ਭਵਿੱਖ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਪਾਪਾ, ਮੈਂ ਪੜ੍ਹਨ ਕਿਉਂ ਜਾਦੀਂ ਹਾਂ"। ਪੰਜਵੀਂ ਜਮਾਤ ਵਿੱਚ ਪੜ੍ਹਦੀ ਸਿਮਰਨ ਨੇ ਪੁੱਛਿਆ।
"ਬੇਟਾ,ਪੜ੍ਹਨ ਲਿਖਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ। ਇਨਸਾਨ ਨੂੰ ਆਪਣੇ ਚੰਗੇ ਮਾੜੇ ਦਾ ਪਤਾ ਲਗਦਾ ਹੈ,ਪੜ੍ਹ ਲਿਖ ਕੀ ਲੋਕੀਂ ਅਫ਼ਸਰ ਬਣਦੇ ਹਨ। ਇਸ ਨਾਲ ਭਵਿੱਖ ਸਿਮਰ ਜਾਂਦਾ ਹੈ"।ਗੁਰਤੇਜ ਨੇ ਆਪਣੀ ਲਾਡਲੀ ਧੀ ਨੂੰ ਪਿਆਰ ਨਾਲ ਸਮਝਾਇਆ।
" ਪਾਪਾ ਰਾਤ ਤਾਂ ਤੁਸੀਂ, ਮੰਮੀ ਨੂੰ ਕਹਿ ਰਹੇ ਸੀ ਕਿ ਅੱਜ ਕੱਲ੍ਹ ਦੇ ਪੜ੍ਹਿਆ-ਲਿਖਿਆ ਦਾ ਭਵਿੱਖ ਧੁੰਦਲਾ ਹੈ।ਨੋਕਰੀ ਲੈਣ ਲਈ ਧਰਨੇ ਲਾਉਣੇ ਪੈਂਦੇ ਹਨ।ਟੈਕੀਆਂ ਤੇ ਚੜ੍ਹ ਕੇ ਆਤਮ ਹੱਤਿਆ ਕਰਨੀ ਪੈਂਦੀ ਹੈ।ਪੁਲਿਸ ਦੀ ਕੁੱਟ ਖਾਣੀ ਪੈਂਦੀ ਹੈ"।ਸਿਮਰਨ ਦੇ ਇੱਕੋ ਸਾਹ ਕਈ ਸਵਾਲਾਂ ਨੇ ਗੁਰਤੇਜ ਦੇ ਸਾਹ ਹੀ ਸੂਤ ਲਏ।
ਆਪਣੇ ਆਪ ਨੂੰ ਸੰਭਾਲਦੇ ਹੋਏ ਗਰੁਤੇਜ ਨੇ ਕਿਹਾ, " ਨਹੀਂ ਬੇਟਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਉ।
" ਪਾਪਾ ਜਦੋਂ ਅੱਜ ਇਹ ਹਲਾਤ ਨੇ ਜੇ ਅੱਗੋਂ ਇਸ ਤੋਂ ਵੀ ਬਦਤਰ ਬਣ ਗਏ , ਫੇਰ ਕਿਵੇਂ ਬਣੂ ਸਾਡਾ ਭਵਿੱਖ"। ਸਿਮਰਨ ਦੇ ਇਸ ਸਵਾਲ ਨੇ ਗੁਰਤੇਜ ਨੂੰ ਦੂਰ ਧੁੰਦ ਵਿੱਚ ਅਲੋਪ ਹੋ ਰਹੀ ਕਿਸੇ ਗੱਡੀ ਦੇ ਹਾਰਨ ਦੀ ਉੱਚੀ ਅਵਾਜ਼ ਨੇ ਝਜੋੜ ਕੇ ਰੱਖ ਦਿੱਤਾ।