ਹਰ ਬੰਦੇ ਦਾ ਅਪਣਾ ਰੈਣ ਬਸੇਰਾ ਹੈ।
ਹਰ ਕਸਬੇ, ਹਰ ਪਿੰਡ 'ਚ ਰੱਬੀ ਡੇਰਾ ਹੈ।
ਕਾਹਤੋਂ ਆਪਾ-ਧਾਪੀ ਕਰਦੇ ਫਿਰਦੇ ਹੋ,
ਨਾ ਰਹਿਣਾ ਕੁਝ ਮੇਰਾ, ਨਾ ਤੇਰਾ ਹੈ।
ਪੱਥਰ ਦੀ ਪੂਜਾ ਕਰਦੇ ਹੋ, ਠੀਕ ਨਹੀਂ,
ਹਰ ਬੰਦੇ ਦੇ ਅੰਦਰ ਸੋਨ-ਸਵੇਰਾ ਹੈ।
ਘਾਟੇ ਵਾਧੇ ਹੁੰਦੇ ਨੇ ਵਿਚ ਜੀਵਨ ਦੇ,
ਦੁੱਖਾਂ ਦਾ ਪੰਧ ਅਜੇ ਬਹੁਤ ਲਮੇਰਾ ਹੈ।
ਕੁੱਟੋ-ਮਾਰੋ ਚਾਹੇ ਪੂਰਾ ਛਾਂਗ ਦਵੋ,
ਮਾਤੜ੍ਹ ਦਾ ਤਾਂ ਰੁੱਖਾਂ ਵਾਲਾ ਜ਼ੇਰਾ ਹੈ।
ਕਾਬੂ ਕਿੰਝ ਕਰੇਗਾ ਜ਼ਹਿਰੀ ਸੱਪਾਂ ਨੂੰ,
ਚੁੱਕੀ ਫਿਰਦਾ ਨਕਲੀ ਬੀਨ ਸਪੇਰਾ ਹੈ।
ਦੁਨੀਆਂ ਨੂੰ ਹੈ ਖ਼ੂਬ ਡਰਾਇਆ ਨ੍ਹੇਰੇ ਨੇ,
'ਲੋਟੇ' ਅੰਦਰ ਅਪਣਾ ਨੂਰ ਬਥੇਰਾ ਹੈ।