ਪਟਿਆਲਾ ਵਿਰਾਸਤ ਦੇ ਰੰਗ ਪੁਸਤਕ ਰਿਲੀਜ਼
(ਖ਼ਬਰਸਾਰ)
ਪਟਿਆਲਾ -- ਪਟਿਆਲਾ ਵਿਰਾਸਤ ਦੇ ਰੰਗ ਪੁਸਤਕ ਮਹਾਰਾਣੀ ਪ੍ਰਨੀਤ ਕੌਰ ਵਿਧਾਇਕ ਪਟਿਆਲਾ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਨੂੰ,ਪੁਸਤਕ ਦੇ ਲੇਖਕ ਉਜਾਗਰ ਸਿੰਘ ਅਤੇ ਤੇਜ ਪ੍ਰਕਾਸ਼ ਸਿੰਘ ਸਾਬਕਾ ਟਰਾਂਸਪੋਰਟ ਮੰਤਰੀ ਨੇ ਮੋਤੀ ਬਾਗ ਪੈਲਸ ਵਿਖੇ ਭੇਂਟ ਕੀਤੀ। ਪ੍ਰਨੀਤ ਕੌਰ ਨੇ ਉਜਾਗਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਪਟਿਆਲਾ ਦੀ ਅਮੀਰ ਵਿਰਾਸਤ ਨੂੰ ਸਾਂਭ ਕੇ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ। ਉਨ੍ਹਾਂ ਅੱਗੋਂ ਕਿਹਾ ਕਿ ਪਟਿਆਲਾ ਦੀਆਂ ਵੱਖ ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਬਾਰੇ ਜਾਣਕਾਰੀ ਦੇਣ ਵਾਲੀ ਇਹ ਪੁਸਤਕ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨੂੰ ਯਾਦ ਰੱਖਣ ਲਈ ਸਹਾਈ ਹੋਵੇਗੀ । ਉਨ੍ਹਾਂ ਕਿਹਾ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਹਨ,ਜਿਹੜੀਆਂ ਆਪਣੀ ਵਿਰਾਸਤ ਤੇ ਪਹਿਰਾ ਦਿੰਦੀਆਂ ਹਨ। ਇਸ ਮੌਕੇ ਤੇ ਤੇਜ ਪ੍ਰਕਾਸ਼ ਸਿੰਘ ਸਾਬਕਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪਟਿਆਲਾ ਦਾ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਵਿਚ ਵਿਸ਼ੇਸ਼ ਯੋਗਦਾਨ ਹੈ। ਉਹਨਾਂ ਕਿਹਾ ਕਿ ਇਹ ਪੁਸਤਕ ਪਟਿਆਲਾ ਰਿਆਸਤ ਦੇ ਸਾਹਿਤਕ,ਸਭਿਆਚਾਰਕ,ਸਪੋਰਟਸ,ਵਿਦਿਅਕ,ਡਾਕਟਰੀ,ਸਮਾਜ ਸੇਵਾ, ਕਲਾ,ਜਾਂਬਾਜ਼ ਫ਼ੌਜੀਆਂ ਅਤੇ ਇਤਿਹਾਸਕ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੀਆਂ ਨਾਮਵਰ ਸ਼ਖ਼ਸ਼ੀਅਤਾਂ ਵਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੰਦੀ ਹੈ। ਇਤਿਹਾਸ ਦੇ ਖੋਜੀਆਂ ਲਈ ਇਹ ਇਕ ਦਸਤਾਵੇਜੀ ਅਤੇ ਰੈਫਰੈਂਸ ਬੁਕ ਦੇ ਤੌਰ ਤੇ ਸਹਾਈ ਹੋਵੇਗੀ ਕਿਉਂਕਿ ਪਟਿਆਲਾ ਪੈਪਸੂ ਦੀ ਸਭਿਆਚਾਰਕ ਰਾਜਧਾਨੀ ਤੇ ਤੌਰ ਤੇ ਜਾਣੀ ਜਾਂਦੀ ਹੈ।
ਉਜਾਗਰ ਸਿੰਘ ਅਤੇ ਤੇਜ ਪ੍ਰਕਾਸ਼ ਸਿੰਘ ਸਾਬਕਾ ਟਰਾਂਸਪੋਰਟ ਮੰਤਰੀ ਮੋਤੀ ਬਾਗ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਨੂੰ 'ਪਟਿਆਲਾ ਵਿਰਾਸਤ ਦੇ ਰੰਗ' ਪੁਸਤਕ ਭੇਂਟ ਕਰਦੇ ਹੋਏ।