਕਿਸੇ ਵੀ ਆਰਟਿਸਟ ਨੂੰ ਮੁਕੰਮਲ ਥ੍ਰੀ-ਡੀ ਆਰਟਿਸਟ ਨਹੀ ਮੰਨਦਾ ਅਤੇ ਖੁਦ ਨੂੰ ਵੀ ਸਿਰਫ ਸਿਖਿਆਰਥੀ ਹੀ ਜਾਣਦਾ ਹੈ l
ਕਲਾ ਦੌਰਾਨ ਓਹੋ ਧਾਰਮਿਕ ਅਤੇ ਸਮਾਜਿਕ ਭਾਵਨਾਵਾਂ ਦਾ ਵੀ ਪੂਰਨ ਤੌਰ ਉੱਪਰ ਖਿਆਲ ਰਖਦਾ ਹੈ ਜਿਸ ਦੇ ਚਲਦੇ ਓਹ ਧਾਰਮਿਕ ਚਿੰਨ੍ਹ ਦਾ ਟੈਟੂ ਬਣਾਉਣ ਤੋ ਗੁਰੇਜ਼ ਕਰਦਾ ਹੈ, ਜਿਸ ਤੋ ਉਸ ਦੇ ਵਿਚਲੀ ਧਰਮ ਪ੍ਰਤੀ ਸਤਿਕਾਰ ਅਤੇ ਸਮਾਜਿਕ ਚੇਤਨਾ ਦਾ ਪਤਾ ਲਗਦਾ ਹੈ l ਓਹ ਸੂਖਮ ਕਲਾ ਨੂੰ ਸਿਰਫ ਕਲਾਕਾਰ ਵਜੋ ਹੀ ਨਹੀ ਬਲਕਿ ਵਿਦਿਆਰਥੀ ਵਜੋ ਵੀ ਅਪਣਾਉਣਾ ਚਾਹੁੰਦਾ ਸੀ l ਪ੍ਰੰਤੂ ਪੰਜਾਬ ਵਿੱਚ ਫ਼ਾਈਨ ਆਰਟਸ ਕਾਲਜਾ ਅਤੇ ਕੋਰਸਾ ਦੀ ਕਮੀ ਉਸਨੂੰ ਵੀ ਰੜਕਦੀ ਹੈ l ਸੂਖਮ ਕਲਾਵਾਂ ਸੰਬੰਧੀ ਚਲਦੇ ਕਾਲਜਾ ਵਿੱਚ ਦਾਖਲੇ ਦੌਰਾਨ ਵਿਅਕਤੀ ਦੀ ਕਲਾ ਦੀ ਬਜਾਏ ਸਿਰਫ ਹਾਸਿਲ ਕੀਤੇ ਗਏ ਅੰਕਾਂ ਨੂੰ ਪ੍ਰਾਥਮਿਕਤਾ ਦੇਣੀ ਉਸਨੂੰ ਦੁਖਦਾਇਕ ਲੱਗਿਆ l ਉਸ ਦੇ ਪਰਿਵਾਰਕ ਪਿਛੋਕੜ ਵਿੱਚ ਦੇਸ਼-ਭਗਤ ਵੀ ਹੋਏ ਸਨ, ਜਿਸ ਬਦੋਲਤ ਉਸਨੂੰ "ਫ੍ਰੀਡਮ ਫਾਈਟਰ" ਸ਼੍ਰੇਣੀ ਦਾ ਫਾਇਦਾ ਵੀ ਮਿਲਣਾ ਚਾਹੀਦਾ ਸੀ, ਪ੍ਰੰਤੂ ਸਿਸਟਮ ਦੇ ਅਣਗੌਲਿਆਂ ਵਿਵਹਾਰ ਦੇ ਚਲਦੇ ਇਹ ਕਲਾਕਾਰ ਵਿਦਿਆਰਥੀ ਦਾ ਰੂਪ ਨਾ ਲੈ ਸਕਿਆ l ਪ੍ਰੰਤੂ ਉਸਦੀ ਜੀਵਨ ਅਤੇ ਕਲਾ-ਸ਼ੈਲੀ ਉੱਪਰ ਇਸ ਸਭ ਦਾ ਉਸਨੇ ਜ਼ਰਾ ਕੂ ਵੀ ਨਕਰਾਤਮਕ ਪ੍ਰਭਾਵ ਨਾ ਪੈਣ ਦਿੱਤਾ l ਨਿੱਕੇ ਹੁੰਦੇ ਹੀ ਤੋ ਓਹ ਅਖਬਾਰਾਂ ਵਿੱਚ ਆਈਆ ਸੋਹਣੀਆਂ-ਸੋਹਣੀਆ ਤਸਵੀਰਾਂ, ਪੇਂਟਿੰਗਾ ਦੀਆ ਕਟਿੰਗਾ ਸੰਭਾਲਦਾ ਫਿਰ ਓਹਨਾ ਨੂੰ ਧਿਆਨ ਨਾਲ ਦੇਖਦਾ ਅਤੇ ਓਹਨਾ ਵਿਚਲੀ ਚਿਤਰਕਾਰੀ ਨੂੰ ਸਮਝਦਾ l ਅੱਜ ਵੀ ਕਲਾਕਾਰ ਸਾਥੀਆਂ, ਇੰਟਰਨੇਟ ਅਤੇ ਬਾਕੀ ਸਾਧਨਾ ਰਾਹੀ ਲਗਾਤਾਰ ਸਿਖਦਾ ਹੋਇਆ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਰਿਹਾ ਹੈ l ਸਮੇ- ਸਮੇ ਤੇ ਉਸਨੂੰ ਖੁਦ ਨੂੰ ਸਾਬਿਤ ਕਰਨਾ ਪਿਆ ਪ੍ਰੰਤੂ ਉਸਨੇ ਆਪਣੀ ਕਾਬਲੀਅਤ ਉੱਪਰ ਕਦੇ ਸਵਾਲ ਨਾ ਖੜਾ ਹੋਣ ਦਿੱਤਾ l ਮੁਢਲੀ ਪੜਾਈ ਤੋ ਬਾਅਦ ਜਦੋ ਓਹ ਪਹਿਲੀ ਵਾਰ ਆਪਣੇ ਉਸਤਾਦ ਸਾਹਮਣੇ ਖੜਾ ਸੀ ਤਾ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਉਸਤਾਦ ਦੀ ਤਸਵੀਰ ਉਸੇ ਪਲ ਹੀ ਕਾਲੇ ਪੈਨ ਨਾਲ ਕਾਪੀ ਦੇ ਪੰਨੇ ਉੱਪਰ ਜਿਵੇਂ-ਤਿਵੇਂ ਉਕੇਰ ਦਿੱਤੀ l ਇੱਕ ਵਾਰ ਫਰੀਦਕੋਟ ਵਿਖੇ ਜਦੋ ਓਹ ਮੇਲੇ ਉੱਪਰ ਗਿਆ ਸੀ ਤਾਂ ਉਸਦੀਆਂ ਬਣਾਈਆਂ ਪੇਂਟਿੰਗਾ ਥੋੜੀਆਂ ਉਰਾਂਹ - ਪਰਾਂਹ ਹੋ ਗਈਆਂ ਸਨ ਜਦੋ ਕੋਈ ਅਣਪਛਾਤਾ ਵਿਅਕਤੀ ਉਸਦੀਆਂ ਪੇਂਟਿੰਗਾ ਉਸਨੂੰ ਵਾਪਿਸ ਕਰਨ ਆਇਆ ਤਾ ਕੱਚੀ ਉਮਰ ਦੇ ਰਣਦੀਪ ਦੀ ਉਤਸਕਤਾ ਨੂੰ ਦੇਖਦੇ ਹੋਏ ਉਸਨੂੰ ਉਸਦੀਆਂ ਹੀ ਬਣਾਈਆਂ ਪੇਂਟਿੰਗਾ ਬਦਲੇ ਰੁਪਿਆਂ ਦੀ ਮੰਗ ਰੱਖ ਦਿੱਤੀ l ਉਸ ਹਾਲ ਵਿੱਚ ਨਿਆਣ-ਮੱਤ ਰਣਦੀਪ ਆਵਦੀਆਂ ਪੇਂਟਿੰਗਾ ਦਾ ਮੁੱਲ ਪਾਉਣ ਵਾਲਾ ਪਹਿਲਾ ਵਿਅਕਤੀ ਆਪ ਹੀ ਹੋਇਆ l ਕੁਦਰਤੀ ਤੌਰ ਉੱਪਰ ਓਹੋ ਬੋਲਣ ਸਮੇ ਜੁਬਾਨੋ ਹਲਕਾ ਜਿਹਾ ਤਤਲਾਉਂਦਾ ਹੈ ਪ੍ਰੰਤੂ ਇਸ ਨੂੰ ਵੀ ਓਹ ਰੱਬ ਦਾ ਭਾਣਾ ਮੰਨਦੇ ਆਖਦਾ ਹੈ ਕਿ ਇਹ ਵੀ ਉਸ ਲਈ ਚੰਗਾ ਹੀ ਹੈ ਮਾੜਾ ਨਹੀ l ਜਿਉਂ ਕਿ ਜਦ ਓਹ ਨਿੱਕੇ ਹੁੰਦੇ ਹੋਏ ਸਕੂਲ ਵਿੱਚ ਪੜਦਾ ਸੀ ਤਾ ਅਕਸਰ ਅਧਿਆਪਕ ਉਸਨੂੰ ਉਸਦੇ ਤੋਤਲੇ ਪਨ ਦੀ ਵਜਾਹ ਨਾਲ ਪਾਠ ਪੜਨ ਨੂੰ ਨਹੀ ਸਨ ਕਹਿੰਦੇ, ਜਿਸਦਾ ਓਹ ਬੜੇ ਹੀ ਆਰਾਮ ਨਾਲ ਸਕਰਾਤਮਿਕ ਲਾਭ ਉਠਾਉਂਦਾ ਅਤੇ ਪਾਠ ਨੂੰ ਧਿਆਨ ਨਾਲ ਸੁਣਦਾ l ਫੇਰ ਉਸ ਵਿਚਲੀ ਰੋਚਿਕਤਾ ਜਾ ਕਹਾਣੀ ਨੂੰ ਕਿਸੇ ਡਰਾਇੰਗ ਦਾ ਰੂਪ ਦੇ ਦਿੰਦਾ, ਜਿਸ ਬਦੋਲਤ ਓਹ ਸਦਾ ਚਿਤਰਕਾਰੀ ਵੱਲ ਵਧਦਾ ਗਿਆ l ਇੱਕ ਚਿਤਰਕਾਰ ਦੇ ਤੌਰ 'ਤੇ ਉਸਦੀ ਸੋਚਣ ਸ਼ਕਤੀ ਦੇ ਵਿਕਾਸ ਲਈ ਰਣਦੀਪ ਬਚਪਨ ਦੀਆ ਇੰਨਾ ਯਾਦਾਂ ਨੂੰ ਹੀ ਯੋਗ ਮੰਨਦਾ ਹੈ l